ਮੰਡੀਆਂ ਚ ਬਾਰਦਾਨੇ ਦੀ ਘਾਟ ਲਈ ਅਧਿਕਾਰੀ ਜਿੰਮੇਵਾਰ-  ਮਹੰਤ ਠੀਕਰੀਵਾਲ

ਮਹਿਲ ਕਲਾਂ ,ਮਈ 2020 - (ਗੁਰਸੇਵਕ ਸਿੰਘ ਸੋਹੀ) -  ਇੱਕ ਪਾਸੇ ਵਿਸ਼ਵ ਵਿਆਪੀ ਮਹਾਂਮਾਰੀ  ਕਰੋਨਾ ਕਾਰਨ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਲਾਗੂ ਪਾਬੰਦੀਆਂ ਕਾਰਨ ਕਿਸਾਨਾਂ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ, ਦੂਜੇ ਪਾਸੇ ਕਣਕ ਦੀ ਖਰੀਦ ਨਾਲ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਆੜਤੀਆਂ ਨੂੰ ਵੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਆੜਤੀਆਂ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾ ਕਿਹਾ ਕਿ ਕਰੋਨਾ ਦੇ ਖਤਰੇ ਦੇ ਮੱਦੇਨਜ਼ਰ ਕਿਸਾਨਾਂ ਅਤੇ ਆੜਤੀਆਂ ਨੇ ਮੰਡੀਆਂ ਚ ਸਰਕਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ। ਇਸ ਕਰਕੇ ਕਣਕ ਦੀ ਖਰੀਦ ਤੱਕ ਮੰਡੀਆਂ ਦਾ ਪ੍ਰਬੰਧ ਲਗਭਗ ਠੀਕ ਰਿਹਾ । ਪਰੰਤੂ ਬਾਰਦਾਨੇ ਦੀ ਘਾਟ ਕਾਰਨ ਕੁਝ ਮੰਡੀਆਂ ਚ ਆੜਤੀਆਂ ਨੂੰ ਲਿਫਟਿੰਗ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਜਦ ਬਾਰਦਾਨੇ ਦੀ ਘਾਟ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਜਵਾਬ ਦਿੰਦੇ ਹਨ ਕਿ ਅਜੇ ਨਵਾਂ ਬਾਰਦਾਨਾ ਪੂਰਾ ਨਹੀ ਆਇਆ,ਤੁਸੀ ਪਿਛਲੇ ਸੀਜ਼ਨ ਵਾਲਾ ਬਾਰਦਾਨਾ ਲੈ ਜਾਓ ਅਤੇ ਉਸ ਉੱਪਰ ਨਵੇਂ ਸੀਜ਼ਨ ਦੀ ਮੋਹਰ ਲਗਾ ਕੇ ਕਣਕ ਦੀ ਭਰਤੀ ਕਰ ਲਓ। ਉਨ੍ਹਾ ਕਿਹਾ ਕਿ ਬਾਰਦਾਨੇ ਦੀ ਘਾਟ ਸਬੰਧੀ ਅਧਿਕਾਰੀਆਂ ਦੇ ਜਵਾਬ ਤੋਂ ਸਪੱਸ਼ਟ ਹੈ ਕਿ ਇਸ ਸਮੱਸਿਆ ਲਈ ਸਿਰਫ਼ ਅਧਿਕਾਰੀ ਹੀ ਜਿੰਮੇਵਾਰ ਹਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾ ਹੀ  ਬਾਰਦਾਨੇ ਸਮੇਤ ਸਾਰੀਆਂ ਸਹੂਲਤਾਂ ਪੂਰੀਆਂ ਰੱਖਣ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਗਏ ਸਨ। ਪਰ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਅਧਿਕਾਰੀਆਂ ਨੇ ਕਣਕ ਦੀ ਖਰੀਦ ਅੰਕੜਿਆਂ ਮੁਤਾਬਿਕ ਬਾਰਦਾਨਾ ਤਿਆਰ ਨਹੀ ਕਰਾਇਆ। ਜਿਸ ਕਰਕੇ ਲਿਫਟਿੰਗ ਸਮੱਸਿਆ ਆ ਰਹੀ ਹੈ ਅਤੇ ਮੰਡੀਆਂ ਚ ਕਿਸਾਨਾਂ ਤੋਂ ਖਰੀਦੀ ਜਾਂ ਚੁੱਕੀ ਕਣਕ ਦੇ ਢੇਰ ਲੱਗੇ ਹੋਏ ਹਨ। ਉਨ੍ਹਾ ਮੰਗ ਕੀਤੀ ਕਿ ਕਣਕ ਤੇ ਝੋਨੇ ਦੀ ਖਰੀਦ ਤੋਂ ਲੈ ਕੇ ਸੈਂਲਰ/ ਗੁਦਾਮ ਤੱਕ ਫਸਲ ਪਹੁੰਚਾਉਣ ਦੇ ਸਾਰੇ ਪ੍ਰਬੰਧ ਆੜਤੀਆਂ ਨੂੰ ਹੀ ਦੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਖਰੀਦ ਪ੍ਰਕਿਰਿਆ ਦੇ ਨਾਲ ਨਾਲ ਫਸਲ ਨੂੰ ਸੰਭਾਲਣ ਦਾ ਕੰਮ ਵੀ ਚਲਦਾ ਰਹੇ।