ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਦਰਵਾਜ਼ੇ 'ਤੇੇ ਲਗਾਈਆਂ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ

ਲੰਡਨ, ਮਈ 2020- ( ਗਿਆਨੀ ਰਾਵਿਦਾਰਪਾਲ ਸਿੰਘ)- ਜੂਨ 1984 ਦੇ ਘੱਲੂਘਾਰੇ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਦੁਆਰ 'ਤੇ ਦੋ ਵੱਡ ਅਕਾਰੀ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ 'ਚੋਂ ਇਕ ਸ਼ਹੀਦਾਂ ਦੇ ਸਿਰਤਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਦੂਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ | ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਸ ਬਾਰੇ ਆਪਣਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਰੱਖਣ ਲਈ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ ਪਰ ਇਸ ਦੇ ਨਾਲ ਹੀ ਕੁਝ ਸੰਗਤਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਸੰਤਾਂ ਨੇ ਕਦੇ ਗੁਰੂ ਸਾਹਿਬ ਦੀ ਬਰਾਬਰਤਾ ਨਹੀਂ ਕੀਤੀ ਤੇ ਸੰਤਾਂ ਦੀ ਤਸਵੀਰ ਨੂੰ ਗੁਰੂ ਸਾਹਿਬ ਦੇ ਬਰਾਬਰ ਲਗਾਉਣਾ ਠੀਕ ਨਹੀਂ ਹੈ | ਗੁਰਪ੍ਰੀਤ ਸਿੰਘ (ਕੇਸਰੀ ਲਹਿਰ) ਨੇ ਇਹ ਵੀ ਸਵਾਲ ਉਠਾਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂਅ ਨਾਲ ਸ਼ਹੀਦ ਸ਼ਬਦ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ, ਅਜਿਹਾ ਕਰਨਾ ਦੁਖਦਾਇਕ ਹੈ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਇਸ ਤਰ੍ਹਾਂ ਰੋਲਣਾ ਨਹੀਂ ਸੀ ਚਾਹੀਦਾ, ਜਦਕਿ ਕੁਝ ਪੰਜਾਬੀ ਹਿਤੈਸ਼ੀਆਂ ਨੇ ਕਮੇਟੀ ਵਲੋਂ ਇਸ ਮੌਕੇ ਗੁਰਮੁੱਖੀ ਲਿੱਪੀ ਦੀ ਵਰਤੋਂ ਨਾ ਕਰਨ ਨੂੰ ਵੀ ਪੰਜਾਬੀ ਬੋਲੀ ਨਾਲ ਧੋਖਾ ਕਿਹਾ ਹੈ |