ਕਰੋਨਾ ਮਹਾਂਮਾਰੀ - ਮਨੁੱਖੀ ਨਸਲ ਵਾਸਤੇ ਇਕ ਵੱਡੀ ਨਸੀਹਤ! ✍️ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

ਕਰੋਨਾ ਮਹਾਂਮਾਰੀ - ਮਨੁੱਖੀ ਨਸਲ ਵਾਸਤੇ ਇਕ ਵੱਡੀ ਨਸੀਹਤ!

ਚੀਨ ਦੇ ਇਕ ਕਸਬੇ ਵੂਹਾਨ ਤੋਂ ਨਵੰਬਰ 2019 ਚ ਚਲੀ ਕਰੋਨਾ ਕੋਵਿਡ19 ਨਾਮ ਦੀ ਬੀਮਾਰੀ ਦੇਖਦੇ ਹੀ ਦੇਖਦੇ ਕੁਝ ਕੁ ਦਿਨਾਂ ਵਿੱਚ ਪੂਰੇ ਸੰਸਾਰ ਵਿੱਚ ਫੈਲ ਗਈ  ਤੇ ਮਹਾਂਮਾਰੀ ਬਣ ਗਈ । ਅੱਜ ਕਈ  ਪੜਾਵਾਂ ਤੋਂ ਗੁਜ਼ਰਨ ਦਾ ਬਾਵਜੂਦ ਵੀ ਦੁਨੀਆ ਭਰ ਚ ਇਸ ਬੀਮਾਰੀ ਦੀ ਮਹਾਂਮਾਰੀ ਦਾ ਚਾਰੇ ਪਾਸੇ ਆਤੰਕ ਬਣਿਆ ਹੋਇਆ ਹੈ ਤੇ ਅਜੇ ਇਸ ਮਹਾਂਮਾਰੀ ਦੇ ਖਾਤਮੇ ਦਾ ਅਗਲਾ ਸਿਰਾ  ਕਿਧਰੇ ਵੀ ਨਜਰ ਆਉਦਾ ਨਹੀਂ ਆ ਰਿਹਾ, ਜਿਸ ਕਾਰਨ ਇਹ ਬੀਮਾਰੀ ਮਨੁੱਖੀ ਜੀਵਨ ਉਤੇ ਕਈ ਤਰਾਂ ਦੇ ਪੱਕੇ ਪ੍ਰਭਾਵ ਛਡਦੀ ਹੋਈ ਨਜਰ ਆ ਰਹੀ ਹੈ । 

ਕਰੋਨਾ ਕੀ ਹੈ ? ਕੀ ਇਹ ਕੁਦਰਤ ਦਾ ਕਰੋਪ ਹੈ ਜਾਂ ਮਨੁੱਖ ਦੀ ਸ਼ੈਤਾਨੀ ? ਇਹਨਾ ਉਕਤ ਸਵਾਲਾਂ ਬਾਰੇ ਬੇਸ਼ਕ ਵਾਦ ਵਿਵਾਦ ਦੀ ਬਹਿਸ ਜਾਰੀ ਹੈ ਪਰ ਪੱਕੇ ਤੌਰ 'ਤੇ ਅਜੇ ਕੁਝ ਵੀ ਕਹਿਣਾ ਸਮੇ ਤੋਂ ਪਹਿਲਾਂ ਦੀ ਗੱਲ ਹੈ । ਹਾਂ ! ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ  ਸਮੇ ਵਿਚ ਇਹਨਾਂ ਉਕਤ  ਸਵਾਲਾਂ ਦਾ ਜਵਾਬ ਇਕ  ਨ  ਇਕ ਦਿਨ ਸਭ ਦੇ ਸਾਹਮਣੇ ਜਰੂਰ ਆ ਜਾਵੇਗਾ ।

