ਮੈਂ ਕਮੀਆਂ ਦੀ ਜਾਈ ✍️ ਵੀਰਪਾਲ ਕੌਰ’ਕਮਲ’

ਕਵਿਤਾ 

ਮੈਂ ਕਮੀਆਂ ਦੀ ਜਾਈ

ਮੈਂ ਕੰਮੀਆਂ ਦੀ ਜਾਈ ਵੇ ਲੋਕਾ, ਮੈਂ ……. 

ਗਰਮੀ ੱਿਵੱਚ ਨਾ ਪੱਖਾ ਜੁੜਦਾ ਸਿਆਲੀਂ ਨਾ ਲੇਫ-ਤਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਖੇਤੀਂ ਜਾਵਾਂ ਕੱਖ-ਪੱਠੇ ਨੂੰ ਸਰਦਾਰ ਨੇ ਨਿਗਾ ਟਿਕਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ……

ਪਾਟੀ ਕੁੜਤੀ ਢਾਕਾਂ ਨੰਗੀਆਂ ਬਾਬੇ ਬੁੱਲੀਂ ਜੀਭ ਘੁੰਮਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਗੋਹਾ- ਕੂੜਾ ਕਰਦੀ ਸ਼ਾਹਣੀ ਦਾ ਮੈਂ ਜਾਤ-ਕਜਾਤ ਪਰਖਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਪੱਕੀ ਚਾਹ ਵਾਲੀ ਵਾਟੀ ਮੇਰੀ ਮੂਧੀ ਕੌਲੇ ਨਾਲ ਟਿਕਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਜੋਬਨ ਰੁਤੇ .. ਮੌਲਣ ਰੁੱਤੇ .. ਝਾਟੇ ਚਿੱਟਿਆਂ ਨੇ ਛੈਂਬਰ ਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਬਾਬਲ ਦੱਸ ਕਿੰਝ ਕਾਜ ਰਚਾਏ ਜਿੰਦ ਡਾਹਡਿਆਂ ਲੇਖੇ ਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਬਚਪਣ ਰੁਲਿਆ ਭੁੱਖਣ –ਭਾਣਾਂ ‘ਨਾਂ ਹੀ ਕਦੇ ਜਾਵਾਨੀ ਆਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਵੱਟੀਂ ਰੁਲ ਗਏ ਚਾਅ ਵਿਗੁੱਚੇ ਨਾ ਹੀ ਰੱਜ ਕੇ ਜੂਨ ਹੰਢਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਮਾਂ ਮੇਰੀ ਨੇ ਵਿੱਚ ਚਿੰਤਾਵਾਂ ਆਪਣੀ ਜਾਨ ਗਵਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਊਚ ਨੀਚ ਜੇ ਤਿਆਗ ਈ ਦੇਵਂੋ ਬਣ ਜਾਈਏ ਭਾਈ –ਭਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਵੀਰਪਾਲ ਕੌਰ’ਕਮਲ’ 8569001590