ਆਈ ਸੀ ਯੂ ਤੋਂ ਬਾਹਰ ਆਏ UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, 

ਯੂ ਕੇ 'ਚ 24 ਘੰਟਿਆਂ ਦੌਰਾਨ 887 ਮੌਤਾਂ

ਲੰਡਨ, ਅਪ੍ਰੈਲ 2020 (ਏਜੰਸੀ) 

 ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਈਸੀਯੂ ਤੋਂ ਬਾਹਰ ਆ ਗਏ ਹਨ। ਸਰਕਾਰੀ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਮ ਨੂੰ ਆਈਸੀਯੂ ਤੋਂ ਹੁਣ ਵਾਰਡ 'ਚ ਆ ਗਏ ਹਨ। ਜੌਨਸਨ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਆਇਆ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਕਲੋਜ਼ ਮੌਨੀਟਰਿੰਗ ਕਰ ਰਹੀ ਹੈ। 10 ਦਿਨਾਂ ਬਾਅਦ ਵੀ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਐਤਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਜੌਨਸਨ ਦੀ ਲਗਾਤਾਰ ਤੀਜੀ ਰਾਤ ਲੰਡਨ ਦੇ ਇਕ ਹਸਪਤਾਲ ਦੇ ਆਈਸੀਯੂ 'ਚ ਬੀਤੀ ਅਤੇ ਉਨ੍ਹਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਡਾਊਨਿੰਗ ਸਟਰੀਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ 55 ਵਰ੍ਹਿਆਂ ਦੇ ਪ੍ਰਧਾਨ ਮੰਤਰੀ ਜੌਨਸਨ ਨੂੰ ਸੋਮਵਾਰ ਦੀ ਰਾਤ ਹਾਲਤ ਵਿਗੜਨ 'ਤੇ ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਨਿਮੋਨੀਆ ਨਹੀਂ ਹੋਇਆ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਜ਼ਰੂਰਤ ਨਹੀਂ ਮਹਿਸੂਸ ਕੀਤੀ ਗਈ। ਡਾਊਨਿੰਗ ਸਟੀਰਟ ਦੇ ਇਕ ਬੁਲਾਰੇ ਨੇ ਬੁੱਧਵਾਰ ਰਾਤ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।

ਉੱਥੇ ਹੀ ਬ੍ਰਿਟੇਨ 'ਚ ਇਕ ਦਿਨ ਵਿਚ 887 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਕੁੱਲ ਗਿਣਤੀ 7,984 ਤਕ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਡੌਮਿਨਿਕ ਰਾਬ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਕੰਮਕਾਜ ਦੇਖ ਰਹੇ ਹਨ। ਉਹ ਵੀਰਵਾਰ ਨੂੰ ਕੋਬਰਾ ਐਮਰਜੈਂਸੀ ਬੈਠਕ ਦੀ ਨੁਮਾਇੰਦਗੀ ਕਰਨਗੇ ਜਿਸ ਵਿਚ ਦੇਸ਼ ਵਿਚ ਲਾਗੂ ਲਾਕਡਾਊਨ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ 'ਚ ਵਿਚਾਰ ਹੋਵੇਗਾ ਕਿ 23 ਮਾਰਚ ਨੂੰ ਲਾਗੂ ਕੀਤੇ ਗਏ 21 ਦਿਨਾ ਲਾਕਡਾਊਨ ਨੂੰ ਅੱਗੇ ਵਧਾਇਆ ਜਾਵੇ ਜਾਂ ਨਹੀਂ।