ਭਾਰਤੀ ਮੂਲ ਦੀ ਪੱਤਰਕਾਰ ਨਾਲ ਬਦਸਲੂਕੀ

 

ਲੈਸਟਰ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ )-ਲੈਸਟਰ ਵਿਖੇ ਬੀ. ਬੀ. ਸੀ. ਦੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਧਮਕਾਉਣ ਅਤੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ 50 ਸਾਲ ਦੇ ਇਕ ਵਿਅਕਤੀ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਮਾ ਕੋਟੇਚਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਲਾਕਡਾਊਨ ਸਬੰਧੀ ਦਿੱਤੇ ਬਿਆਨ ਦੇ ਸਬੰਧ ਵਿਚ ਲੈਸਟਰ ਸ਼ਹਿਰ ਅੰਦਰ ਇਕ ਸ਼ੋਅ ਲਈ ਮਹਿਮਾਨਾਂ ਦੇ ਨਾਲ ਸੰਪਰਕ ਕਰ ਰਹੀ ਸੀ ਪਰ ਗ਼ਲਤ ਵਿਵਹਾਰ ਦੇ ਚੱਲਦੇ ਉਨ੍ਹਾਂ ਨੂੰ ਆਪਣਾ ਪ੍ਰਸਾਰਨ ਰੋਕਣਾ ਪਿਆ। ਜੌਹਨਸਨ ਨੇ ਕੋਵਿਡ-19 ਦੇ ਕਾਰਨ ਦੇਸ਼ 'ਚ ਕੀਤੀ ਤਾਲਾਬੰਦੀ ਨੂੰ ਹੌਲੀ-ਹੌਲੀ ਖ਼ਤਮ ਕਰਨ ਦੇ ਵਿਸ਼ੇ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਸੀ। ਬੀ. ਬੀ. ਸੀ. ਦੇ ਇਕ ਬੁਲਾਰੇ ਨੇ ਕਿਹਾ ਕਿ ਸਾਡੀ ਪੱਤਰਕਾਰ, ਉਨ੍ਹਾਂ ਦੀ ਪ੍ਰੋਡਕਸ਼ਨ ਟੀਮ ਅਤੇ ਮਹਿਮਾਨ ਪ੍ਰਸਾਰਨ ਦੀ ਤਿਆਰੀ ਕਰ ਰਹੀ ਸੀ ਉਦੋਂ ਉਨ੍ਹਾਂ ਦੇ ਨਾਲ ਨਸਲੀ ਸ਼ੋਸ਼ਣ ਦੀ ਘਟਨਾ ਵਾਪਰੀ ਹੈ। ਅਸੀਂ ਨਸਲਵਾਦ ਜਾਂ ਆਪਣੇ ਕਰਮਚਾਰੀਆਂ ਦੇ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ। ਘਟਨਾ ਦੀ ਸ਼ਿਕਾਇਤ ਲੈਸਟਰਸ਼ਾਇਰ ਦੀ ਪੁਲਸ ਨੂੰ ਕੀਤੀ ਗਈ, ਜਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਇਸ ਮਾਮਲੇ 'ਚ ਰਸੇਲ ਰਾਲਿੰਗਸਨ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ। ਘਟਨਾ ਤੋਂ ਬਾਅਦ ਕੋਟੇਚਾ ਨੇ ਟਵੀਟ ਕੀਤਾ ਕਿ ਅਫ਼ਸੋਸ ਹੈ। ਇਕ ਵਿਅਕਤੀ ਨੇ ਮੇਰੇ ਨਾਲ ਇਤਰਾਜ਼ਯੋਗ ਗੱਲਾਂ ਕੀਤੀਆਂ ਅਤੇ ਰਾਸ਼ਟਰੀ ਸੰਕਟ ਦੀ ਰਿਪੋਰਟਿੰਗ ਨੂੰ ਬੰਦ ਕੀਤਾ ਗਿਆ। ਕੋਟੇਚਾ ਦੇ ਸਮਰਥਨ ਵਿਚ ਹਜ਼ਾਰਾਂ ਲੋਕ ਆਏ ਹਨ।