ਜਿਥੋ ਤੱਕ ਇਸ ਮਹਾਂਮਾਰੀ ਦੇ ਮਾਰੂ ਜਾਂ ਉਸਾਰੂ ਅਸਰ ਦੀ ਗੱਲ ਹੈ, ਉਸ ਸੰਬੰਧੀ ਜੇਕਰ ਲੇਖਾ ਜੋਖਾ ਕਰੀਏ ਤਾਂ ਸ਼ਪੱਸ਼ਟ ਰੂਪ ਵਿਚ ਦੋਵੇ ਤਰਾ ਦੇ ਪ੍ਰਭਾਵ ਇਸ ਮਹਾਂਮਾਰੀ ਦੇ ਮਨੁੱਖੀ ਜੀਵਨ ਉਪਰ ਪੈਂਦੇ ਨਜਰ ਆਉਂਦੇ ਹਨ । ਚੰਗੇ ਪ੍ਰਭਾਵਾਂ ਵਜੋਂ, ਵਾਤਾਵਰਨ ਦਾ ਸ਼ੁੱਧੀਕਰਨ, ਪਾਣੀ ਤੇ ਹਵਾ ਪਰਦੂਸ਼ਣ ਨੂੰ ਠੱਲ੍ਹ, ਮਨੁੱਖ ਦਾ ਕੁਦਰਤੀ ਵਰਤਾਰੇ ਪ੍ਰਤੀ ਲਗਾਵ, ਲੋਕਾਂ ਨੂੰ ਉਪਜੀਵਕਾ ਦੇ ਸੀਮਿਤ ਸਾਧਨਾਂ ਨਾਲ ਜੀਊਣ ਦੀ ਜੁਗਤੀ ਤੇ ਰਹਿਣ ਸਹਿਣ ਦਾ ਸਲੀਕਾ ਆਦਿ ਮੰਨੇ ਜਾ ਸਕਦੇ ਹਨ ਜਦ ਕਿ ਦੂਜੇ ਪਾਸੇ ਇਸ ਮਹਾਂਮਾਰੀ ਦੇ ਮਾਰੂ ਅਸਰ ਵਜੋਂ ਪੂਰੇ  ਵਿਸ਼ਵ ਵਿਚ ਡਰ ਤੇ ਸਹਿਮ ਦਾ ਮਾਹੌਲ, ਲੱਖਾਂ ਕੀਮਤੀ ਜਾਨਾਂ ਦੀ ਬਲੀ, ਵਪਾਰਕ ਅਦਾਰਿਆਂ ਦੇ ਬੰਦ ਹੋਣ ਨਾਲ ਬੇਰੁਜਗਾਰੀ, ਗਰੀਬਾਂ ਵਾਸਤੇ ਭੁਖਮਰੀ, ਕਿਸਾਨਾ ਅਤੇ ਕਿਰਤੀਆਂ ਵਾਸਤੇ ਮੁਸੀਬਤਾਂ, ਸਰਕਾਰਾਂ ਦੀ ਲਾਇਕੀ ਤੇ ਨਾਲਾਇਕੀ, ਔਖੇ ਵੇਲੇ ਚ ਰਿਸ਼ਤਿਆਂ ਦਾ ਸੱਚ, ਸਰਕਾਰੀ ਤੇ ਗੈਰ ਸਰਕਾਰੀ ਡਾਕਟਰਾਂ/ ਨਰਸਾਂ ਤੇ ਹੋਰ ਸਿਹਤ ਕਾਮਿਆ ਵਾਸਤੇ ਪਰਖ ਦੀ ਘੜੀ, ਔਖੀ ਘੜੀ ਚ ਲੋਕਾਂ ਪ੍ਰਤੀ ਪੁਲਿਸਤੰਤਰ ਦਾ ਵਤੀਰਾ ਤੇ ਦੁਨੀਆ ਦੇ ਵੱਖ ਵੱਖ ਮੁਲਕਾਂ ਦਾ ਇਕ ਦੂਜੇ ਪ੍ਰਤੀ ਵਿਵਹਾਰ ਤੇ ਕੌੜੇ ਮਿੱਠੇ ਤਾਲਮੇਲੀ ਸੰਬੰਧਾਂ ਦੇ ਨਾਲ ਹੀ ਐਨ ਆਰ ਆਈ ਪਰਵਾਸੀਆ ਤੇ ਦੂਸਰੇ ਰਾਜਾਂ ਦੇ ਪਰਵਾਸੀਆ ਪ੍ਰਤੀ ਲੋਕਾਂ ਤੇ ਸਰਕਾਰਾਂ ਦਾ ਰੁੱਖਾ ਤੇ ਭੱਦਾ ਵਤੀਰਾ ਆਦਿ ਬਹੁਤ ਸਾਰੇ ਕੌੜੇ ਸੱਚ ਵੀ ਸਾਹਮਣੇ ਆਏ ਹਨ ।

