ਮੰਡੀਕਰਨ ਸੋਧ ਬਿੱਲ ਕਿਸਾਨਾਂ ਲਈ ਘਾਤਕ ਸਿੱਧ ਹੋਵੇਗਾ ,ਜਿਸ ਦਾ ਬੀਕੇਯੂ ਰਾਜੇਵਾਲ ਡਟ ਕੇ ਕਰੇਗੀ ਵਿਰੋਧ -ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ 

ਫੈਸਲਾ :- ਜੁਲਾਈ ਮਹੀਨੇ ਵਿੱਚ ਭਾਕਿਯੂ (ਰਾਜੇਵਾਲ) ਅਤੇ ਆੜ੍ਹਤੀਆ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-

ਦੇਸ਼ ਦੀ ਸੱਤਾ ਤੇ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀਕਰਨ ਸੋਧ ਬਿੱਲ ਕਿਸਾਨਾਂ ਲਈ ਘਾਤਕ ਸਿੱਧ ਹੋਵੇਗਾ , ਕਿਉਂਕਿ ਇਸ ਨਾਲ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਫ਼ਸਲਾਂ ਦਾ ਮੁੱਲ ਆਪਣੇ ਮੁਤਾਬਕ ਤੈਅ ਕਰਨਗੇ । ਜਿਸ ਨਾਲ ਕਿਸਾਨ - ਮਜ਼ਦੂਰ ਬਿਲਕੁਲ ਖਤਮ ਹੋ ਜਾਵੇਗਾ । ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ  ਛੀਨੀਵਾਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੇ ਕੀਤੇ ।ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦੇ ਲਾਗੂ ਹੋਣ ਨਾਲ ਜਿੱਥੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ,ਉੱਥੇ ਪਹਿਲਾਂ ਹੀ ਕਰਜ਼ੇ ਦੇ ਮੱਕੜ ਜਾਲ ਚ ਫਸੀ ਕਿਸਾਨੀ ਨੂੰ ਤਬਾਹ ਕਰਨ  ਵਾਲੇ ਤਾਬੂਤ ਵਿੱੱਚ ਆਖਰੀ ਕਿੱਲ  ਹੋਵੇਗਾ । ਜਿਸ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)  ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦੇਵੇਗਾ, ਇਸੇ ਤਹਿਤ ਅੱਜ ਸਮਰਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਈ ਪੰਜਾਬ ਪੱਧਰੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜੁਲਾਈ ਮਹੀਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਆੜ੍ਹਤੀਆ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ।ਜਿਸ ਦੀਆਂ ਤਿਆਰੀਆਂ ਆਉਂਦੇ ਕੁਝ ਦਿਨਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ । ਜ਼ਿਲ੍ਹਾ ਪ੍ਰਧਾਨ ਛੀਨੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਨੂੰ ਲਾੱੱਕ ਡਾਊਨ  ਦੌਰਾਨ ਹਾੜ੍ਹੀ ਦੀ ਫਸਲ ਦੌਰਾਨ ਜੋ ਨੁਕਸਾਨ ਹੋਇਆ ਹੈ,  ਉਸ ਦਾ ਵਿਸ਼ੇਸ਼ ਪੈਕੇਜ ਬਣਾ ਕੇ ਕਿਸਾਨਾਂ ਨੂੰ ਤੁਰੰਤ ਜਾਰੀ ਕਰੇ । ਉਨ੍ਹਾਂ ਮੰਗ ਕੀਤੀ ਕਿ ਝੋਨੇ ਦਾ ਰੇਟ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ 3200 ਸੋ ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ ਤਾਂ ਜੋ ਕਰਜ਼ੇ ਚ ਡੁੱਬੀ ਕਿਸਾਨੀ ਨੂੰ ਕੁਝ ਰਾਹਤ ਮਿਲ ਸਕੇ ।ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ8 ਘੰਟੇ ਬਿਜਲੀ ਦੇਣ ਵਾਲੇ ਬਿਆਨ(ਹੁਕਮ)  ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਝੂਠੇ ਲਾਰੇ ਲਾ ਕੇ ਸੱਤਾ ਚ ਆਈ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਨਾਲ ਧੋਖਾ ਕੀਤਾ ਹੈ।  ਉਨ੍ਹਾਂ ਮੰਗ ਕੀਤੀ ਕਿ ਸੀਜ਼ਨ ਦੌਰਾਨ 12 ਘੰਟੇ ਬਿਜਲੀ, ਸੀਜਨ ਦੌਰਾਨ ਜੇੇੇਕਰ ਕਿਸੇ ਕਿਸਾਨ ਦਾ ਟਰਾਂਸਫਾਰਮ ਸੜ ਜਾਂਦਾ ਹੈ ਤਾਂ ਉਸ ਨੂੰ 12 ਘੰਟਿਆਂ ਦੇ ਅੰਦਰ -ਅੰਦਰ ਕਿਸਾਨ ਦੇ ਖੇਤ ਵਿੱਚ ਦੁਬਾਰਾ ਲਗਵਾਇਆ ਜਾਵੇ । ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ,ਦਰਬਾਰ ਸਿੰਘ ਗਹਿਲ, ਜਗਦੇਵ ਸਿੰਘ ਟੱਲੇਵਾਲ, ਹਾਕਮ ਸਿੰਘ ,ਕਰਤਾਰ ਸਿੰਘ ਛੀਨੀਵਾਲ ਕਲਾਂ ,ਗੁਰਮੇਲ ਸਿੰਘ ਅਤੇ ਜਸਮੇਲ ਸਿੰਘ ਚੰਨਣਵਾਲ ਹਾਜ਼ਰ ਸਨ ।