ਮਾਰਕਫੈੱਡ ਨੇ ਲਾਕਡਾਊਨ  ਦੌਰਾਨ ਜ਼ਿਲੇ ’ਚ 2 ਕਰੋੜ ਰੁਪਏ ਦੀਆਂ ਜ਼ਰੂਰੀ ਵਸਤਾਂ ਦੀ ਕੀਤੀ ਸਪਲਾਈ

ਫੋਟੋ :-ਸ੍ਰੀਮਤੀ ਸਰਬਜੀਤ ਕੌਰ, ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਕਪੂਰਥਲਾ

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਨੇਜਰ ਮਾਰਕਫੈੱਡ ਕਪੂਰਥਲਾ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਕਡਾੳੂਨ ਦੌਰਾਨ ਜ਼ਿਲਾ ਕਪੂਰਥਲਾ ਵਿਚ ਮਾਰਕੀਟਿੰਗ ਸਹਿਕਾਰੀ ਸਭਾਵਾਂ ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ ਅਤੇ ਫਗਵਾੜ ਰਾਹੀਂ ਜ਼ਿਲੇ ਦੀਆਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ 2 ਕਰੋੜ ਰੁਪਏ ਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਗਈ। ਉਨਾਂ ਦੱਸਿਆ ਕਿ ਇਨਾਂ ਵਸਤਾਂ ਵਿਚ ਆਟਾ, ਖੰਡ, ਤੇਲ, ਘਿਓ, ਚਾਹ ਪੱਤੀ, ਮਸਾਲੇ, ਕੈਟਲ ਫੀਡ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਨਾਂ ਵਸਤਾਂ ਉਪਰ ਸਰਕਾਰੀ ਹਦਾਇਤਾਂ ਅਨੁਸਾਰ 5 ਫੀਸਦੀ ਵਿਸ਼ੇਸ਼ ਛੋਟ ਵੀ ਦਿੱਤੀ ਗਈ। ਲੋਕਾਂ ਵੱਲੋਂ ਮਾਰਕਫੈੱਡ ਦੇ ਉਤਪਾਦਾਂ ਦੇ ਉੱਚ ਮਿਆਰੀ ਹੋਣ ’ਤੇ ਸ਼ਲਾਘਾ ਵੀ ਕੀਤੀ ਗਈ। ਉਨਾਂ ਦੱਸਿਆ ਕਿ ਮਾਰਕਫੈੱਡ ਦੀ ਇਸ ਕਾਰਗੁਜ਼ਾਰੀ ਦੀ ਜ਼ਿਲੇ ਦੇ ਡਿਪਟੀ ਰਜਿਸਟਰਾਰ ਸ੍ਰੀਮਤੀ ਸਰਬਜੀਤ ਕੌਰ ਬਾਜਵਾ ਨੇ ਸ਼ਲਾਘਾ ਕਰਦਿਆਂ ਸਮੂਹ ਸਹਾਇਕ ਰਜਿਸਟਰਾਰਾਂ ਨੂੰ ਇਨਾਂ ਵਸਤਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਵਿਚ ਸਹਿਯੋਗ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨਾਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵੱਲੋਂ ਇਸ ਔਖੇ ਸਮੇਂ ਡੋਰ-ਟੂ-ਡੋਰ ਸਪਲਾਈ ਕਰਨ ਦੇ ਕਾਰਜ ਦੀ ਪ੍ਰਸੰਸਾ ਵੀ ਕੀਤੀ। ਉਨਾਂ ਇਸ ਮੌਕੇ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਖਾਦ, ਕੀਟ ਨਾਸ਼ਕ, ਨਦੀਨ ਨਾਸ਼ਕ ਦਵਾਈਆਂ ਅਤੇ ਬੀਜ ਸਬੰਧੀ ਕੋਈ ਵੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨਾਂ ਸਭਾਵਾਂ ਅੰਦਰ ਸਰਕਾਰ ਦੀਆਂ ਹਦਾਇਤਾਂ ਦੀਆਂ ਪਾਲਣਾ ਕਰਦਿਆਂ ਸੋਸ਼ਲ ਡਿਸਟੈਂਸ ਅਤੇ ਹੋਰਨਾਂ ਸਾਵਧਾਨੀਆਂ ਤੇ ਸਿਹਤ ਸੁਰੱਖਿਆ ਉਪਾਵਾਂ ਦਾ ਧਿਆਨ ਰੱਖਦਿਆਂ ਖਾਦ ਆਦਿ ਦੀ ਸਪਲਾਈ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ।