ਯੂ.ਕੇ ਨੇ ਆਪਣੇ ਇਥੇ ਫਸੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ 31 ਜੁਲਾਈ ਤੱਕ ਵਧਾਇਆ

ਲੰਡਨ, ਰਾਜਵੀਰ ਸਮਰਾ, ਬਰਤਾਨੀਆ ਨੇ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਆਪਣੇ ਦੇਸ਼ ਵਾਪਸ ਨਾ ਜਾ ਪਾ ਰਹੇ ਭਾਰਤੀਆਂ ਸਮੇਤ ਉਨਾਂ ਸਾਰੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ਾ ਮਿਆਦ 31 ਜੁਲਾਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਵੀਜ਼ਾ ਮਿਆਦ ਖਤਮ ਹੋ ਚੁੱਕੀ ਹੈ ਜਾਂ ਖਤਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ 31 ਮਈ ਤੱਕ ਵੀਜ਼ਾ ਵਧਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਸ ਨੂੰ 2 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਉਨਾਂ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ ਮਿਲੇਗੀ ਜਿਨਾਂ ਦੇ ਵੀਜ਼ੇ ਦੀ ਮਿਆਦ 24 ਜਨਵਰੀ ਤੋਂ ਬਾਅਦ ਖਤਮ ਹੋ ਗਈ ਸੀ ਅਤੇ ਉਹ ਯਾਤਰਾ ਪਾਬੰਦੀਆਂ ਦੇ ਚੱਲਦੇ ਆਪਣੇ ਦੇਸ਼ ਵਾਪਸ ਪਰਤ ਨਹੀਂ ਪਾਏ ਹਨ। ਬਿ੍ਰਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਵੀਜ਼ੇ ਦੀ ਮਿਆਦ ਵਧਾ ਕੇ, ਅਸੀਂ ਉਨ੍ਹਾਂ ਨੂੰ ਮਾਨਸਿਕ ਸਕੂਨ ਪ੍ਰਦਾਨ ਕੀਤਾ ਹੈ ਕਿਉਂਕਿ ਜੇਕਰ ਉਹ ਆਪਣੇ ਦੇਸ਼ ਵਾਪਸ ਨਹੀਂ ਜਾ ਪਾ ਰਹੇ ਹਨ ਤਾਂ ਜੁਲਾਈ ਦੇ ਆਖਿਰ ਤੱਕ ਬਿ੍ਰਟੇਨ ਵਿਚ ਰਹਿ ਸਕਦੇ ਹਨ। ਬਿ੍ਰਟੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਰਾਹਤ ਉਨਾਂ ਲੋਕਾਂ ਲਈ ਹੈ ਜੋ 31 ਜੁਲਾਈ ਤੋਂ ਪਹਿਲਾਂ ਆਪਣੇ ਘਰ ਜਾਣ ਦੀ ਸਥਿਤੀ ਵਿਚ ਨਹੀਂ ਹਨ। ਇਸ ਤੋਂ ਇਲਾਵਾ ਉਨਾਂ ਲੋਕਾਂ ਨੂੰ ਜਿਹੜੇ ਕਿ ਬਿ੍ਰਟੇਨ ਵਿਚ ਅਸਥਾਈ ਵੀਜ਼ਾ 'ਤੇ ਰਹਿ ਰਹੇ ਹਨ, ਉਨਾਂ ਨੂੰ ਸੁਰੱਖਿਅਤ ਵਾਪਸੀ ਯਕੀਨਨ ਹੁੰਦੇ ਹੀ ਆਪਣੇ ਦੇਸ਼ ਰਵਾਨਾ ਹੋਣਾ ਹੋਵੇਗਾ।