ਕਰੋਨਾ ਮਹਾਂਮਾਰੀ ਕਈ ਫੇਜਾਂ ਤੋ ਲੰਘਦੇ ਹੋਏ ਹੁਣ ਦਿਨੋ ਦਿਨ ਕਾਬੂ ਹੇਠ ਆ ਰਹੀ ਹੈ । ਇਸ ਮਹਾਂਮਾਪੀ ਦਾ ਪਰਕੋਪ ਹੁਣ ਬੇਸ਼ੱਕ ਘਟਦਾ ਜਾ ਰਿਹਾ ਹੈ ਤੇ ਇਹ ਵੀ ਆਸਾਰ ਨਜਰ ਆ ਰਹੇ ਹਨ ਕਿ ਮਨੁੱਖੀ ਜੀਵਨ ਮੁੜ ਆਮ ਪੱਟੜੀ ਵਾਲੀਆਂ ਲੀਹਾਂ 'ਤੇ ਚੜ੍ਹ ਜਾਵੇਗਾ, ਪਰ ਫੇਰ ਵੀ ਇਸ ਮਹਾਂਮਾਰੀ ਦਾ ਲੋਕਾਂ ਦੇ ਜੀਵਨ ਉਤੇ ਜੋ ਵੀ ਮਾੜਾ ਜਾਂ ਚੰਗਾ ਅਸਰ ਪਿਆ ਹੈ ਜਾਂ ਅਜੇ ਪੈ ਰਿਹਾ ਹੈ, ਉਹ ਆਰਜੀ ਦੀ ਬਜਾਏ ਪੱਕੇ ਤੌਰ  'ਤੇ ਪੈਂਦਾ ਨਜਰ ਆ ਰਿਹਾ ਹੈ । ਏਹੀ ਕਾਰਨ ਹੈ ਕਿ ਜੋ ਦੁਕਾਨਾਂ ਤੇ ਵਪਾਰਕ ਅਦਾਰੇ  ਹੌਲੀ ਹੌਲੀ ਖੁਲ੍ਹ ਰਹੇ ਹਨ, ਉਹਨਾਂ ਅੰਦਰ ਬਹੁਤ ਲਾਰੀਆ ਤਬਦੀਲੀਆ ਨਜਰ ਆ ਰਹੀਆ ਹਨ, ਜਿਵੇ ਗਰਾਹਕ ਸੇਵਾ ਦੇ ਨਵੇ ਢੰਗ ਤਰੀਕੇ ਸਾਹਮਣੇ ਆ ਰਹੇ ਹਨ, ਗਰਾਹਕਾਂ ਵਾਸਤੇ ਨਵੇ ਨਿਯਮ ਤੇ ਨਵੀਆ ਗਾਈਡ ਲਾਈਨਜ ਬਣ ਚੁੱਕੀਆਂ ਹਨ ।

ਸਮਾਜਿਕ ਖੇਤਰ ਵੀ ਪੂਰੀ ਤਰਾਂ ਬਦਲ ਚੁਕਾ ਹੈ । ਮੇਲ ਮਿਲਾਪ ਤੇ ਪਰਾਹੁਣਚਾਰੀ ਦੇ ਢੰਗ ਬਦਲ ਗਏ ਹਨ । ਪਰਿਵਾਰਕ ਮਾਹੌਲ ਵਿਚ ਵੱਡੇ ਬਦਲਾਵ ਨਜਰ ਆ ਰਹੇ ਹਨ । ਲੋਕਾਂ ਅੰਦਰ ਫਾਲਤੂ ਇਧਰ ਉਧਰ ਘੁਮਣ ਦਾ ਰੂਝਾਨ ਪਹਿਲਾਂ ਨਾਲੋਂ ਬਹੁਤ ਘਟਿਆ ਹੈ । ਨਵੇਂ ਵਪਾਰ ਦੀਆ ਸੰਭਾਵਨਾਵਾ ਵਜੋ ਕਰੋਨਾ ਦੀ ਦਵਾਈ, ਮਾਸਕ, ਨਕਾਬ ਦਸਤਾਨੇ, ਸੈਨੇਟਾਈਜਰ ਤੇ ਬਲੀਚ ਆਦਿ ਸਾਹਮਣੇ ਆਏ ਹਨ । 

