ਪੰਚਕੂਲਾ 'ਚ ਇਕ ਹੀ ਪਰਿਵਾਰ ਦੇ ਅੱਠ ਜੀਆਂ ਨੂੰ ਕੋਰੋਨਾ

ਹਰਿਆਣਾ 'ਚ 15 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ ,ਅਪ੍ਰੈਲ2 2020 -(ਏਜੰਸੀ)-

ਹਰਿਆਣਾ 'ਚ ਕੋਰੋਨਾ ਨਾਲ ਜੰਗ ਜਾਰੀ ਹੈ। ਵੀਰਵਾਰ ਨੂੰ ਰਾਜ 'ਚ 15 ਹੋਰ ਨਵੇਂ ਮਾਮਲੇ ਮਿਲੇ, ਜਦੋਂਕਿ ਅੱਠ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਪੰਚਕੂਲਾ 'ਚ ਇਕ ਹੀ ਪਰਿਵਾਰ ਦੇ ਅੱਠ ਹੋਰ ਜੀਅ ਕੋਰੋਨਾ ਦੀ ਲਪੇਟ 'ਚ ਆ ਗਏ। ਨੂੰਹ 'ਚ ਸੱਤ ਨਵੇਂ ਇਨਫੈਕਟਡ ਮਾਮਲੇ ਸਾਹਮਣੇ ਆਏ ਹਨ। ਫਰੀਦਾਬਾਦ ਅਤੇ ਪਲਵਲ 'ਚ ਤਿੰਨ-ਤਿੰਨ ਅਤੇ ਭਾਵਨੀ ਅਤੇ ਨੁੰਹ 'ਚ ਇਕ-ਇਕ ਮਰੀਜ਼ ਠੀਕ ਹੋਏ ਹਨ।

ਰਾਜ ਸਰਕਾਰ ਨੇ ਪਹਿਲੀ ਵਾਰ ਇਟਲੀ ਦੇ ਉਨ੍ਹਾਂ 14 ਵਿਅਕਤੀਆਂ ਨੂੰ ਵੀ ਆਪਣੀ ਸੂਚੀ 'ਚ ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ। ਇਨ੍ਹਾਂ 'ਚੋਂ 13 ਠੀਕ ਹੋ ਗਏ ਸਨ। ਹਾਲਾਂਕਿ ਇਨ੍ਹਾਂ 'ਚੋਂ ਇਕ ਵਿਦੇਸ਼ੀ ਦੀ ਬਾਅਦ 'ਚ ਕਿਸੇ ਹੋਰ ਬਿਮਾਰੀ ਨਾਲ ਮੌਤ ਹੋ ਗਈ ਸੀ। ਇਕ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਸੀ।

ਰਾਜ 'ਚ ਹੁਣ ਤਕ ਕੋਰੋਨਾ ਦ ਕੁੱਲ 219 ਮਾਮਲੇ ਆਏ ਹਨ, ਜਿਨ੍ਹਾਂ 'ਚੋਂ 64 ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਫਿਲਹਾਲ 151 ਮਰੀਜ਼ ਹਸਪਤਾਲਾਂ 'ਚ ਦਾਖ਼ਲ ਹਨ, ਜਿਨ੍ਹਾਂ 'ਚ 122 ਤਬਲੀਗੀ ਜਮਾਤ ਦੇ ਹਨ। 49 ਮਰੀਜ਼ ਨੂੰਹ 'ਚ, ਫਰੀਦਾਬਾਦ 'ਚ 22, ਪਲਵਲ 'ਚ 26, ਗੁਰੂਗ੍ਰਾਮ 'ਚ 15 ਅਤੇ ਪੰਚਕੂਲਾ 'ਚ 12 ਮਰੀਜ਼ ਹਨ। ਇਸ ਤੋਂ ਇਲਾਵਾ ਅੰਬਾਲਾ 'ਚ ਪੰਜ, ਸੋਨੀਪਤ ਤੇ ਯਮੁਨਾਨਗਰ 'ਚ ਤਿੰਨ-ਤਿੰਨ, ਜੀਂਦ, ਕਰਨਾਲ, ਕੈਥਲ, ਕੁਰੂਕਸ਼ੇਤਰ ਅਤੇ ਸਿਰਸਾ 'ਚ ਦੋ-ਦੋ ਅਤੇ ਹਿਸਾਰ ਤੇ ਪਾਨੀਪਤ 'ਚ ਇਕ-ਇਕ ਮਰੀਜ਼ ਹੈ। ਹੁਣ ਤਕ ਗੁਰੂਗ੍ਰਾਮ 'ਚ 17, ਕਰਨਾਲ 'ਚ ਤਿੰਨ, ਪਲਵਲ ਤੇ ਪਾਨੀਪਤ 'ਚ ਚਾਰ-ਚਾਰ, ਪੰਚਕੂਲਾ, ਸਿਰਸਾ, ਅੰਬਾਲਾ ਤੇ ਭਿਵਾਨੀ 'ਚ ਦੋ-ਦੋ ਅਤੇ ਫਤੇਹਬਾਦ, ਹਿਸਾਰ,ਨੂੰਹ ਤੇ ਸੋਨੀਪਤ 'ਚ ਇਕ-ਇਕ ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ।