ਰੇਲ ਪੱਟੜੀ ਸਹਾਰੇ ਘਰਾਂ ਨੂੰ ਪਰਤ ਰਹੇ 14 ਮਜ਼ਦੂਰ ਮਾਲਗੱਡੀ ਨੇ ਦਰੜੇ

ਨਵੀਂ ਦਿੱਲੀ , ਮਈ 2020 -(ਏਜੰਸੀ)-ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਕ ਪਾਸੇ ਲਗਾਤਾਰ ਸਾਹਮਣੇ ਆਏ ਨਵੇਂ ਮਾਮਲੇ ਤੇ ਮਰਦੇ ਲੋਕ, ਤਾਂ ਦੂਸਰੇ ਪਾਸੇ ਲਾਕਡਾਊਨ ਕਾਰਨ ਠੱਪ ਪਈ ਅਰਥਵਿਵਸਥਾ। ਇਨ੍ਹਾਂ ਸਭ ਦੇ ਵਿਚਕਾਰ ਸਭ ਤੋਂ ਵੱਧ ਪਰੇਸ਼ਾਨੀ ਝੱਲ ਰਹੇ ਹਨ ਗ਼ਰੀਬ ਤੇ ਮਜ਼ਦੂਰ। ਉਹ ਮਜ਼ਦੂਰ ਜਿਹੜੇ ਕੰਮ ਦੀ ਤਲਾਸ਼ 'ਚ ਘਰੋਂ ਦੂਰ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਘਰ ਜਾਣਾ ਹੈ। ਸਰਕਾਰਾਂ ਹਰ ਸੰਭਵ ਮਦਦ ਕਰ ਰਹੀਆਂ ਹਨ, ਪਰ ਬੇਸਬਰੀ ਵਧਦੀ ਜਾ ਰਹੀ ਹੈ। ਅਜਿਹੇ ਵਿਚ ਕਈ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਹਾਦਸਾ ਵੀਰਵਾਰ ਦੇਰ ਰਾਤ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਹੋਇਆ। ਦੇਰ ਰਾਤ ਆਪਣੇ ਘਰ ਜਾ ਰਹੇ 14 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਇਹ ਰੇਲ ਪੱਟੜੀ ਸਹਾਰੇ ਜਾਲਨਾ ਤੋਂ ਭੁਸਾਵਲ ਜਾ ਰਹੇ ਸਨ। ਔਰੰਗਾਬਾਦ ਨੇੜੇ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਇਨ੍ਹਾਂ ਦੀ ਮੌਤ ਹੋ ਗਈ। ਸਾਰੇ ਮਜ਼ਦੂਰ ਛੱਤੀਸਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।