You are here

ਚੈਨਲ ਬਹਿਸ ਬਨਾਮ ਖੁਸ਼ਹਾਲਤਾ!  ✍️ ਸਲੇਮਪੁਰੀ ਦੀ ਚੂੰਢੀ 

ਚੈਨਲ ਬਹਿਸ ਬਨਾਮ ਖੁਸ਼ਹਾਲਤਾ! 

ਜਿਸ ਵੇਲੇ ਜਿਹੜਾ ਮਰਜੀ ਕੋਈ ਟੀ ਵੀ ਚੈਨਲ ਆਨ ਕਰੋ ਉਸ ਉਪਰ ਸਿਆਸੀ ਆਗੂਆਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪ੍ਰਬੰਧਕਾਂ ਦੀ ਬਹਿਸ ਵੇਖਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ  ਸੰਸਾਰ ਦਾ ਇਕ ਬਹੁਤ ਵੱਡਾ ਖੁਸ਼ਹਾਲ ਦੇਸ਼ ਹੈ, ਕਿਉਂਕਿ ਹੁਣ ਇਥੇ ਪੀ ਪੀ ਈ ਕਿੱਟਾਂ ਅਤੇ ਮਾਸਕ ਬਣਨੇ ਵੀ ਸ਼ੁਰੂ ਹੋ ਗਏ ਹਨ ਅਤੇ ਦੇਸ਼ ਬੜੀ ਤੇਜੀ ਨਾਲ ਆਤਮ ਨਿਰਭਰਤਾ ਵਲ ਵੱਡੀਆਂ-ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਦੇਸ਼ ਦੀ ਖੁਸ਼ਹਾਲੀ ਸਬੰਧੀ ਹੁੰਦੀ ਬਹਿਸ, ਵਿਚਾਰ - ਚਰਚਾ ਵੇਖਕੇ /ਸੁਣਕੇ ਅਸੀਂ ਵੀ ਬਾਗੋ-ਬਾਗ ਹੋ ਜਾਂਦੇ ਹਾਂ। ਪਰ ਵੱਡੇ ਸਰਮਾਏਦਾਰਾਂ, ਸਿਆਸੀ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਚੈਨਲਾਂ ਵਿਚ ਕੰਮ ਕਰ ਰਹੇ  ਐਂਕਰਾਂ ਦੀ ਤਰ੍ਹਾਂ ਅਸੀਂ ਵੀ ਜਮੀਨੀ ਹਕੀਕਤ ਪ੍ਰਤੀ ਹਮੇਸ਼ਾ ਅੱਖਾਂ ਮੀਟੀ ਰੱਖਦੇ ਹਾਂ। ਅੱਜ ਕੋਰੋਨਾ ਦੇ ਚੱਲਦਿਆਂ ਦੇਸ਼ ਦੇ ਮਜਦੂਰ ਅਤੇ ਗਰੀਬ ਦੀ ਹਾਲਤ ਜੋ ਬਦ ਤੋਂ ਬਦਤਰ ਹੋ ਚੁੱਕੀ ਹੈ ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਜੇ ਸਾਡਾ ਦੇਸ਼ ਸੱਚਮੁੱਚ ਹੀ ਖੁਸ਼ਹਾਲ ਹੁੰਦਾ ਤਾਂ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਲੋਕ ਰੋਜੀ ਰੋਟੀ ਲਈ ਆਪਣੇ ਘਰ - ਪਰਿਵਾਰਾਂ ਨੂੰ ਛੱਡ ਕੇ ਦੂਜੇ ਸੂਬਿਆਂ ਵਿਚ ਧੱਕੇ ਖਾਣ ਲਈ ਮਜਬੂਰ ਨਾ ਹੁੰਦੇ। ਵੇਖਣ ਵਾਲੀ ਗੱਲ ਹੈ ਕਿ ਸਨੱਅਤੀ ਸ਼ਹਿਰ ਇਕੱਲੇ  ਲੁਧਿਆਣਾ ਵਿਚ ਹੀ 8 ਲੱਖ ਮਜਦੂਰਾਂ ਨੇ ਵਾਪਸ ਆਪਣੇ ਪਿਤਰੀ ਸੂਬਿਆਂ ਵਿਚ ਜਾਣ ਲਈ ਅਰਜੀਆਂ ਦਿੱਤੀਆਂ ਹਨ। ਪਹਿਲਾਂ ਉਹ ਇਥੇ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਪੰਜਾਬ ਆਏ ਅਤੇ ਹੁਣ ਇਥੋਂ ਦੀ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਵਾਪਸ ਜਾਣ ਲਈ ਮਜਬੂਰ ਹਨ ਪਰ ਭੁੱਖਮਰੀ ਪਰਛਾਵਾਂ ਬਣ ਕੇ ਨਾਲ ਚਿੰਬੜੀ ਰਹੀ। 8  ਕਰੋੜ ਮਜਦੂਰ ਅਤੇ ਗਰੀਬ ਸੜਕਾਂ ਅਤੇ ਰੇਲ ਪਟੜੀਆਂ ਦੇ ਰਾਹੀਂ ਨੰਗੇ ਪੈਰੀਂ, ਭੁੱਖ ਨਾਲ ਲੜਦਿਆਂ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਘਰ ਪਹੁੰਚਣ ਲਈ ਮਜਬੂਰ ਹੋਏ। ਕਈਆਂ ਨੇ ਰਾਹ ਵਿਚ ਹੀ ਪ੍ਰਾਣ ਤਿਆਗ ਦਿੱਤੇ, ਬਸ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ 1947 ਵਿਚ ਦੇਸ਼ ਦੀ ਵੰਡ ਵੇਲੇ ਹੋਇਆ ਸੀ। ਉਸ ਵੇਲੇ ਮਜਦੂਰਾਂ, ਗਰੀਬਾਂ ਅਤੇ ਆਮ ਲੋਕਾਂ ਨੂੰ ਮਾਰ ਪਈ ਸੀ ਜਦਕਿ ਸਰਮਾਏਦਾਰਾਂ ਅਤੇ ਸਿਆਸੀ ਆਗੂਆਂ ਦਾ ਕੁੱਝ ਵੀ ਨਹੀਂ ਵਿਗੜਿਆ ਅਤੇ ਹੁਣ ਵੀ ਉਹ ਪ੍ਰਸਥਿਤੀਆਂ ਹਨ। ਜਹਾਜ਼ਾਂ ਰਾਹੀਂ ਖਾਂਦੇ ਪੀਂਦੇ ਲੋਕਾਂ ਨੇ ਕੋਰੋਨਾ ਲਿਆਂਦਾ, ਜਿਸ ਦੀ ਮਾਰ ਸਾਇਕਲਾਂ ਅਤੇ ਪੈਦਲ ਚੱਲਣ ਵਾਲਿਆਂ ਉਪਰ ਪੈ ਗਈ। 1947 ਵਿਚ ਵੀ  ਲੜਾਈ ਕੁਰਸੀ ਲਈ ਸਿਆਸੀ ਆਗੂਆਂ ਦੀ ਸੀ ਪਰ ਕੁਰਬਾਨੀਆਂ ਆਮ ਲੋਕਾਂ ਨੇ ਦਿੱਤੀਆਂ, ਤਸੀਹੇ ਝੱਲੇ ਅਤੇ ਪਿੰਡਿਆਂ 'ਤੇ ਦਰਦ ਹੰਢਾਇਆ।ਅੱਜ ਦੇਸ਼ ਵਿੱਚ ਗੈਰ - ਜਥੇਬੰਦਕ 45 ਕਰੋੜ ਮਜਦੂਰ ਰੋਜੀ ਰੋਟੀ ਨੂੰ ਤਰਸ ਰਹੇ ਹਨ। ਦੇਸ਼ ਦੀ ਅਜਾਦੀ ਵੇਲੇ ਲੋਕ ਮਜਬੂਰ ਸਨ ਪਰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਸਨ ਜਿਸ ਕਰਕੇ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਖੌਫ ਨਹੀਂ ਖਾਧਾ ਪਰ ਇਸ ਵੇਲੇ ਦੇਸ਼ ਦੇ ਲੋਕ ਆਪਣੇ ਹੱਕਾਂ ਅਤੇ ਹਿੱਤਾਂ ਤੇ ਆਪ ਨੂੰ ਸੁਰੱਖਿਅਤ ਰੱਖਣ ਲਈ ਨਾ ਤਾਂ ਮਜਬੂਤ ਹਨ ਸਗੋਂ ਮਜਬੂਰ ਵੀ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜੇ ਉਨ੍ਹਾਂ ਨੇ ਆਪਣੇ ਹੱਕਾਂ ਅਤੇ ਹਿੱਤਾਂ ਲਈ ਅਵਾਜ ਬਲੰਦ ਕੀਤੀ ਤਾਂ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰ ਕੇ ਜੇਲ ਵਿਚ ਬੰਦ ਕਰ ਦੇਣਾ ਹੈ। ਦੂਸਰੇ ਪਾਸੇ ਦੇਸ਼ ਨੂੰ ਲੁੱਟਣ ਵਾਲੇ, ਲੋਕਾਂ ਨੂੰ ਕੁੱਟਣ ਵਾਲੇ, ਰਿਸ਼ਵਤਾਂ ਖਾਣ ਵਾਲੇ, ਸਰਕਾਰੀ ਅਤੇ ਗੈਰ-ਸਰਕਾਰੀ ਜਮੀਨਾਂ ਉਪਰ ਨਜਾਇਜ ਕਬਜੇ ਕਰਨ ਵਾਲੇ, ਸਰਕਾਰੀ ਗ੍ਰਾਂਟਾਂ ਖਾਣ ਵਾਲੇ, ਧਰਮ, ਜਾਤ ਪਾਤ, ਬੋਲੀਆਂ, ਪਹਿਰਾਵੇ ਦੇ ਨਾਂ  'ਤੇ ਦੰਗੇ ਫਸਾਦ ਕਰਵਾਉਣ ਵਾਲੇ ਦੇਸ਼ ਭਗਤਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਂਦੇ ਹਨ।