ਸਮੁੱਚੇ ਤੌਰ 'ਤੇ ਕਹਿ ਸਕਦੇ ਹਾਂ ਕਿ ਕਰੋਨਾ ਮਹਾਂਮਾਰੀ ਦੇ ਬੇਸ਼ਕ ਮਨੁੱਖੀ ਜੀਵਨ ਉਤੇ ਚੰਗੇ ਤੇ ਮਾੜੇ ਦੋਵੇਂ ਤਰਾਂ ਦੇ ਅਸਰ ਸਾਹਮਣੇ ਆਏ ਹਨ, ਪਰ ਇਕ ਗੱਲ ਪੱਕੀ ਹੈ ਕਿ ਇਸ ਮਹਾਂਮਾਰੀ  ਨੇ ਮਨੁੱਖ ਨੂੰ ਜੀਊਣ ਵਾਸਤੇ ਇਕ ਨਵੀ ਦਿਸ਼ਾ ਜਰੂਰ ਪਰਦਾਨ ਕੀਤੀ ਹੈ, ਮਨੁੱਖ ਨੂੰ ਵੱਡੀ ਨਸੀਹਤ ਦਿੱਤੀ ਹੈ ਕਿ ਪਦਾਰਥ ਭੁੱਖ ਦੀ ਪੂਰਤੀ ਲਈ ਕੁਦਰਤ ਨਾਲ ਥੇੜਛਾੜ ਦੀ ਅੱਤ ਚੁਕਣੀ ਬਹੁਤ ਗਲਤ ਨਤੀਜੇ ਪੇਸ਼ ਕਰ ਸਕਦੀ ਹੈ, ਜਿਹਨਾ ਨੂੰ ਭੁਗਤਣਾ ਮਨੁੱਖ ਦੇ ਵਸੋਂ ਬਾਹਰਾ ਵਰਤਾਰਾ ਹੋ ਸਕਦਾ ਹੈ ਤੇ ਜੇਕਰ ਭਵਿੱਖ ਚ ਅਜਿਹਾ ਫੇਰ ਵਾਪਰਦਾ ਹੈ ਤਾਂ ਇਸ ਦਾ ਨਤੀਜਾ ਮਨੁੱਖੀ ਨਸਲ ਦੇ ਖਾਤਮੇ ਵਜੋ ਵੀ ਸਾਹਮਣੇ ਆ ਸਕਦਾ ਹੈ । 

ਮਨੁੱਖ ਨੂੰ ਇਸ ਮਹਾਂਮਾਰੀ ਦੇ ਚੰਗੇ ਤੇ ਮਾੜੇ ਦੋਹਾਂ ਤਰਾਂ ਦੇ ਪਰਭਾਵਾ ਤੋ ਸਬਕ ਸਿੱਖਣਾ ਚਾਹੀਦਾ ਹੈ ਤੇ ਆਪਣਾ ਜੀਵਨ ਕੁਦਰਤੀ ਵਰਤਾਰੇ ਦੇ ਅਨਕੂਲ ਜੀਊਣ ਦੀ ਆਦਤ ਪਾ ਲੈਣੀ ਚਾਹੀਦੀ ਹੈ । ਉੰਜ ਹੁਣ ਮਨੁੱਖ ਕੋਲ ਅਜਿਹਾ  ਕਰਨ ਤੋ ਸਿਵਾਏ ਦੂਜਾ ਕੋਈ ਹੋਰ ਕੋਈ ਚਾਰਾ ਵੀ ਨਹੀਂ ਹੈ । ਜੇਕਰ ਗਹੁ ਨਾਲ ਸੋਚੀਏ ਤਾਂ ਕਰੋਨਾ ਮਹਾਂਮਾਰੀ ਮਨੁੱਖ ਵਾਸਤੇ ਅਸਲ ਚ ਇਕ ਉਹ ਨਸੀਹਤ ਹੈ, ਜਿਸ ਉਤੇ ਅਮਲ ਕਰਨਾ ਹੁਣ ਮਨੁੱਖੀ ਨਸਲ ਵਾਸਤੇ ਬਹੁਤ ਜਰੂਰੀ ਹੈ ਤਾਂ ਕਿ ਕਿਤੇ ਬਹੁਤ ਦੇਰ ਨਾ ਹੋ ਜਾਵੇ । 

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

25/05/2020