ਦਿਹਾਤੀ ਮਜ਼ਦੂਰ ਸਭਾ ਨੇ ਮਜ਼ਦੂਰ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਤੇ ਤੰਗ ਪ੍ਰੇਸ਼ਾਨ ਕਰਨ ਤੇ ਧਰਨਾ ਦਿੱਤਾ       

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਰਮਾਏਦਾਰ ਅਤੇ ਧਨਾਡ ਲੋਕਾਂ ਦੇ ਕਰਜ਼ੇ ਤਾਂ ਮੁਆਫ ਕੀਤੇ ਜਾ ਰਹੇ ਨੇ ਪਰ ਮਜ਼ਦੂਰਾਂ ਦੀ ਕਿਉਂ ਨਹੀਂ -ਮਾਹੀਪਾਲ ਬਠਿੰਡਾ              

ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੂੰ ਸੌਪਿਆ ਮੰਗ ਪੱਤਰ                                                        

ਮਹਿਲ ਕਲਾਂ / ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਮਜ਼ਦੂਰ ਸਭਾ ਜ਼ਿਲ੍ਹਾ ਬਰਨਾਲਾ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ ਤੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਪ੍ਰਾਈਵੇਟ ਕੰਪਨੀਆਂ  ਵੱਲੋਂ ਪਿੰਡਾਂ ਅੰਦਰ ਔਰਤਾਂ ਨੂੰ ਕਰਜ਼ੇ ਦੇ ਰੂਪ ਵਿੱਚ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਨੂੰ ਲੌਕ  ਡਾਊਨ ਦੌਰਾਨ ਭਰਨ ਲਈ ਮਜਬੂਰ ਕਰਨਾ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਤੋਂ ਸੈਂਕੜੇ ਔਰਤਾਂ ਵੱਲੋਂ ਕਸਬਾ ਮਹਿਲ ਕਲਾਂ ਦੇ ਮੁੱਖ ਬਾਜ਼ਾਰਾਂ ਵਿੱਚ ਇੱਕ ਜਬਰਦਸਤ ਰੋਸ ਮੁਜ਼ਾਹਰਾ ਕਰਨ ਉਪਰੰਤ ਸਬ ਤਹਿਸੀਲ ਮਹਿਲ ਕਲਾਂ ਦਫ਼ਤਰ ਅੱਗੇ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ ਧਰਨਾ ਦੇ ਕੇ ਔਰਤਾਂ ਨੂੰ ਦਿੱਤੇ ਕਰਜ਼ੇ ਮੁਆਫ਼ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਆਗੂ ਮਹੀਪਾਲ ਬਠਿੰਡਾ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕਾਮਰੇਡ ਭਾਨ ਸਿੰਘ ਸੰਘੇੜਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਕੇਂਦਰ ਮੋਦੀ ਸਰਕਾਰ ਵੱਲੋ ਕਿਰਤ ਕਾਨੂੰਨਾਂ ਨੂੰ ਤੋੜ ਕੇ ਕਿਰਤੀ ਲੋਕਾਂ ਦੇ ਹੱਕ ਖੋਹ ਕੇ ਸਰਮਾਏਦਾਰ ਲੋਕਾਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73  ਸਾਲ ਬੀਤ ਜਾਣ ਦੇ ਬਾਵਜੂਦ ਮਜ਼ਦੂਰਾਂ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ । ਪਰ ਕੇਂਦਰ ਤੇ ਰਾਜ ਸਰਕਾਰਾਂ ਮਜ਼ਦੂਰਾਂ ਤੇ ਹੋਰ ਪਛੜੇ ਵਰਗਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸਰਮਾਏਦਾਰ ਧਨਾਢ ਲੋਕਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਸਹਿ ਤੇ ਪਿੰਡਾਂ ਅੰਦਰ ਨਿੱਜੀ ਫਰਮਾਂ ਵੱਲੋਂ ਔਰਤਾਂ  ਨੂੰ ਕਰਜਾਂ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਜ਼ਲੀਲ ਕੀਤੇ ਜਾਣ ਦੇ ਮਾਮਲੇ ਹਰ ਰੋਜ਼ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿੱਚ ਕੋਰਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ 24 ਮਾਰਚ ਤੋਂ ਲੋਕ ਡਾਊਨ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਉਨ੍ਹਾਂ ਕੋਲ ਕੋਈ ਪੈਸਾ ਵਗੈਰਾ ਨਾ ਹੋਣ ਕਾਰਨ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਡੇ ਹੋ ਚੁੱਕੇ ਹਨ ਅਤੇ ਰਾਸ਼ਨ ਵਗ਼ੈਰਾ ਵੀ ਉਨ੍ਹਾਂ ਕੋਲੋਂ ਖਤਮ ਹੋ ਚੁੱਕਿਆ ਹੈ । ਪਰ ਬਲਾਕ ਉਡਾਣ ਦੌਰਾਨ ਕੁਝ ਨਿੱਜੀ ਫਰਮਾ ਵੱਲੋਂ ਔਰਤਾਂ ਨੂੰ ਕਰਜ਼ੇ ਦੇ ਰੂਪ ਵਿੱਚ ਦਿੱਤੇ ਪੈਸਿਆ ਦੀਆਂ ਕਿਸਤਾ ਨੂੰ ਕਰਿੰਦਿਆਂ ਵੱਲੋਂ ਔਰਤਾਂ ਨੂੰ ਭਰਨ ਲਈ ਮਜਬੂਰ ਕਰਨ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੀਜ਼ਰਵ ਬੈਂਕ ( ਆਰ ਬੀ ਆਈ) ਦੀਆਂ ਹਿਦਾਇਤਾਂ ਅਨੁਸਾਰ 31 ਅਗਸਤ 2020 ਤੱਕ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਅਤੇ ਵਿਆਜ ਵਸੂਲਣ ਤੇ ਰੋਕ ਲਗਾਈ ਹੋਈ ਹੈ । ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਫਾਈਨਾਂਸ ਕੰਪਨੀਆਂ ਦੇ ਧੱਕੜਸ਼ਾਹ ਮੁਲਾਜ਼ਮ ਆਰ ਬੀ ਆਈ ਦੇ ਦਿਸ਼ਾ ਨਿਰਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਗਰੀਬਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਜਬਰੀ ਕਰਜ਼ ਵਸੂਲੀ ਕਰਦੇ ਹਨ ਅਤੇ ਜੋ ਪਰਿਵਾਰ ਪੈਸੇ ਮੋੜਨ ਤੋਂ ਅਸਮਰਥ ਹਨ।  ਉਨ੍ਹਾਂ ਦੀਆਂ ਔਰਤਾਂ ਨਾਲ ਦੁਰਵਿਵਹਾਰ ਕਰਦੇ ਅਤੇ ਧਮਕੀਆਂ ਦਿੰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਲਾੱਕ ਡਾਊਨ ਕਾਰਣ ਕਿਰਤੀ ਪਰਿਵਾਰ ਰੁਜ਼ਗਾਰ ਤੋਂ ਵਾਂਝੇ ਹੋਣ ਕਰਕੇ ਰੋਟੀ ਤੋਂ ਵੀ ਮੁਹਤਾਜ ਹਨ ਕਰਜ਼ ਮੁੜਨਾਂ ਤਾਂ ਕਿਤੇ ਦੂਰ ਦੀ ਗੱਲ ਰਹੀ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰਾਂ ਪਾਸੋਂ ਮੰਗ ਕੀਤੀ ਕਿ ਮਜ਼ਦੂਰਾਂ ਅਤੇ ਔਰਤਾਂ ਸਿਰ ਚੜ੍ਹੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ।  ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਮਹੀਵਾਲ ਬਠਿੰਡਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਭਾਨ ਸਿੰਘ ਸੰਘੇੜਾ ਅਤੇ  ਜਰਨਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਮਜ਼ਦੂਰਾਂ ਅਤੇ ਔਰਤਾਂ ਵੱਲੋਂ ਆਪਣੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸ਼ਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ  ਰਾਹੀਂ ਭਾਰਤ ਦੇ ਪ੍ਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਇੱਕ ਮੰਗ ਪੱਤਰ ਦਿੱਤੇ ਜਾਣ ਤੇ ਗੁੰਡਾ ਗਰਦੀ ਨੂੰ ਫੌਰੀ ਰੋਕੇ ਨੱਥ ਪਾਈ ਜਾਵੇ ਅਤੇ ਗਰੀਬ ਪਰਿਵਾਰਾਂ ਦਾ ਕਰਜ਼ਾ ਪੂਰੀ ਤਰ੍ਹਾਂ ਮਾਫ ਕੀਤਾ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਨੂੰ ਕੇਂਦਰ ਤੇ ਰਾਜ ਸਰਕਾਰਾਂ ਤੱਕ ਦੇ ਆਧਾਰ ਤੇ ਪੁੱਜਦਾ ਕਰਨਗੇ।  ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪ੍ਸ਼ਾਸ਼ਕੀ ਅਧਿਕਾਰੀਆਂ ਨੇ ਆਪਣਾ ਬਣਦਾ ਦਖਲ ਦੇ ਕੇ ਇਹ ਗੁੰਡਾਗਰਦੀ ਬੰਦ ਨਾ ਕਰਵਾਈ ਤਾਂ ਇਸ ਧੱਕੇਸ਼ਾਹੀ ਦਾ ਪਿੰਡ ਪੱਧਰ 'ਤੇ ਜੱਥੇਬੰਦਕ ਵਿਰੋਧ ਕੀਤਾ ਜਾਵੇ । ਇਸ ਮੌਕੇ ਮਾ ਯਸ਼ਪਾਲ ਸਰੀਂਹ ਮਹਿਲ ਕਲਾਂ, ਬਲਦੇਵ ਸਿੰਘ ਔਜਲਾ, ਬਲੌਰ ਸਿੰਘ, ਪਰਮਜੀਤ ਕੌਰ ਹਰਦੀਪ ਕੌਰ , ਕੁਲਵੰਤ ਕੌਰ ਸੱਦੋਵਾਲ ,ਜਸਮੇਲ ਕੌਰ ਸੱਦੋਵਾਲ, ਹਰਪ੍ਰੀਤ ਕੌਰ ਕੁਰੜ ਰਾਣੋ ਕੌਰ ਗੰਗੋਹਰ, ਮਨਜੀਤ, ਕੌਰ ਦਸੌਂਦਾ ਸਿੰਘ ਵਾਲਾ, ਕੁਲਦੀਪ ਕੌਰ ਦਸੌਂਦਾ ਸਿੰਘ ਵਾਲਾ, ਸਿੰਦਰ ਕੌਰ ਰਾਏਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।