ਖੈਰ ਇਹ ਮੰਨਣਾ ਪਵੇਗਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਹੁਕਮਰਾਨਾਂ ਨੇ ਦੇਸ਼ ਨੂੰ ਆਪਣੇ ਮੁਤਾਬਿਕ ਚਲਾਇਆ ਹੈ ਨਾ ਕਿ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਨੂੰ ਮੁੱਖ ਰੱਖ ਕੇ ਚਲਾਇਆ ਹੈ। ਹੁਣ ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਦੇ ਲੋਕਾਂ ਦੀ ਭਲਾਈ ਲਈ 20 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ ਜਿਸ ਨਾਲ ਦੇਸ਼ ਦੇ ਹਰੇਕ ਨਾਗਰਿਕ ਦੇ ਧੋਣੇ ਧੋਤੇ ਜਾਣੇ ਹਨ, ਕਿਉਂਕਿ ਇਹ ਰਕਮ ਛੋਟੀ ਨਹੀਂ ਬਹੁਤ ਵੱਡੀ ਹੈ। ਦੇਸ਼ ਦੇ ਕਰੋੜਾਂ ਮਜਦੂਰ ਅਤੇ ਕਰੀਬ ਇਸ ਦੀ ਪ੍ਰਾਪਤੀ ਲਈ ਆਸ ਲਾਈ ਬੈਠੇ ਹਨ ਅਤੇ ਬਹੁਤ ਹੀ ਬੇਸਬਰੀ ਨਾਲ ਨਾਲ ਉਡੀਕ ਰਹੇ ਹਨ।ਉਂਝ ਮਜ਼ਦੂਰਾਂ /ਕਾਮਿਆਂ ਦੇ ਥੋੜ੍ਹੇ - ਬਹੁਤੇ ਹੱਕਾਂ ਅਤੇ ਹਿੱਤਾਂ ਲਈ ਹਾਮੀ ਭਰ ਭਰਨ ਵਾਲੇ ਕਾਨੂੰਨਾਂ ਨੂੰ ਵੀ ਸਿਉਂਕ ਲੱਗ ਗਈ ਹੈ, ਜਿਨ੍ਹਾਂ ਦੀ ਹੋਂਦ ਹੌਲੀ-ਹੌਲੀ ਬਿਲਕੁਲ ਖਤਮ ਹੋ ਜਾਵੇਗੀ ਅਤੇ ਫਿਰ ਮਜਦੂਰਾਂ /ਕਾਮਿਆਂ ਦੀ ਹਾਲਤ ਬੰਧੂਆਂ ਵਰਗੀ ਹੋ ਕੇ ਰਹਿ ਜਾਵੇਗੀ। 

ਸੁਖਦੇਵ ਸਲੇਮਪੁਰੀ

09780620233

22 ਮਈ, 2020