ਅਮਰੀਕਾ,ਕੈਨੇਡਾ ਲਈ 300 ਪ੍ਰਵਾਸੀ ਭਾਰਤੀ ਵਿਸ਼ੇਸ਼ ਉਡਾਨਾਂ ਰਾਹੀਂ ਅੰਮ੍ਰਿਤਸਰ ਤੋਂ ਰਵਾਨਾ

ਅੰਮ੍ਰਿਤਸਰ ,ਅਪ੍ਰੈਲ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟਮਈ ਹਾਲਾ ਤ ਦੇ ਚਲਦਿਆਂ ਸਾਰੇ ਦੇਸ਼ ਵਿਚ ਕੀਤੇ ਗਏ ਲਾਕਡਾਊਨ ਕਾਰਨ ਹਵਾਈ ਉਡਾਨਾਂ ਬੰਦ ਹੋਣ ਕਾਰਨ ਪੰਜਾਬ ਵਿਚ ਫਸੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਲਿਜਾਣ ਦੇ ਕੀਤੇ ਗਏ ਉਪਰਾਲੇ ਤਹਿਤ ਦੋ ਵਿਸ਼ੇਸ਼ ਜਹਾਜਾਂ ਰਾਹੀਂ ਕੈਨੇਡਾ ਅਤੇ ਅਮਰੀਕਾ ਲਈ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੋ ਜਹਾਜ਼ ਦਿੱਲੀ ਹਵਾਈ ਅੱਡੇ ਲਈ ਗਏ, ਜਿਥੋਂ ਇਹ ਆਪਣੇ-ਆਪਣੇ ਦੇਸ਼ ਲਈ ਉਡਾਨ ਭਰਨਗੇ।

ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਦਰਅਸਲ ਉਡਾਣਾਂ ਰੱਦ ਹੋਣ ਕਾਰਨ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਆਏ ਪ੍ਰਵਾਸੀ ਭਾਰਤੀ, ਜੋ ਕਿ ਆਪਣੇ ਪਿੰਡਾਂ, ਸ਼ਹਿਰਾਂ ਵਿਚ ਜਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ, ਉਡਾਨਾਂ ਰੱਦ ਹੋਣ ਕਾਰਨ ਪੰਜਾਬ ਵਿਚ ਹੀ ਫਸ ਗਏੇ ਸਨ ਪਰ ਹੁਣ ਅਮਰੀਕਾ ਅਤੇ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਦੀ ਪ੍ਰਕਿਰਿਆ ਆਰੰਭੀ ਗਈ ਹੈ, ਜਿਸ ਤਹਿਤ ਅੱਜ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 2 ਉਡਾਣਾਂ ਰਾਹੀਂ 300 ਦੇ ਕਰੀਬ ਯਾਤਰੀ ਰਵਾਨਾ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਕੈਨੇਡਾ ਅਤੇ ਅਮਰੀਕਾ ਦੂਤਾਵਾਸ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਅਤੇ ਪੰਜਾਬ ਵੱਲੋਂ ਇਨਾਂ ਨਾਗਰਿਕਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਲਈ ਕਰਫਿਊ ਪਾਸ ਜਾਰੀ ਕਰਕੇ ਅੰਮ੍ਰਿਤਸਰ ਤੱਕ ਦੀ ਰਾਹਦਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ 96 ਯਾਤਰੀ ਏਅਰ ਇੰਡੀਆ ਦੀ ਉਡਾਣ ਰਾਹੀਂ ਦਿੱਲੀ ਲਈ ਸ਼ਾਮ 7.15 ਵਜੇ ਰਵਾਨਾ ਹੋਏ, ਜਿਥੋਂ ਉਨ੍ਹਾਂ ਨੂੰ ਚਾਰਟੇਡ ਫਲਾਈਟ ਰਾਹੀਂ ਸਾਨ ਫਰਾਂਸਿਸਕੋ ਜਾਣਗੇ। ਇਸੇ ਤਰਾਂ ਰਾਤ 11.30 ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 204 ਯਾਤਰੀ ਦਿੱਲੀ ਲਈ ਰਵਾਨਾ ਹੋਣਗੇ ਅਤੇ ਉਸ ਤੋਂ ਬਾਅਦ ਦਿੱਲੀ ਤੋਂ ਵਾਇਆ ਬਰਮਿੰਘਮ ਟੋਰੰਟੋ ਪਹੁੰਚਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ 9 ਅਪ੍ਰੈਲ ਨੂੰ ਵੀ ਵਿਸ਼ੇਸ਼ ਉਡਾਣਾਂ ਰਾਹੀਂ ਅਮਰੀਕਾ ਅਤੇ ਕੈਨਡਾ ਲਈ ਹੋਰ ਯਾਤਰੀ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਉਹ ਲੋਕ ਹਨ ਜੋ ਪਿਛਲੇ ਸਮੇਂ ਦੌਰਾਨ ਪੰਜਾਬ ਚ ਪਰਿਵਾਰਿਕ ਸਮਾਗਮਾਂ ਚ ਸ਼ਿਰਕਤ ਕਰਨ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਪਰ ਲਾਕਡਾਊਨ ਕਾਰਨ ਇਥੇ ਫਸ ਗਏ ਸਨ। ਇਨਾਂ ਵਿਚੋਂ ਬਹੁਤਿਆਂ ਨੇ 14 ਦਿਨ ਦਾ ਇਕਾਂਤਵਾਸ ਵੀ ਕੱਟਿਆ ਹੋਇਆ ਹੈ ਅਤੇ ਅੱਜ ਵੀ ਏਅਰ ਪੋਰਟ ਤੇ ਸਿਹਤ ਵਿਭਾਗ ਵਲੋਂ ਇਨਾਂ ਦੀ ਮੁਕੰਮਲ ਜਾਂਚ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੰਗਲੈਂਡ ਦੀ ਸਰਕਾਰ ਵਲੋਂ ਵੀ ਦੇਸ਼ ਚ ਫਸੇ 4000 ਲੋਕਾਂ ਨੂੰ ਲਿਜਾਉਣ ਦੀ ਪਕ੍ਰਿਰਿਆ ਵੀ ਛੇਤੀ ਆਰੰਭੀ ਜਾਵੇਗੀ।

ਉਧਰ ਪਿਛਲੇ ਕਾਫੀ ਦਿਨਾਂ ਤੋਂ ਇਥੇ ਰੁਕੇ ਪ੍ਰਵਾਸੀ ਭਾਰਤੀਆਂ ਵਿਚ ਬਹੁਤ ਖੁਸ਼ੀ ਦੇਖਣ ਨੂੰ ਮਿਲੀ । ਉਨ੍ਹਾਂ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸਨ ਕਿ ਇਨ੍ਹਾਂ ਹਾਲਤਾਂ ਚ ਉਨ੍ਹਾਂ ਦੀ ਵਾਪਸੀ ਕਿਸ ਤਰ੍ਹਾਂ ਨਾਲ ਹੋਵੇਗੀ ਪਰ ਸਰਕਾਰਾਂ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਕੈਨੇਡਾ ਤੇ ਅਮਰੀਕਾ ਦੇ ਯਾਤਰੀਆਂ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਭਾਰਤ ਵਲੋਂ ਕੀਤੇ ਗਏ ਲਾਕਡਾਊਨ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਦਿੱਲੀ ਸਥਿਤ ਦੂਤਾਵਾਸ ਨਾਲ ਸੰਪਰਕ ਕਰਕੇ ਆਨਲਾਈਨ ਫਾਰਮ ਭਰਿਆ ਗਿਆ ਸੀ ਜਿਸ ਦੇ ਚਲਦਿਆਂ ਹੁਣ ਉਨ੍ਹਾਂ ਦੀ ਵਾਪਸੀ ਸੰਭਵ ਹੋਈ ਹੈ।