ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਵਾਲੀ ਟੀਮ 'ਚ ਭਾਰਤੀ ਵਿਗਿਆਨੀ ਸ਼ਾਮਲ

ਲੰਡਨ,ਜੂਨ 2020 -(ਗਿਆਨੀ ਰਾਵਿਦਾਰਪਾਲ ਸਿੰਘ/ਰਾਜੀਵ ਸਮਰਾ)-ਕੋਰੋਨਾ ਦਾ ਟੀਕਾ ਬਣਾਉਣ ਵਾਲੇ ਪ੍ਰਰਾਜੈਕਟ 'ਤੇ ਕੰਮ ਕਰ ਰਹੀ ਆਕਸਫੋਰਡ ਯੂਨੀਵਰਸਿਟੀ ਦੀ ਟੀਮ ਦਾ ਹਿੱਸਾ ਭਾਰਤੀ ਮੂਲ ਦੀ ਇਕ ਵਿਗਿਆਨਕ ਵੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਾਨਵੀ ਉਦੇਸ਼ ਦਾ ਹਿੱਸਾ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ ਜਿਸ ਦੇ ਨਤੀਜਿਆਂ ਨਾਲ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ।

ਕੋਲਕਾਤਾ ਵਿਚ ਜਨਮੀ ਚੰਦਰਬਾਲੀ ਦੱਤਾ ਯੂਨੀਵਰਸਿਟੀ ਦੇ ਜੇਨੈੇਰ ਇੰਸਟੀਚਿਊਟ ਵਿਚ ਕਲੀਨਿਕਲ ਬਾਇਓ ਮੈਨੂ੍ਫੈਕਚਰਿੰਗ ਫੈਸੀਲਿਟੀ ਵਿਚ ਕੰਮ ਕਰਦੀ ਹੈ। ਇੱਥੇ ਕੋਰੋਨਾ ਨਾਲ ਲੜਨ ਲਈ ਸੀਐੱਚਏਡੀਓਐਕਸ1 ਐੱਨਸੀਓਵੀ-19 ਨਾਂ ਦੇ ਟੀਕੇ ਦੇ ਮਾਨਵੀ ਪ੍ਰੀਖਣ ਦਾ ਦੂਜਾ ਅਤੇ ਤੀਜਾ ਪੜਾਅ ਚੱਲ ਰਿਹਾ ਹੈ। ਕੁਆਲਿਟੀ ਐਸ਼ੋਰੈਂਸ ਮੈਨੇਜਰ ਦੇ ਤੌਰ 'ਤੇ 34 ਸਾਲਾ ਦੱਤਾ ਦਾ ਕੰਮ ਇਹ ਨਿਸ਼ਚਿਤ ਕਰਨਾ ਹੈ ਕਿ ਟੀਕੇ ਦੇ ਸਾਰੇ ਪੱਧਰਾਂ ਦਾ ਪਾਲਣ ਕੀਤਾ ਜਾਵੇ। ਦੱਤਾ ਨੇ ਕਿਹਾ ਕਿ ਅਸੀਂ ਸਾਰੇ ਉਮੀਦ ਕਰ ਰਹੇ ਹਾਂ ਕਿ ਇਹ ਅਗਲੇ ਪੜਾਅ ਵਿਚ ਕਾਮਯਾਬ ਹੋਵੇਗਾ, ਪੂਰੀ ਦੁਨੀਆ ਇਸ ਟੀਕੇ ਤੋਂ ਉਮੀਦ ਲਗਾਏ ਹੋਏ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਹਿੱਸਾ ਬਣਨਾ ਇਕ ਤਰ੍ਹਾਂ ਨਾਲ ਮਾਨਵੀ ਉਦੇਸ਼ ਹੈ। ਅਸੀਂ ਗ਼ੈਰ-ਲਾਭਕਾਰੀ ਸੰਗਠਨ ਹਾਂ। ਟੀਕੇ ਨੂੰ ਸਫਲ ਬਣਾਉਣ ਲਈ ਹਰ ਦਿਨ ਕਈ ਘੰਟੇ ਵਾਧੂ ਕੰਮ ਕਰ ਰਹੇ ਹਾਂ ਤਾਂਕਿ ਇਨਸਾਨਾਂ ਦੀ ਜਾਨ ਬਚਾਈ ਜਾ ਸਕੇ। ਇਹ ਵੱਡੇ ਪੱਧਰ 'ਤੇ ਸਮੂਹਿਕ ਯਤਨ ਹੈ ਅਤੇ ਹਰ ਕੋਈ ਇਸ ਦੀ ਕਾਮਯਾਬੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਪ੍ਰਾਜੈਕਟ ਦਾ ਹਿੱਸਾ ਹੋਣਾ ਸਨਮਾਨ ਦੀ ਗੱਲ ਹੈ।

ਦੱਤਾ ਜੀਵ ਵਿਗਿਆਨ ਦੇ ਖੇਤਰ ਵਿਚ ਮਰਦਾਂ ਦੇ ਪ੍ਰਭੂਤਵ ਨੂੰ ਚੁਣੌਤੀ ਦੇਣ ਲਈ ਭਾਰਤ ਵਿਚ ਨੌਜਵਾਨ ਲੜਕੀਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਬਚਪਨ ਦਾ ਦੋਸਤ ਨਾਟਿੰਘਮ ਵਿਚ ਪੜ੍ਹਾਈ ਕਰ ਰਿਹਾ ਸੀ ਜਿਸ ਨੇ ਮੈਨੂੰ ਪ੍ਰੇਰਿਤ ਕੀਤਾ। ਕਿਉਂਕਿ ਬਿ੍ਟੇਨ ਨੂੰ ਸਮਾਨ ਅਧਿਕਾਰਾਂ, ਮਹਿਲਾ ਅਧਿਕਾਰਾਂ ਲਈ ਜਾਣਿਆ ਜਾਂਦਾ ਹੈ, ਇਸ ਲਈ ਮੈਂ ਲੀਡਸ ਯੂਨੀਵਰਸਿਟੀ ਤੋਂ ਜੈਵ ਤਕਨਾਲੋਜੀ ਵਿਚ ਮਾਸਟਰਜ਼ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਸਲੀ ਸੰਘਰਸ਼ ਭਾਰਤ ਛੱਡ ਕੇ ਇੱਥੇ ਆਉਣਾ ਰਿਹਾ। ਮੇਰੀ ਮਾਂ ਇਸ ਤੋਂ ਖ਼ੁਸ਼ ਨਹੀਂ ਸੀ ਪ੍ਰੰਤੂ ਮੇਰੇ ਪਿਤਾ ਨੇ ਪੂਰਾ ਸਾਥ ਦਿੱਤਾ।ਅੱਜ ਜੋ ਮੈਂ ਕਰ ਰਹੀ ਹਾਂ ਉਹ ਸਭ ਦੇ ਸਾਮ੍ਹਣੇ ਹੈ।