ਕਪੂਰਥਲਾ ,ਅਪ੍ਰੈਲ 2020-(ਹਰਜੀਤ ਸਿੰਘ ਵਿਰਕ)-
ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਣਕਾਰੀ ਦੇਣ ਲਈ ਸ਼ੁਰੂ ਕੀਤੀ ਗਈ ਐਂਡਰਾਇਡ ਅਤੇ ਆਈ ਫ਼ੋਨ ਮੋਬਾਇਲਾਂ ’ਤੇ ਡਾਊਨਲੋਡ ਹੋ ਸਕਣ ਵਾਲੀ ‘ਕੋਵਾ ਪੰਜਾਬ’ ਐਪ ਹੁਣ ਕਰਫ਼ਿਊ ਦੌਰਾਨ ਘਰਾਂ ’ਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਅਤੇ ਡਾਕਟਰੀ ਸਲਾਹ ਵੀ ਮੁੱਹਈਆ ਕਰਵਾਏਗੀ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਪੰਜਾਬ ਸਰਕਾਰ ਵਲੋ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ‘ਕੋਵਾ ਪੰਜਾਬ’ ਐਪ ਦਾ ਵਿਸਥਾਰ ਕਰਦਿਆਂ ਇਸ ਵਿਚ ਇਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਾਰੇ ਦੁਕਾਨਦਾਰ ਅਤੇ ਜ਼ਿਲਾ ਪ੍ਰਸ਼ਾਸਨ ਆਪਣੇ ਨਾਲ ਸਬੰਧਿਤ ਕੰਮ ਲਈ ਵਰਤ ਸਕਦੇ ਹਨ। ਉਨਾਂ ਦੱਸਿਆਂ ਕਿ ਇਸ ਮੋਡਿਊਲ ਨੂੰ ਵਰਤਣ ਲਈ ‘ਕੋਵਾ ਪੰਜਾਬ’ ਐਪ ਡਾਊਨਲੋਡ ਕਰਨੀ ਲਾਜ਼ਮੀ ਹੋਵੇਗੀ। ਉਨਾਂ ਅੱਗੇ ਦੱਸਿਆ ਕਿ ਕੋਈ ਵੀ ਦੁਕਾਨਦਾਰ ਵਸਤੂ ਐਮ.ਆਰ.ਪੀ ਤੋਂ ਵੱਧ ਨਹੀਂ ਵੇਚੇਗਾ।
ਉਨਾਂ ਦੱਸਿਆਂ ਕਿ ਇਹ ਐਪ ਕੇਵਲ ਉਨਾਂ ਦੁਕਾਨਦਾਰਾਂ ਦੀ ਲੋਕੇਸ਼ਨ ਦੱਸੇਗੀ, ਜਿਨਾਂ ਨੇ ਇਸ ਐਪ ਰਾਹੀਂ ਰਜਿਸਟਰੇਸ਼ਨ ਕਰਵਾਈ ਹੋਵੇਗੀ ਅਤੇ ਉਨਾਂ ਦੁਕਾਨਦਾਰਾਂ ਨੂੰ ਹੀ ਸਾਮਾਨ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਉਪਭੋਗਤਾ ਇਸ ਐਪ ਦੀ ਵਰਤੋਂ ਨਾਲ ਨੇੜੇ ਦੇ ਦੁਕਾਨਦਾਰ ਪਾਸ ਜ਼ਰੂਰੀ ਵਸਤਾਂ ਲਈ ਆਰਡਰ ਦੇ ਸਕਦਾ ਹੈ ਅਤੇ ਰੋਜ਼ਾਨਾ ਵਰਤੋਂ ਦਾ ਸਾਮਾਨ ਉਸਦੇ ਘਰ ਪਹੁੰਚਦਾ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਸਾਮਾਨ ਦਾ ਬਿੱਲ ਅਦਾ ਕੀਤਾ ਜਾਵੇਗਾ ਅਤੇ ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਵਿਚੋਂ ਮੁਫ਼ਤ ਡਾਊਨਲੋਡ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਪੰਜਾਬ ਐਪ ਵਿਚ ਇਕ ਹੋਰ ਸੁਵਿਧਾ ‘ਡਾਕਟਰ ਨਾਲ ਜੁੜੋ’ (ਕੁਨੈਕਟ ਟੂ ਡਾਕਟਰ) ਸ਼ਾਮਿਲ ਕੀਤੀ ਗਈ ਹੈ। ਇਸ ਦੇ ਨਾਲ ਹੀ ਸਪੈਸ਼ਲ ਪੰਜਾਬ ਟੈਲੀ-ਕੰਸਲਟੇਸ਼ਨ ਹੈਲਪਲਾਈਨ ਨੰਬਰ 1800-180-4104 ਵੀ ਜਾਰੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਰਫ਼ਿਊ ਦੌਰਾਨ ਘਰ ਬੈਠੈ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਸਿਹਤ ਸਮੱਸਿਆ ਦੇ ਹੱਲ ਲਈ ਕੋਵਾ ਪੰਜਾਬ ਐਪ ਵਿਚ ‘ਡਾਕਟਰ ਨਾਲ ਜੁੜੋ’ ਐਪ ਅਤੇ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਨਾਲ ਲੋਕ ਦੇਸ਼ ਭਰ ਦੇ ਕਰੀਬ 1800 ਸੀਨੀਅਰ ਡਾਕਟਰਾਂ ਤੋਂ ਕਰਫ਼ਿਊ ਦੌਰਾਨ ਕੋਵਿਡ-19 ਅਤੇ ਹੋਰ ਸਬੰਧਤ ਬਿਮਾਰੀਆਂ ਤੋਂ ਬਚਾਅ ਸਬੰਧੀ ਸਲਾਹ ਲੈ ਸਕਣਗੇ। ਇਸ ਤੋਂ ਇਲਾਵਾ ਇਸ ਐਪ ’ਤੇ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕਤਾ, ਕਰਫ਼ਿਊ ਪਾਸ ਬਣਾਉਣ ਅਤੇ ਵਲੰਟੀਅਰ ਬਣਨ ਆਦਿ ਦੀ ਜਾਣਕਾਰੀ ਵੀ ਉਪਲਬਧ ਹੈ।
ਉਨਾਂ ਕਿਹਾ ਕਿ ਸਰਕਾਰ ਨੇ ਲੋੜੀਂਦੀਆਂ ਵਸਤਾਂ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਕੋਵਾ ਐਪ ਦਾ ਵਿਸਥਾਰ ਕੀਤਾ ਹੈ ਤਾਂ ਜੋ ਇਨਾਂ ਚੀਜਾਂ ਦੀ ਲੋਕਾਂ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਬਣਾਈ ਜਾ ਸਕੇ। ਇਨੀਂ ਦਿਨੀਂ ਲੋਕਾਂ ਦੀਆਂ ਸਿਕਾਇਤਾਂ ਸਨ ਕਿ ਡਿਲਿਵਰੀ ਸੰਪਰਕ ਨੰਬਰ ਅਣਉਪਲਬਧ, ਵਿਅਸਤ ਜਾਂ ਅਵੈਧ ਪਾਏ ਜਾ ਰਹੇ ਹਨ। ਵਿਕਰੇਤਾਵਾਂ ਨੂੰ ਵੱਡੀ ਗਿਣਤੀ ਵਿੱਚ ਆਉਣ ਵਾਲੇ ਆਰਡਰਾਂ ਨਾਲ ਨਜਿੱਠਣਾ ਅਤੇ ਸਹੀ ਪਤਿਆਂ ’ਤੇ ਡਿਲੀਵਰੀ ਕਰਨਾ ਮੁਸ਼ਕਲ ਹੋ ਰਿਹਾ ਸੀ। ਉਨਾਂ ਕਿਹਾ ਕਿ ਕਰਫਿੳੂ ਦੌਰਾਨ ਇਸ ਉਪਰਾਲੇ ਦਾ ਉਦੇਸ਼ ਨਾ ਕੇਵਲ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਅਤੇ ਲੋੜੀਦੀਆਂ ਵਸਤਾਂ ਦੀ ਅਸਾਨ ਪਹੁੰਚ ਬਣਾਉਣ ਵਿਚ ਸਹਾਇਤਾ ਕਰਨਾ ਹੈ ਸਗੋਂ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਵਿਚ ਅਜਿਹੀਆਂ ਚੀਜ਼ਾਂ ਦੀ ਸੁਚੱਜੀ ਸਪਲਾਈ ਕਰਨ ਵਿਚ ਸਮਰੱਥ ਬਣਾਉਣਾ ਵੀ ਹੈ।
ਫੋਟੋ :
-‘ਕੋਵਾ ਪੰਜਾਬ’ ਐਪ, ਜੋ ਕਿ ਹੁਣ ਘਰੇਲੂ ਸਾਮਾਨ ਅਤੇ ਡਾਕਟਰੀ ਸਲਾਹ ਆਦਿ ਵੀ ਉਪਲਬਧ ਕਰਵਾਏਗੀ।