ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-
ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 15 ਦਿਨਾਂ ਤੋਂ ਦਾਖ਼ਲ ਦੋ ਕੋਰੋਨਾ ਪੀੜਤਾਂ ਦੀ ਦੂਸਰੀ ਰਿਪੋਰਟ ਵੀ ਅੱਜ ਨੈਗੇਟਿਵ ਆਉਣ ’ਤੇ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਰੀਜ਼ਾਂ ਨੂੰ ਛੁੱਟੀ ਮਿਲਣ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਵਿਸ਼ੇਸ਼ ਤੌਰ ’ਤੇ ਉਥੇ ਪਹੁੰਚੇ ਅਤੇ ਉਨਾਂ ਨੇ ਦੋਵਾਂ ਨੂੰ ਸਿਹਤਯਾਬ ਹੋਣ ’ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਰਾਣਾ ਗੁਰਜੀਤ ਸਿੰਘ ਨੇ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਉਨਾਂ ਬਾਕੀ ਮਰੀਜ਼ਾਂ ਦੇ ਵੀ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਸ ਮੌਕੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਫਗਵਾੜਾ ਵਾਪਸ ਪਰਤੇ 14 ਯਾਤਰੀਆਂ ਵਿਚ ਉਕਤ ਦੋਵੇਂ ਮਰੀਜ਼ ਸ਼ਾਮਿਲ ਸਨ, ਜਿਨਾ ਨੂੰ 29 ਅਪ੍ਰੈਲ ਨੂੰ ਫਗਵਾੜਾ ਤੋਂ ਆਈਸੋਲੇਸ਼ਨ ਸੈਂਟਰ ਕਪੂਰਥਲਾ ਵਿਖੇ ਲਿਆਂਦਾ ਗਿਆ ਸੀ। ਉਨਾਂ ਦੱਸਿਆ ਕਿ ਦੋਵਾਂ ਮਰੀਜ਼ਾਂ ਦਾ ਕੱਲ ਟੈਸਟ ਨੈਗੇਟਿਵ ਆਇਆ ਸੀ ਅਤੇ 24 ਘੰਟਿਆਂ ਬਾਅਦ ਵਾਲਾ ਟੈਸਟ ਵੀ ਅੱਜ ਨੈਗੇਟਿਵ ਆਉਣ ’ਤੇ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ। ਉਨਾਂ ਦੱਸਿਆ ਕਿ ਫਗਵਾੜਾ ਦੇ ਸੁਖਚੈਨ ਨਗਰ ਦੇ ਰਹਿਣ ਵਾਲੇ ਦੋਵੇਂ ਮਰੀਜ਼ ਇਕੋ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਦੋਵਾਂ ਮਰੀਜ਼ਾਂ ਨੇ ਆਈਸੋਲੇਸ਼ਨ ਵਾਰਡ ਵਿਚ ਬਿਤਾਏ ਸਮੇਂ ਦੌਰਾਨ ਉਨਾਂ ਦੇ ਵਧੀਆ ਇਲਾਜ ਅਤੇ ਦਿੱਤੀਆ ਸੁਵਿਧਾਵਾਂ ਲਈ ਪੰਜਾਬ ਸਰਕਾਰ, ਸਿਹਤ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਮੋਹਨਪ੍ਰੀਤ, ਡਾ. ਰਾਜੀਵ ਭਗਤ, ਗੁਰਬੀਰ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।