ਕਾਗਜ਼ ,ਰੁੱਖ ਤੇ ਵਾਤਾਵਰਨ ✍️ ਜੋਧ ਦੇਹੜਕਾ

ਕਾਗਜ਼ ,ਰੁੱਖ ਤੇ ਵਾਤਾਵਰਨ
           ਭਾਵੇਂ ਅੱਜ ਦਾ ਯੁੱਗ ਡਿਜ਼ੀਟਲ ਹੋ ਰਿਹਾ ਹੈ, ਫਿਰ ਵੀ ਕਾਗਜ਼ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਬੈਂਕਾਂ, ਘਰਾਂ ਆਦਿ ਵਿੱਚ ਵੀ ਕਾਗਜ਼ ਦੀ ਵਰਤੋਂ ਆਮ ਹੁੰਦੀ ਹੈ। ਕਾਗਜ਼ ਤੋਂ ਬਿਨਾਂ ਸਾਡੀ ਜਿੰਦਗੀ ਦਾ ਪਹੀਆ ਘੁੰਮ ਹੀ ਨੀ ਸਕਦਾ ਕਿਉਂਕਿ ਜਿੰਦਗੀ ਜੀਣ ਲਈ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਵੀ ਸਾਨੂੰ ਨੋਟ ਰੂਪੀ ਕਾਗਜ਼ ਦੀ ਵਰਤੋਂ ਕਰਨੀ ਪੈਂਦੀ ਹੈ। ਕਦੇ ਸੋਚਿਆ ਕਿ ਇਹ ਕਾਗਜ਼ ਕਿੱਥੋਂ ਆਉਂਦਾ, ਕਿਵੇਂ ਬਣਦਾ ਤੇ ਸਾਡੇ ਵਾਤਾਵਰਨ 'ਤੇ ਇਸਦਾ ਕੀ ਅਸਰ ਪੈਂਦਾ ? ਆਉ ਅੱਜ  ਅਸੀਂ ਕਾਗਜ਼  ਬਣਨ ਦੀ ਪ੍ਰਕ੍ਰਿਆ ਤੇ ਵਾਤਾਵਰਨ 'ਤੇ ਪੈ ਰਹੇ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਕਰੀਏ।
ਕਾਗਜ਼ ਦੀ ਬਣਨ ਦੀ ਪ੍ਰਕ੍ਰਿਆ
         ਕਾਗਜ਼ ਜਿਸਨੂੰ ਅੰਗਰੇਜ਼ੀ ਵਿੱਚ paper ਕਿਹਾ ਜਾਂਦਾ ਹੈ , ਨੂੰ ਬਣਾਓਣ ਲਈ ਰੁੱਖਾਂ ਦੇ ਗੁੱਦੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਕੁੱਝ ਨਰਮ ਲੱਕੜੀ ਦੇ ਰੁੱਖ ਜਿਵੇਂ spruce, fir, larch, hemlock ਅਤੇ ਸ਼ਖਤ ਲੱਕੜੀ ਦੇ ਰੁੱਖ ਜਿਵੇਂ popular, aspen, birch ਆਦਿ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀ ਘਾਹ ਤੇ ਰੁੱਖਾਂ ਦੇ ਰੇਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦੇ ਗੁੱਦੇ ਨੂੰ ਪਾਣੀ ਵਿੱਚ ਤਦ ਤੱਕ ਘੋਲਿਆ ਜਾਂਦਾ ਹੈ ਜਦ ਤੱਕ ਇਹ ਨਰਮ ਨਾ ਹੋ ਜਾਵੇ। ਉਸ ਤੋਂ ਬਾਅਦ ਗੁੱਦੇ ਨੂੰ ਕਾਗਜ਼ ਦੀ ਗੁਣਵੱਤਾ ਦੇ ਅਧਾਰ 'ਤੇ ਵੱਖ-ਵੱਖ ਮਸ਼ੀਨਾਂ ਵਿੱਚ ਭੇਜ ਦਿੱਤਾ ਜਾਂਦਾ। ਜੋ ਗੁੱਦੇ ਨੂੰ ਸੁਕਾ ਕੇ ਪੇਪਰ ਰੋਲ ਤਿਆਰ ਕਰਦੀਆਂ ਹਨ। ਆਮ ਵਰਤੋਂ ਵਾਲੇ ਕਾਗਜ਼ ਜਿਵੇਂ ਅਖ਼ਬਾਰ, ਕਾਪੀ, ਕਿਤਾਬ ਆਦਿ ਲਈ ਨਰਮ ਪੌਦੇ ਦੇ ਰੇਸ਼ਿਆਂ ਤੇ ਕਪਾਹ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਕਾਗਜ਼ ਦੀ ਪੂਰਤੀ ਲਈ ਰੁੱਖਾਂ ਦੀ ਕਟਾਈ
       ਅੱਜ-ਕੱਲ ਬਹੁਤ ਸਾਰੇ ਕਾਰਖਾਨੇ ਕਾਗਜ਼ ਬਣਾਓਣ ਦੀ ਦੌੜ ਵਿੱਚ ਹਨ। ਇਹ ਕਾਰਖ਼ਾਨੇ ਕਾਗਜ਼ ਲਈ ਲਗਾਤਾਰ ਰੁੱਖਾਂ ਨੂੰ ਵੱਢ ਰਹੇ ਹਨ। ਜਿਵੇਂ-ਜਿਵੇਂ ਕਾਗਜ਼ ਦੀ ਮੰਗ ਵਧ ਰਹੀ ਹੈ ਉਸੇ ਤਰ੍ਹਾਂ ਰੁੱਖਾਂ ਦੀ ਕਟਾਈ ਵੀ ਵਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਹਰ ਸਾਲ 3.5 ਬਿਲੀਅਨ ਤੋਂ ਲੈ ਕੇ 7 ਬਿਲੀਅਨ ਰੁੱਖ ਸਿਰਫ਼ ਤੇ ਸਿਰਫ਼ ਕਾਗਜ਼ ਦੀ ਪੂਰਤੀ ਲਈ ਹੀ ਵੱਢ ਲਏ ਜਾਂਦੇ ਹਨ। ਸਾਡੀ ਧਰਤੀ ਹਰ ਸਾਲ 18.7 ਮਿਲੀਅਨ ਏਕੜ ਜੰਗਲ ਕਾਗਜ਼ ਦੀ ਪੂਰਤੀ ਲਈ ਹੀ ਗਵਾ ਰਹੀ ਹੈ ਭਾਵ 27 ਫੁੱਟਬਾਲ ਦੇ ਮੈਦਾਨਾਂ ਬਰਾਬਰ ਰੁੱਖ ਹਰ ਮਿੰਟ ਕਾਗਜ਼ ਲਈ ਕੱਟੇ ਜਾ ਰਹੇ ਹਨ।
ਰੁੱਖਾਂ ਦੀ ਕਟਾਈ ਦਾ ਵਾਤਾਵਰਨ 'ਤੇ ਪ੍ਰਭਾਵ
           ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਦਾ ਵਾਤਾਵਰਨ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। WWF ਦੇ ਅਨੁਸਾਰ ਹਰ ਸਾਲ ਲਗਭਗ 15% ਗਰੀਨ ਹਾਊਸ ਗੈਸਾਂ ਦਾ ਨਿਕਾਸ ਵਣਾ ਦੀ ਕਟਾਈ ਕਾਰਨ ਹੋ ਜਾਂਦਾ ਹੈ। ਜਿਸ ਨਾਲ ਧਰਤੀ ਦੀ ਤਪਸ ਦਿਨੋ ਦਿਨ ਵਧ ਰਹੀ ਹੈ। ਅਸਟਰੇਲੀਆ ਦੇ ਜੰਗਲਾਂ ਦੀ ਅੱਗ ਇਸੇ ਤਪਸ ਦਾ ਨਤੀਜਾ ਹੈ, ਧਰੁੱਵਾਂ ਦੀ ਬਰਫ਼ ਪਿਘਲ ਕੇ ਸਮੁੰਦਰਾਂ ਦੇ ਪੱਧਰ ਨੂੰ ਵਧਾ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਟਾਪੂ ਡੁੱਬਣ ਦੀ ਕਗਾਰ 'ਤੇ ਹਨ। ਇਸ ਕਾਰਨ ਹੀ ਗਲੋਬਲ ਵਾਰਮਿੰਗ ਦੀ ਸਮੱਸਿਆ ਪੈਦਾ ਹੋਈ ਹੈ ਜੋ ਮੌਸਮ ਦੇ ਬੇਮੌਸਮ ਹੋਣ ਦਾ ਕਾਰਨ ਬਣ ਰਹੀ ਹੈ।
ਉਪਰਾਲੇ
          ਇਹਨਾਂ ਸਮੱਸਿਆਵਾਂ ਨੂੰ ਧਿਆਨ 'ਚ ਰੱਖ ਕੇ ਕੁਝ ਕੁ ਦੇਸ਼ਾਂ ਨੇ ਕਾਗਜ਼ ਨੂੰ ਰੀਸਾਇਕਲ ਕਰਨਾ ਸ਼ੁਰੂ ਕੀਤਾ ਹੈ, ਜਿਸ ਕਾਰਨ ਉਹਨਾਂ ਦੇਸ਼ਾਂ ਵਿੱਚ ਵਣਾਂ ਦੀ ਕਟਾਈ 15% ਤੋਂ 35% ਤੱਕ ਘਟੀ ਹੈ। ਭਾਰਤ ਵਿੱਚ ਵੀ ਲਗਭਗ ਹਰ ਸਾਲ 3 ਮਿਲੀਅਨ ਟਨ ਕਾਗਜ਼ ਰੀਸਾਇਕਲ ਕੀਤਾ ਜਾਂਦਾ ਹੈ ਜੋ ਕੁੱਲ ਖਪਤ ਦਾ ਲਗਭਗ 20% ਹੀ ਬਣਦਾ ਹੈ ਅਤੇ ਬਾਕੀ ਬਚੇ ਪੇਪਰ ਚੋਂ 50% ਅਸੀਂ ਜਲਾ ਦਿੰਦੇ ਹਾਂ। ਜੋ ਵਾਤਾਵਰਨ 'ਤੇ ਦੂਹਰੀ ਮਾਰ ਪਾਓਦਾ ਹੈ।
        ਸਾਨੂੰ ਮਾਪੇ, ਅਧਿਆਪਕ ਅਤੇ ਇਸ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਖੁਦ ਨੂੰ ਤੇ ਬੱਚਿਆਂ ਨੂੰ ਕਾਗਜ਼ ਦੀ ਸਹੀ ਵਰਤੋਂ ਕਰਨਾ ਅਤੇ ਬੇਕਾਰ ਹੋ ਚੁੱਕੇ ਕਾਗਜ਼ ਨੂੰ ਅੱਗ ਦੇ ਹਵਾਲੇ ਕਰਨ ਦੀ ਥਾਂ ਰੱਦੀ ਵਿੱਚ ਵੇਚ ਕੇ ਰੀਸਾਇਕਲਿੰਗ ਲਈ  ਭੇਜਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇੱਕ ਤਾਂ ਅਸੀਂ ਕੁਝ ਕਮਾਈਕਰ ਸਕਦੇ ਹਾਂ ਤੇ ਦੂਜਾ ਬਹੁਤ ਸਾਰੇ ਰੁੱਖਾਂ ਨੂੰ ਕੱਟੇ ਜਾਣ ਤੋਂ ਬਚਾ ਸਕਦੇ ਹਾਂ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਧਰਤੀ ਦੀ ਵਧ ਰਹੀ ਤਪਸ ਨੂੰ ਘਟ ਕਰਨ ਅਤੇ ਵਾਤਾਵਰਨ ਨੂੰ ਬਚਾਓਣ ਲਈ ਆਪਣਾ ਯੋਗਦਾਨ ਪਾ ਸਕੀਏ।
ਉਮੀਦਾਂ