ਪਿੰਡ ਗੁੱਜਰਾਂ ’ਚ ਦੋ ਬੱਚਿਆਂ ਦੀ ਮੌਤ ਦਾ ਮਾਮਲਾ ਵੱਡੀ ਓਲਜਣ

ਦਿੜ੍ਹਬਾ ਮੰਡੀ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪਿੰਡ ਗੁੱਜਰਾਂ ਵਿਚ ਬੱਚਿਆਂ ਦੇ ਪੋਲੀਓ ਦੇ ਟੀਕੇ ਲੱਗਣ ਤੋਂ ਹਫਤਾ ਬਾਅਦ ਦੋ ਦਲਿਤ ਪਰਿਵਾਰਾਂ ਦੇ ਬੱਚਿਆਂ ਦੀ ਹੋਈ ਮੌਤ ਬੁਝਾਰਤ ਬਣੀ ਹੋਈ ਹੈ। ਮ੍ਰਿਤਕ ਬੱਚੇ ਦੀ ਮਾਂ ਕਰਮਜੀਤ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਗੁੱਜਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਮਹੀਨਿਆਂ ਦੇ ਬੱਚੇ ਦੇ ਪਿਛਲੇ ਹਫਤੇ ਪੋਲੀਓ ਦਾ ਟੀਕਾ ਲੱਗਾ ਸੀ। ਉਸ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ। ਗੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਡੇਢ ਮਹੀਨੇ ਦੀ ਬੱਚੀ ਦੇ ਵੀ ਉਸੇ ਦਿਨ ਪੋਲੀਓ ਦਾ ਟੀਕਾ ਲੱਗਿਆ ਸੀ। ਇਸ ਤੋਂ ਬਾਅਦ ਬਿਮਾਰ ਰਹਿਣ ਤੋਂ ਬਾਅਦ 6 ਮਈ ਨੂੰ ਉਸ ਦੀ ਮੌਤ ਹੋ ਗਈ। ਚਮਕੌਰ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੇ ਵੀ ਹਫਤਾ ਪਹਿਲਾਂ ਪੋਲੀਓ ਦਾ ਟੀਕਾ ਲੱਗਿਆ ਸੀ ਜੋ ਕੁੱਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਸਰਕਾਰੀ ਹਸਪਤਾਲ ਸੰਗਰੂਰ ’ਚ ਜ਼ੇਰੇ ਇਲਾਜ ਹੈ।
ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਕਤ ਟੀਕਿਆਂ ਕਾਰਨ ਹੀ ਉਨ੍ਹਾਂ ਦੇ ਬੱਚੇ ਬਿਮਾਰ ਹੋਏ ਹਨ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾ ਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਲਾਲ ਸਿੰਘ ਤੇ ਲਖਵੀਰ ਸਿੰਘ ਨੇ ਦੱਸਿਆ ਕਿ ਉਕਤ ਬੱਚੇ ਜਦੋਂ ਬਿਮਾਰ ਹੋਏ ਸਨ ਤਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਬਲਕਿ ਉਨ੍ਹਾਂ ਨੂੰ ਸਿਰਫ ਗੋਲੀਆਂ ਦੇ ਕੇ ਘਰ ਤੋਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਜਥੇਬੰਦੀ ਨੇ ਜਦੋਂ ਉਕਤ ਡਿਸਪੈਂਸਰੀ ਵਿੱਚ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਜਥੇਬੰਦੀ ਵਲੋਂ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।