ਦੇਸ਼ 'ਚ ਕੋਰੋਨਾ ਨਾਲ 24 ਘੰਟਿਆਂ 'ਚ 103 ਮੌਤਾਂ

 60 ਹਜ਼ਾਰ ਦੇ ਕਰੀਬ ਪੁੱਜਿਆ ਅੰਕੜਾ

 ਮਹਾਰਾਸ਼ਟਰ 'ਚ ਤੀਜੇ ਦਿਨ ਵੀ ਇਕ ਹਜ਼ਾਰ ਤੋਂ ਵੱਧ ਮਾਮਲੇ

ਨਵੀਂ ਦਿੱਲੀ,ਮਈ 2020 -(ਏਜੰਸੀ)-

 ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਢਾਈ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸ਼ੁੱਕਰਵਾਰ ਨੂੰ ਵੀ 2600 ਤੋਂ ਵੱਧ ਨਵੇਂ ਕੇਸ ਮਿਲੇ ਤੇ 80 ਲੋਕਾਂ ਦੀ ਜਾਨ ਚਲੀ ਗਈ। ਇਨਫੈਕਟਿਡ ਦਾ ਅੰਕੜਾ 60 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ ਮਹਾਰਾਸ਼ਟਰ 'ਚ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਮਹਾਰਾਸ਼ਟਰ 'ਚ ਇਕ ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲੇ ਹਨ। ਬੁੱਧਵਾਰ ਤੇ ਵੀਰਵਾਰ ਨੂੰ 1200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 3, 390 ਨਵੇਂ ਮਾਮਲੇ ਮਿਲੇ ਹਨ ਤੇ 103 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਇਨਫੈਕਟਿਡ ਦੀ ਗਿਣਤੀ 56, 342 ਤੇ ਮਰਨ ਵਾਲਿਆਂ ਦੀ ਗਿਣਤੀ 1, 886 ਹੋ ਗਈ ਹੈ। ਹੁਣ ਤਕ ਕਰੀਬ 19 ਹਜ਼ਾਰ ਲੋਕ ਸਿਹਤਮੰਦ ਵੀ ਹੋ ਚੁੱਕੇ ਹਨ। ਪਰ ਇਸ ਅੰਕੜੇ 'ਚ ਵੀਰਵਾਰ ਸਵੇਰ ਤੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਤਕ ਦੀਆਂ ਘਟਨਾਵਾਂ ਸ਼ਾਮਿਲ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਤੋਂ ਮਿਲੀਆਂ ਜਾਣਕਾਰੀਆਂ ਮੁਤਾਬਕ 2,686 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡ ਦੀ ਗਿਣਤੀ 59, 059 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ 1,891 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ 80 ਲੋਕਾਂ ਦੀ ਜਾਨ ਗਈ, ਜਿਸ 'ਚ ਮਹਾਰਾਸ਼ਟਰ 'ਚ 37, ਗੁਜਰਾਤ 'ਚ 24, ਬੰਗਾਲ 'ਚ 9, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ 'ਚ ਤਿੰਨ-ਤਿੰਨ, ਚੰਡੀਗੜ੍ਹ 'ਚ ਦੋ ਤੇ ਰਾਜਸਥਾਨ ਤੇ ਪੰਜਾਬ 'ਚ ਇਕ-ਇਕ ਮੌਤ ਸ਼ਾਮਿਲ ਹੈ।

ਮਹਾਰਾਸ਼ਟਰ 'ਚ ਹੋਰ 1,089 ਨਵੇਂ ਕੇਸ ਮਿਲੇ ਹਨ। ਲਗਾਤਾਰ ਤਿੰਨ ਦਿਨਾਂ ਤੋਂ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਨਫੈਕਟਿਡ ਦੀ ਗਿਣਤੀ 19, 063 ਹੋ ਗਈ ਹੈ। ਹੁਣ ਤਕ 731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ ਦੀ ਧਾਰਾਵੀ ਬਸਤੀ 'ਚ 800 ਤੋਂ ਵੱਧ ਇਨਫੈਕਟਿਡ ਹੋ ਗਏ ਹਨ।

