ਕੋਰੋਨਾ ਦੇ ਚੱਲਦੇ ਯੂ.ਕੇ ''ਚ 25 ਫੀਸਦੀ ਤੱਕ ਘੱਟ ਹੋਏ ਅਪਰਾਧ

ਲੰਡਨ- ਮਈ 2020 -(ਰਾਜਵੀਰ ਸਮਰਾ)-

ਯੂ.ਕੇ ਵਿਚ ਕੋਰੋਨਾ ਵਾਇਰਸ ਦੇ ਚੱਲਦੇ ਅਪਰਾਧ ਦੇ ਮਾਮਲੇ ਬਹੁਤ ਘੱਟ ਹੋ ਗਏ ਹਨ। ਕੋਰੋਨਾ ਵਾਇਰਸ ਦੇ ਕਾਰਣ ਲਗਾਏ ਗਏ ਲਾਕਡਾਊਨ ਦੇ ਚੱਲਦੇ ਲੋਕ ਆਪਣੇ ਘਰਾਂ ਵਿਚ ਹੀ ਕੈਦ ਹਨ, ਇਸ ਲਈ ਇਸ ਦੌਰਾਨ ਜੁਰਮ ਦੇ ਮਾਮਲੇ ਬਹੁਤ ਘੱਟ ਹੋਏ ਹਨ। ਨਵੇਂ ਅੰਕੜਿਆਂ ਦੇ ਮੁਤਾਬਕ ਇੰਗਲੈਂਡ ਤੇ ਵੇਲਸ ਵਿਚ ਜੁਰਮ ਦੇ ਮਾਮਲੇ 25 ਫੀਸਦੀ ਘੱਟ ਹੋਏ ਹਨ। 'ਦ ਸਨ' ਦੀ ਇਕ ਰਿਪੋਰਟ ਮੁਤਾਬਕ ਇੰਗਲੈਂਡ ਵਿਚ ਜੁਰਮ ਦੇ ਮਾਮਲੇ ਤਾਂ 25 ਫੀਸਦੀ ਤੱਕ ਘੱਟ ਹੋਏ ਹਨ ਪਰ ਇਸ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ। ਨਵੇਂ ਅੰਕੜੇ ਮੁਤਾਬਕ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਚਾਰ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਮਹੀਨੇ ਇਸ ਵਿਚ ਇਕ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

ਲਾਕਡਾਊਨ ਵਿਚ ਵਧੇ ਘਰੇਲੂ ਹਿੰਸਾ ਦੇ ਮਾਮਲੇ
ਇਸ ਵਿਚਾਲੇ ਕੁਝ ਅੰਕੜੇ ਪਰੇਸ਼ਾਨ ਕਰਨ ਵਾਲੇ ਵੀ ਹਨ। ਬ੍ਰਿਟੇਨ ਵਿਚ ਪਿਛਲੇ ਮਹੀਨੇ ਦੇ ਲਾਕਡਾਊਨ ਦੌਰਾਨ 200 ਹੈਲਥ ਵਰਕਰਾਂ 'ਤੇ ਹਮਲੇ ਹੋਏ। ਇਸ ਦੌਰਾਨ ਕੋਰੋਨਾ ਵਾਇਰਸ ਨਾਲ ਸਬੰਧਤ ਤਕਰੀਬਨ 660 ਮਾਮਲੇ ਦਰਜ ਕੀਤੇ ਗਏ ਹਨ। ਬ੍ਰਿਟੇਨ ਦੀ ਕਾਮਨ ਜਸਟਿਸ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਸੀ.ਪੀ.ਐਸ. ਦੇ ਚੀਫ ਮੈਕਸ ਹਿੱਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਹਨਾਂ ਕਿਹਾ ਹੈ ਕਿ ਐਮਰਜੈਂਸੀ ਸੇਵਾ 'ਤੇ ਕਾਲ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਅਸਲ ਵਿਚ ਘਰੇਲੂ ਹਿੰਸਾ ਦੀ ਘਟਨਾ ਹੋਈ ਹੋਵੇ। ਉਹਨਾਂ ਕਿਹਾ ਹੈ ਕਿ ਕਈ ਵਾਰ ਕਾਲਰ ਆਪਣੇ ਲਈ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਲਈ ਕਾਲ ਦੀ ਜਾਂਚ ਕਰ ਰਹੇ ਹੁੰਦੇ ਹਨ ਕਿ ਕਾਲ ਕਰਨ 'ਤੇ ਉਹਨਾਂ ਨੂੰ ਕੀ ਰਿਸਪਾਂਸ ਮਿਲਦਾ ਹੈ। ਕਾਲ ਕਰਨ ਦਾ ਮਤਲਬ ਅਪਰਾਧ ਦੀ ਰਿਪੋਰਟ ਕਰਨਾ ਨਹੀਂ ਹੈ। ਮੈਕਸ ਹਿੱਲ ਨੇ ਕਿਹਾ ਹੈ ਕਿ ਲਾਕਡਾਊਨ ਦੌਰਾਨ ਕੁਝ ਵਿਸ਼ੇਸ਼ ਤਰ੍ਹਾਂ ਦੇ ਅਪਰਾਧ ਵਧੇ ਹਨ। ਇਸ ਦੇ ਨਾਲ ਹੀ ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕੁਝ ਮਾਮਲਿਆਂ 'ਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਘਰੇਲੂ ਹਿੰਸਾ ਦੇ ਮਾਮਲੇ ਉਸੇ ਤਰ੍ਹਾਂ ਦਾ ਮਾਮਲਾ ਹੈ। ਉਹਨਾਂ ਨੇ ਕਿਹਾ ਕਿ ਘਰੇਲੂ ਹਿੰਸਾ ਦੇ ਮਾਮਲਿਆਂ ਨੂੰ ਤਰਜੀਹ ਨਾਲ ਨਿਪਟਿਆ ਜਾ ਰਿਹਾ ਹੈ। ਅਸੀਂ ਹਰ ਕਿਸੇ ਨੂੰ ਅਲਰਟ ਕੀਤਾ ਹੈ ਕਿ ਉਹ ਐਮਰਜੈਂਸੀ ਹਾਲਾਤ ਵਿਚ ਤੁਰੰਤ ਫੋਨ ਕਰਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜੇਕਰ ਘਰੇਲੂ ਹਿੰਸਾ ਦੇ ਮਾਮਲੇ ਦੇਖਦੇ ਵੀ ਹਨ ਤਾਂ ਉਸ ਨੂੰ ਰਿਪੋਰਟ ਕਰਨ।