ਮਹਿਲ ਕਲਾਂ ਮਈ 2020 (ਗੁਰਸੇਵਕ ਸਿੰਘ ਸੋਹੀ)- ਬਲਾਕ ਮਹਿਲ ਕਲਾ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ਵਿਖੇ ਪ੍ਰਸ਼ਾਸਨ ਤੇ ਪੰਚਾਇਤ ਵੱਲੋਂ 49.8 ਏਕੜ ਜ਼ਮੀਨ ਦੀ ਰੱਖੀ ਗਈ ਬੋਲੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਮੁਸ਼ਤਰਕਾ ਮਾਲਕਾਂ ਕਿਸਾਨ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਗਹਿਲ ਰੋਡ ਛੀਨੀਵਾਲ ਵਿਖੇ ਧਰਨਾ ਲਗਾ ਕੇ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕੀਤੇ ਜਾ ਰਹੇ ਕਬਜ਼ੇ ਨਹੀਂ ਹੋਣ ਦਿਆਂਗੇ। ਇਸ ਮੌਕੇ ਕਿਸਾਨ ਜਥੇਬੰਦੀ ਤੇ ਮੁਸ਼ਤਰਕਾ ਮਾਲਕਾਂ ਦੇ ਵਿਰੋਧ ਨੂੰ ਦੇਖਦਿਆਂ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਆਪਣੇ ਕਰਮਚਾਰੀਆਂ ਸਮੇਤ ਜ਼ਮੀਨ ਦੀ ਬੋਲੀ ਕਰਵਾਉਣ ਲਈ ਐਸ.ਸੀ ਧਰਮਸ਼ਾਲਾ ਪਿੰਡ ਛੀਨੀਵਾਲ ਵਿਖੇ ਪੁੱਜਣ ਤੇ ਬੀਡੀਪੀਓ ਦੇ ਬੋਲੀ ਵਾਲੀ ਜਗਾ ਤੋ ਮੁੜ ਕੇ ਵਾਪਸ ਚੱਲੇ ਜਾਣ ਅਤੇ ਮੈਜਿਸਟ੍ਰੇਟ ਵਜੋਂ ਬੋਲੀ ਕਰਵਾਉਣ ਲਈ ਤਹਿਸੀਲਦਾਰ ਹਰਬੰਸ ਸਿੰਘ ਦੇ ਨਾ ਪੁੱਜਣ ਕਾਰਨ ਬੋਲੀ ਅਗਲੇ ਹੁਕਮਾਂ ਤੱਕ ਟਾਲ ਦਿੱਤੀ ਗਈ ਹੈ । ਇਸ ਮੌਕੇ ਮੁਸ਼ਤਰਕਾ ਮਾਲਕਾਂ ਨੇ ਕਿਹਾ ਕਿ ਇਸ ਜ਼ਮੀਨ ਤੇ ਸਾਡਾ ਹੀ ਹੱਕ ਬਣਦਾ ਹੈ ,ਕਿਉਂਕਿ ਲੰਬੇ ਸਮੇਂ ਤੋਂ ਇਸ ਜ਼ਮੀਨ ਤੇ ਸਾਡਾ ਕਬਜ਼ਾ ਹੈ ।ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਧੱਕੇ ਨਾਲ ਸਾਡੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਜਸਮੇਲ ਸਿੰਘ ਚੰਨਣ ਵਾਲ, ਸੁੱਖਚੈਨ ਸਿੰਘ ਗਹਿਲ ਨੇ ਮੁਸ਼ਤਰਕਾ ਮਾਲਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਿਸੇ ਵੀ ਹਾਲਤ ਵਿੱਚ ਧੱਕੇਸ਼ਾਹੀਆਂ ਤੇ ਕਬਜ਼ੇ ਨਹੀਂ ਹੋਣ ਦਿੱਤੇ ਜਾਣਗੇ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪੰਚ ਨਿਰਭੈ ਸਿੰਘ ਢੀਂਡਸਾ ਨੇ ਕਿਹਾ ਕਿ ਮਾਣਯੋਗ ਕੋਰਟਾਂ ਵੱਲੋਂ ਪਹਿਲਾਂ ਹੀ ਫੈਸਲੇ ਮੁਸ਼ਤਰਕਾ ਮਾਲਕਾਂ ਦੇ ਹੱਕ ਵਿੱਚ ਕੀਤੇ ਜਾ ਚੁੱਕੇ ਹਨ । ਇਸ ਜ਼ਮੀਨ ਤੇ ਸਿਰਫ ਮੁਸ਼ਤਰਕਾ ਮਾਲਕਾਂ ਦਾ ਹੱਕ ਬਣਦਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ। ਉਨ੍ਹਾਂ ਵੱਲੋਂ ਤੁਰੰਤ ਇਸ ਮਸਲੇ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਉਧਰ ਦੂਜੀ ਧਿਰ ਦੇ ਬੋਲੀ ਵਾਲੀ ਥਾਂ ਉੱਪਰ ਮਜ਼ਦੂਰ ਆਗੂ ਰਾਜ ਸਿੰਘ ,ਮੱਘਰ ਸਿੰਘ ,ਦਰਸ਼ਨ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ, ਬੂਟਾ ਸਿੰਘ, ਸੁਖਵਿੰਦਰ ਸਿੰਘ ,ਜਗਤਾਰ ਸਿੰਘ ,ਪਰਮਜੀਤ ਸਿੰਘ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕੇ ਇਸ ਜ਼ਮੀਨ ਤੇ 33 ਫੀਸਦੀ ਹਿੱਸਾ ਐਸ ਸੀ ਵਰਗ ਦਾ ਬਣਦਾ ਹੈ, ਪਰ ਸਰਕਾਰ ਦੇ ਸਿਆਸੀ ਦਬਾਅ ਹੇਠ ਹੋਣ ਕਾਰਨ ਜ਼ਮੀਨ ਦੀ ਬੋਲੀ ਕਰਨ ਨਹੀਂ ਦਿੱਤੀ ਜਾ ਰਹੀ । ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਜ਼ਮੀਨ ਦੀ ਬੋਲੀ ਕਰਵਾ ਕੇ ਐਸ ਸੀ ਵਰਗ ਨੂੰ ਹੱਕ ਦਿੱਤੇ ਜਾਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ,ਸਰਪੰਚ ਸਿਮਰਜੀਤ ਕੌਰ ਛੀਨੀਵਾਲ ਕਲਾਂ ਪੰਚ ਬਲਵੰਤ ਸਿੰਘ ਢਿੱਲੋਂ, ਨੰਬਰਦਾਰ ਅਵਤਾਰ ਸਿੰਘ ਤੋਂ ਇਲਾਵਾ ਪੰਚਾਇਤ ਸਕੱਤਰ ਸੁਖਦੀਪ ਸਿੰਘ ਦੀਵਾਨਾ ,ਗੁਰਦੀਪ ਸਿੰਘ, ਰਾਜਪਾਲ ਸਿੰਘ, ਏਪੀਓ ਗਗਨਜੀਤ ਸਿੰਘ ਅਤੇ ਜੇ ਈ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਅਤੇ ਮੋਹਤਵਾਰ ਵਿਅਕਤੀ ਵੀ ਹਾਜ਼ਰ ਸਨ । ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਸੰਪਰਕ ਕਰਨ ਤੇ ਕਿਹਾ ਕਿ ਪ੍ਰਬੰਧਕੀ ਕਾਰਨਾਂ ਕਰਕੇ ਜ਼ਮੀਨ ਦੀ ਬੋਲੀ ਅਗਲੇ ਹੁਕਮਾਂ ਤੱਕ ਰੱਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਗਲੇ ਨਵੇਂ ਹੁਕਮ ਜਾਰੀ ਹੋਣ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੁਲਸ ਵਲੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ਨੂੰ ਲੈ ਕੇ ਸਖਤ ਸੁੱਰਖਿਆ ਪ੍ਰਬੰਧ ਕੀਤੇ ਹੋਏ ਸਨ।