ਤਾਮਿਲਨਾਡੂ 'ਚ ਪਿਛਲੇ ਚਾਰ ਦਿਨਾਂ ਦੇ ਅੰਦਰ ਦੋ ਹਜ਼ਾਰ ਦੇ ਕਰੀਬ ਮਾਮਲੇ ਵਧ ਗਏ ਹਨ। ਸ਼ੁੱਕਰਵਾਰ ਨੂੰ 600 ਨਵੇਂ ਕੇਸ ਮਿਲੇ ਤੇ ਇਨਫੈਕਟਿਡ ਦਾ ਅੰਕੜਾ ਛੇ ਹਜ਼ਾਰ ਨੂੰ ਪਾਰ ਕਰ ਕੇ 6, 009 'ਤੇ ਪਹੁੰਚ ਗਿਆ।

ਗੁਜਰਾਤ 'ਚ ਵੀ ਲਗਾਤਾਰ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 7, 403 ਹੋ ਗਈ ਹੈ। ਸ਼ੁੱਕਰਵਾਰ ਨੂੰ 390 ਨਵੇਂ ਮਾਮਲੇ ਸਾਹਮਣੇ ਆਏ। ਬੰਗਾਲ 'ਚ ਵੀ 130 ਨਵੇਂ ਕੇਸ ਮਿਲੇ ਹਨ ਤੇ 1,678 'ਤੇ ਅੰਕੜਾ ਪਹੁੰਚ ਗਿਆ।

ਯੂਪੀ ਤੇ ਰਾਜਸਥਾਨ 'ਚ ਵੀ ਕੋਰੋਨਾ ਦੇ ਮਾਮਲੇ ਗੱਟ ਨਹੀਂ ਹੋ ਰਹੇ। ਉੱਤਰ ਪ੍ਰਦੇਸ਼ 'ਚ 74 ਤੇ ਰਾਜਸਥਾਨ 'ਚ 64 ਨਵੇਂ ਮਾਮਲੇ ਮਿਲੇ ਹਨ। ਦੋਵਾਂ ਸੂਬਿਆਂ 'ਚ ਲੜੀਵਾਰ 3,145 ਤੇ 3,491 ਇਨਫੈਕਟਿਡ ਮਿਲ ਚੁੱਕੇ ਹਨ। ਮੱਧ ਪ੍ਰਦੇਸ਼ 'ਚ ਵੀ 45 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਦੀ ਗਿਣਤੀ 3,285 ਹੋ ਗਈ ਹੈ। ਓਡੀਸ਼ਾ 'ਚ 52 ਨਵੇਂ ਕੇਸ ਮਿਲੇ ਹਨ, ਜਿਹੜੇ ਸੂਬੇ 'ਚ ਇਕ ਦਿਨ 'ਚ ਹੁਣ ਤਕ ਮਿਲੇ ਨਵੇਂ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਨਫੈਕਟਿਡ ਦਾ ਅੰਕੜਾ 272 'ਤੇ ਪਹੁੰਚ ਗਿਆ ਹੈ। 56 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਦੀ ਗਿਣਤੀ ਪੰਜਾਬ 'ਚ 1,753 ਤੇ 30 ਨਵੇਂ ਕੇਸਾਂ ਨਾਲ ਜੰਮੂ-ਕਸ਼ਮੀਰ 'ਚ 823 ਹੋ ਗਈ ਹੈ। ਬਿਹਾਰ 'ਚ 13 ਤੇ ਹਰਿਆਣਾ 'ਚ 20 ਨਵੇਂ ਕੇਸ ਮਿਲੇ ਹਨ। ਬਿਹਾਰ 'ਚ ਇਨਫੈਕਟਿਡ ਦੀ ਗਿਣਤੀ 563 ਤੇ ਹਰਿਆਣਾ 'ਚ 643 ਹੋ ਗਈ ਹੈ।