ਆਪ ਆਗੂ ਨਵੇਂ ਪਾਰਟੀ ਆਹੁਦਿਆ ਦੇ ਚਾਅ ਚ ਭੁੱਲੇ ਕਰੋਨਾ ਦਾ ਕਹਿਰ 

ਅਬਜ਼ਰਵਰ ਬਲਜਿੰਦਰ ਕੌਰ ਨੇ ਪਿੰਡ ਸਹਿਜੜਾ ਚ  ਰੱਖੀ ਭਰਵੀਂ ਮੀਟਿੰਗ 

ਮਹਿਲ ਕਲਾਂ /ਬਰਨਾਲਾ, ਜੂਨ 2020- (ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਕਾਰਨ ਦੇਸ਼ ਭਰ ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਕਰਕੇ ਸਮੇਂ ਦੀਆਂ ਸਰਕਾਰਾਂ ਵੱਲੋ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਸਖਤ ਹਦਾਇਤਾਂ  ਜਾਰੀ ਕਰਨ ਦੇ ਨਾਲ ਨਾਲ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਹੁਕਮ ਜਾਰੀ ਹੋ ਰਹੇ ਹਨ। ਲੋਕਾਂ ਨੂੰ ਵਿਆਹ ਸਮੇਂ 50 ਅਤੇ ਮੌਤ ਹੋ ਜਾਣ ਤੇ 20 ਬੰਦਿਆਂ ਤੇ ਔਰਤਾਂ ਤੋਂ ਵੱਧ ਇਕੱਠ ਨਾ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਸਕੂਲ ਬੰਦ ਹਨ ਅਤੇ ਹੋਰ ਵਪਾਰਿਕ ਅਦਾਰਿਆਂ ਨੂੰ ਸਖਤੀ ਨਾਲ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਆਮ ਲੋਕਾਂ ਨੂੰ ਬਿਨਾਂ ਮਾਸਕ ਬਾਹਰ ਨਿਕਲਣ ਤੇ ਚਲਾਨ ਕੱਟੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋ ਜਿੱਥੇ ਧਰਮ ਅਸਥਾਨ ਵੀ ਵਿਸੇਸ਼ ਹਦਾਇਤਾਂ ਤਹਿਤ ਖੋਲਣ ਦੀ ਆਗਿਆ ਦਿੱਤੀ ਗਈ ਹੈ , ਉਥੇ ਚੋਣ ਸਰਗਰਮੀਆਂ ਲਈ ਹੋਣ ਵਾਲੀਆਂ ਮੀਟਿੰਗਾਂ ਤੇ ਪੂਰਨ ਪਾਬੰਦੀ ਲਾਈ ਗਈ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੀ ਸੇਵਾ ਨਿਭਾ ਰਹੀ ਆਮ ਆਦਮੀ ਪਾਰਟੀ ਦੇ ਆਗੂ ਨਵੇ ਮਿਲੇ ਪਾਰਟੀ ਆਹੁਦਿਆ ਦੇ ਚਾਅ ਵਿੱਚ ਸਭ ਕੁਝ ਭੁੱਲ ਭੁਲਾ ਗਏ। 

ਜਿਸ ਮਿਸਾਲ ਵਿਧਾਨ ਸਭਾ ਹਲਕਾ ਮਹਿਲ ਕਲਾਂ ਲਈ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਬਲਜਿੰਦਰ ਕੌਰ ਜੋ ਕਿ ਅਬਜ਼ਰਵਰ ਲਗਾਏ ਗਏ ਹਨ  ਵੱਲੋ ਹਲਕੇ ਦੇ ਪਿੰਡ ਸਹਿਜੜਾ ਵਿਖੇ ਆਗੂਆਂ ਤੇ ਵਰਕਰਾਂ ਦੀ ਭਰਵੀਂ ਇਕੱਤਰਤਾ ਕਰਕੇ ਜਿੱਥੇ ਆਮ ਆਦਮੀ ਪਾਰਟੀ ਵੱਲੋ ਚੋਣ ਪ੍ਰਚਾਰ ਆਰੰਭ ਕਰ ਦਿੱਤੇ ਜਾਣ ਦਾ ਸੰਕੇਤ ਦਿੱਤਾ ਉਥੇ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਬੈਠੇ ਆਗੂਆਂ ਤੇ ਵਰਕਰਾਂ ਨੂੰ ਲੈ ਕੇ ਘੁਸਰ ਮੁਸਰ ਹੁੰਦੀ ਰਹੀ। ਆਮ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਘਰਾਂ ਵਿੱਚ ਲੁਕ ਕੇ ਬੈਠੇ ਰਹਿਣ ਵਾਲੇ ਸਿਆਸੀ ਆਗੂ ਫਿਰ ਤੋਂ ਸਿਆਸੀ ਰੋਟੀਆਂ ਛੇਕਣ ਵਿੱਚ ਮਸਰੂਫ ਹੋ ਗਏ ਹਨ। ਅੱਜ ਜਦੋਂ ਫਿਰ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਉਸ ਸਮੇਂ ਆਮ ਆਦਮੀ ਪਾਰਟੀ ਵੱਲੋ ਕੀਤੀ ਭਰਵੀਂ ਮੀਟਿੰਗ ਕਈ ਤਰ੍ਹਾਂ ਦੇ ਸਵਾਲ ਛੱਡ ਗਈ।