ਦਿੱਲੀ 'ਚ ਮੁੜ ਤੇਜ਼ੀ ਨਾਲ ਵਧੇ ਮਾਮਲੇ

ਇਕ ਦਿਨ 'ਚ ਰਿਕਾਰਡ 13 ਮੌਤਾਂ

ਨਵੀਂ ਦਿੱਲੀ, ਮਈ 2020 -(ਏਜੰਸੀ)- ਰਾਜਧਾਨੀ ਦਿੱਲੀ 'ਚ ਅਚਾਨਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਲੱਗੇ ਹਨ। ਇਕ ਦਿਨ 'ਚ ਰਿਕਾਰਡ 13 ਲੋਕਾਂ ਦੀ ਮੌਤ ਵੀ ਹੋਈ ਹੈ ਤੇ 406 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ 'ਚ ਇਨਫੈਕਟਿਡਾਂ ਦਾ ਅੰਕੜਾ ਅੱਠ ਹਜ਼ਾਰ ਦੇ ਕਰੀਬ ਪੁੱਜ ਗਿਆ ਹੈ। ਮਹਾਰਾਸ਼ਟਰ, ਤਾਮਿਲਨਾਡੂ ਤੇ ਗੁਜਰਾਤ 'ਚ ਵੀ ਹਾਲਾਤ ਬੇਕਾਬੂ ਹਨ ਤੇ ਇਨ੍ਹਾਂ ਸੂਬਿਆਂ ਕਾਰਨ ਦੇਸ਼ ਦਾ ਅੰਕੜਾ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਮੰਗਲਵਾਰ ਨੂੰ ਦੇਸ਼ 'ਚ ਤਿੰਨ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਸੀ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਸ ਮਹਾਮਾਰੀ ਨਾਲ ਹੁਣ ਤਕ 2,293 ਲੋਕਾਂ ਦੀ ਮੌਤ ਹੋਈ ਹੈ ਤੇ 70,756 ਲੋਕ ਇਨਫੈਕਟਿਡ ਹੋਏ ਹਨ। ਹੁਣ ਤਕ 22,793 ਲੋਕ ਠੀਕ ਵੀ ਹੋਏ ਹਨ। ਇਨ੍ਹਾਂ ਅੰਕੜਿਆਂ 'ਚ ਸੋਮਵਾਰ ਸਵੇਰੇ ਤੋਂ ਮੰਗਲਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਜਾਣਕਾਰੀਆਂ ਅਨੁਸਾਰ ਮੰਗਲਵਾਰ ਨੂੰ 3,192 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 73,894 ਹੋ ਗਈ ਹੈ। ਇਸ ਮਹਾਮਾਰੀ ਨਾਲ ਹੁਣ ਤਕ 2,334 ਲੋਕਾਂ ਦੀ ਜਾਨ ਵੀ ਗਈ ਹੈ। ਮੰਗਲਵਾਰ ਨੂੰ 111 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 53, ਗੁਜਰਾਤ 'ਚ 24, ਦਿੱਲੀ 'ਚ 13, ਬੰਗਾਲ ਤੇ ਤਾਮਿਲਨਾਡੂ 'ਚ ਅੱਠ-ਅੱਠ, ਰਾਜਸਥਾਨ 'ਚ ਦੋ ਤੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ 'ਚ ਇਕ-ਇਕ ਮੌਤ ਸ਼ਾਮਲ ਹੈ।