ਪ੍ਰਧਾਨ ਮੰਤਰੀ ਨੇ ਕੀਤਾ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ

ਹਰ ਵਰਗ ਨੂੰ ਮਿਲੇਗੀ ਰਾਹਤ- ਨਰਿੰਦਰ ਮੋਦੀ

ਨਵੀਂ ਦਿੱਲੀ, ਮਈ 2020 -(ਜਨ ਸ਼ਕਤੀ ਨਿਉਜ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਰੋਕਣ ਲਈ ਲਾਗੂ ਲਾਕਡਾਊਨ ਨਾਲ ਪ੍ਰਭਾਵਿਤ ਲੋਕਾਂ ਤੇ ਉਦਯੋਗਾਂ ਲਈ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਮੰਗਲਵਾਰ ਨੂੰ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਉਹ ਇਸ ਪੈਕੇਜ ਦਾ ਐਲਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਸ਼ਾਮ ਅੱਠ ਵਜੇ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਵਿਚ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੁਆਰਾ ਐਲਾਨੇ ਪੈਕੇਜ ਤੇ ਪਹਿਲੇ ਸਰਕਾਰ ਵੱਲੋਂ ਦਿੱਤੇ ਗਏ ਆਰਥਿਕ ਪੈਕੇਜ ਤੇ ਰਿਜ਼ਰਵ ਬੈਂਕ ਦੇ ਫ਼ੈਸਲਿਆਂ ਜ਼ਰੀਏ ਦਿੱਤੀ ਗਈ ਰਾਹਤ ਨੂੰ ਮਿਲਾ ਦਿੱਤਾ ਜਾਵੇ ਤਾਂ ਸਰਕਾਰ ਨੇ 2020 ਵਿਚ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਜੀਡੀਪੀ ਦੇ 10 ਫ਼ੀਸਦੀ ਦੇ ਬਰਾਬਰ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ ਨਵੇਂ ਸੰਕਲਪ ਨਾਲ ਮੈਂ ਅੱਜ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ ਆਤਮਨਿਰਭਰ ਭਾਰਤ ਮੁਹਿੰਮ ਦੀ ਅਹਿਮ ਕੜੀ ਦੇ ਤੌਰ 'ਤੇ ਕੰਮ ਕਰੇਗਾ। ਹੁਣੇ ਜਿਹੇ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ, ਜੋ ਰਿਜ਼ਰਵ ਬੈਂਕ ਦੇ ਫ਼ੈਸਲੇ ਸਨ ਤੇ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦੇਈਏ ਤਾਂ ਇਹ ਕਰੀਬ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਲਗਪਗ 10 ਫ਼ੀਸਦੀ ਹੈ।''

ਉਨ੍ਹਾਂ ਨੇ ਕਿਹਾ, ''ਇਨ੍ਹਾਂ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਾਂ ਨੂੰ, ਆਰਥਿਕ ਵਿਵਸਥਾ ਦੀਆਂ ਕੜੀਆਂ ਨੂੰ 20 ਲੱਖ ਕਰੋੜ ਰੁਪਏ ਦੀ ਮਜ਼ਬੂਤੀ ਮਿਲੇਗੀ।'' ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਿਸ਼ੇਸ਼ ਆਰਥਿਕ ਪੈਕੇਜ ਵਿਚ ਜ਼ਮੀਨ, ਮਜ਼ਦੂਰੀ, ਨਕਦੀ ਤੇ ਕਾਨੂੰਨ 'ਤੇ ਜ਼ੋਰ ਦਿੱਤਾ ਜਾਵੇਗਾ। ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬੁੱਧਵਾਰ ਨੂੰ ਵਿਸ਼ੇਸ਼ ਆਰਥਿਕ ਪੈਕੇਜ ਨਾਲ ਜੁੜੀ ਜਾਣਕਾਰੀ ਸਾਂਝਾ ਕਰੇਗੀ।