ਕੋਰੋਨਾ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕੀਤਾ ਜਾਵੇ

(ਫੋਟੋ :-ਤੂੜੀ ਬਣਾਉਣ ਉਪਰੰਤ ਕਣਕ ਦੇ ਨਾੜ ਨੂੰ ਜ਼ਮੀਨ ਵਿਚ ਮਿਲਾਉਂਦਾ ਹੋਇਆ ਇਕ ਕਿਸਾਨ)

 

ਵਿਸ਼ੇਸ਼ ਟੀਮਾਂ ਵੱਲੋਂ ਅੱਗ ਲਗਾਉਣ ਵਾਲੇ ਕਿਸਾਨਾਂ ’ਤੇ ਰੱਖੀ ਜਾ ਰਹੀ ਹੈ ਨਜ਼ਰ-ਮੁੱਖ ਖੇਤੀਬਾੜੀ ਅਫ਼ਸਰ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਵਾਤਾਵਰਨ ਕੋਰਟ ਨੈਸ਼ਨਲ ਗ੍ਰੀਨ ਟਿ੍ਰਬਿੳੂਨਲ ਨਵੀਂ ਦਿੱਲੀ ਦੇ ਹੁਕਮਾਂ ਦੀ ਪਾਲਣਾ ਹਿੱਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਦਫ਼ਾ 144 ਲਗਾ ਕੇ ਕਣਕ ਦੇ ਨਾੜ ਨੂੰ ਅੱਗ ਲਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਉਂਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਵਾਤਾਵਰਨ, ਜੀਵ-ਜੰਤੂਆਂ, ਨਾਲ ਲੱਗਦੀ ਫ਼ਸਲ, ਸੜਕਾਂ ’ਤੇ ਲੱਗੇ ਬੂਟਿਆਂ ਅਤੇ ਦਰੱਖ਼ਤਾਂ ਦਾ ਨੁਕਸਾਨ ਹੁੰਦਾ ਹੈ। ਮਿੱਤਰ ਜੀਵ ਮਰ ਜਾਂਦੇ ਹਨ ਅਤੇ ਧਰਤੀ ਦੀ ਸਿਹਤ ਖ਼ਰਾਬ ਹੁੰਦੀ ਹੈ ਅਤੇ ਕਈ ਵਾਰ ਭਿਆਨਕ ਹਾਦਸੇ ਹੁੰਦੇ ਹਨ। ਅੱਗ ਨਾਲ ਪੈਦਾ ਧੂੰਆਂ ਸਾਡੇ ਫੇਫੜਿਆਂ ਅਤੇ ਸਾਡੀ ਸਿਹਤ ਨੂੰ ਖ਼ਰਾਬ ਕਰਦਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਨਾਜਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਮਿਲਾਉਣਾ ਚਾਹੀਦਾ ਹੈ ਅਤੇ ਮਾਨਵਤਾ ਹਿੱਤ ਕਿਸੇ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ ਕੁਦਰਤ ਦੇ ਖਿਲਾਫ਼ ਹੈ। ਉਨਾਂ ਦੱਸਿਆ ਕਿ ਕਣਕ ਦੀ ਤੂੜੀ ਬਣਾਉਣ ਉਪਰੰਤ ਖੇਤਾਂ ਦੀਆਂ ਨੁੱਕਰਾਂ ਵਿਚ ਬਚੇ ਨਾੜ ਨੂੰ ਅਸਾਨੀ ਨਾਲ ਜ਼ਮੀਨ ਵਿਚ ਵਾਹਿਆ ਜਾ ਸਕਦਾ ਹੈ। ਇਸ ਵੇਲੇ ਝੋਨੇ ਦੀ ਬਿਜਾਈ ਵਿਚ ਅਜੇ ਸਮਾਂ ਹੈ ਅਤੇ ਕਿਸਾਨ ਆਪਣੇ ਖੇਤਾਂ ਵਿਚ ਮੂੰਗੀ ਜਾਂ ਜੰਤਰ ਬੀਜ ਕੇ ਹਰੀ ਖਾਦ ਤਿਆਰ ਕਰ ਸਕਦੇ ਹਨ। ਹਰੀ ਖਾਦ ਤਿਆਰ ਕਰਲ ਦੇ ਨਾਲ ਕਿਸਾਨ ਧਰਤੀ ਦੀ ਸਿਹਤ ਸੁਧਾਰਦੇ ਹੋਏ ਮੂੰਗੀ ਤੋਂ ਵਾਧੂ ਆਮਦਨ ਵੀ ਲੈ ਸਕਦੇ ਹਨ। ਉਨਾਂ ਸੱਦਾ ਦਿੱਤਾ ਕਿ ਆਓ, ਕਰੋਨਾ ਬਿਮਾਰੀ ਦੀ ਮਹਾਂਮਾਰੀ ਦੇ ਪ੍ਰਕੋਪ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਮਿਲ ਕੇ ਕਣਕ ਦੇ ਨਾੜ ਨੂੰ ਨਾ ਸਾੜੀਏ ਅਤੇ ਆਪਣੇ ਆਸਪਾਸ ਵੀ ਕਿਸੇ ਨੂੰ ਨਾੜ ਨਾ ਸੜਨ ਦੇਈਏ। ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਨਾਲ ਪਲੀਤ ਵਾਤਾਵਰਨ ਸਾਡੀ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਸਾਨੂੰ ਕੋਰੋਨਾ ਬਿਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ। ਉਨਾਂ ਕਿਹਾ ਕਿ ਜਿਹੜੇ ਵੀ ਕਿਸਾਨ ਜਾਣਬੁੱਝ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਹੁਕਮਾਂ ਦੀ ਉਲੰਘਣਾ ਕਰਕੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਗੇ, ਉਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਜ਼ਿਲੇ ਵਿਚ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।