ਮਹਿਫ਼ਲ-ਏ-ਅਦੀਬ ਸੰਸਥਾ ਦੀ ਮਹੀਨਾਵਾਰ ਇਕੱਤਰਤਾ ਹੋਈ

ਜਗਰਾਉਂ, 10 ਮਾਰਚ (ਚਰਨਜੀਤ ਸਿੰਘ ਸਰਨਾ/ਰਜਨੀਸ਼ ਬਾਂਸਲ)-ਮਹਿਫ਼ਲ-ਏ- ਅਦੀਬ ਸੰਸਥਾ ਦੀ ਮਹੀਨਾਵਾਰ ਮੀਟਿੰਗ ਦ ਲੀਜ਼ੈਂਡ ਇੰਗਲਿੰਸ ਵਿਲਜ਼ ਜਗਰਾਉਂ ਵਿਖੇ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਇਸ ਵਾਰ ਮਹਿਫ਼ਲ ਦੇ ਵਿੱਛੜ ਚੁੱਕੇ ਅਦੀਬ ਮਰਹੂਮ ਕਰਨਲ ਗੁਰਦੀਪ ਜਗਰਾਉਂ ਨੂੰ ਸਮਰਪਿਤ ਸੀ। ਮੀਟਿੰਗ ਵਿਚ ਸੰਸਥਾ ਦੇ ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਤੋਂ ਇਲਾਵਾ ਮੇਜਰ ਸਿੰਘ ਛੀਨਾ, ਪ੍ਰਿੰ: ਨਛੱਤਰ ਸਿੰਘ, ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ, ਡਾ: ਬਲਦੇਵ ਸਿੰਘ ਡੀ. ਈ.ਓ., ਮਾ: ਅਵਤਾਰ ਸਿੰਘ, ਮਾ: ਮਹਿੰਦਰ ਸਿੰਘ ਸਿੱਧੂ, ਜਸਵੰਤ ਭਾਰਤੀ, ਮਾ: ਰਣਜੀਤ ਸਿੰਘ ਕਮਾਲਪੁਰੀ, ਸਤਪਾਲ ਸਿੰਘ ਦੇਹੜਕਾ, ਕੈਪਟਨ ਪੂਰਨ ਸਿੰਘ ਗਗੜਾ, ਗੀਤਕਾਰ ਰਾਜ ਜਗਰਾਉਂ, ਬਚਿੱਤਰ ਕਲਿਆਣ, ਅਜੀਤ ਪਿਆਸਾ ਤੇ ਜਸਵਿੰਦਰ ਸਿੰਘ ਛਿੰਦਾ ਆਦਿ ਅਦੀਬ ਸ਼ਾਮਲ ਹੋਏ।ਜਿਨਾਂ੍ਹ ਨੇ ਦਿਲ ਦੀਆਂ ਗਹਿਰਾਈਆਂ 'ਚੋਂ ਇਕ ਮਿੰਟ ਦਾ ਮੋਨਧਾਰ ਕੇ ਕਰਨਲ ਗੁਰਦੀਪ ਜਗਰਾਉਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਿਫ਼ਲ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਬਚਿੱਤਰ ਕਲਿਆਣ ਨੂੰ ਆਪਣੀ ਰਚਨਾ ਦੀ ਪੇਸ਼ਕਾਰੀ ਲਈ ਸੱਦਾ ਦਿੱਤਾ। ਸਤਪਾਲ ਸਿੰਘ ਦੇਹੜਕਾ ਨੇ ਕਰਨਲ ਗੁਰਦੀਪ ਜਗਰਾਉਂ ਨੂੰ ਸਮਪਰਤਿ 'ਅੱਜ ਤੇਰੀ ਜੇ ਵਾਰੀ ਤਾਂ ਕੱਲ ਮੇਰੀ ਵਾਰੀ ਹੈ' ਰਾਹੀਂ ਜ਼ਿੰਦਗੀ 'ਚ ਮੌਤ ਦੇ ਸੁਨੇਹੇ ਦਾ ਵਰਨਣ ਕੀਤਾ। ਮਾ: ਮਹਿੰਦਰ ਸਿੰਘ ਸਿੱਧੂ ਨੇ 'ਸਭ ਦੀ ਜਨਮਦਾਤੀ ਹੈ ਨਾਰੀ' ਗੀਤ 'ਚ ਔਰਤਾਂ ਨੂੰ ਸਨਮਾਨ ਦੇਣ ਦਾ ਸੁਨੇਹਾ ਦਿੱਤਾ। ਸ਼ਾਇਰ ਜਸਵੰਤ ਭਾਰਤੀ ਨੇ ਗਜ਼ਲ 'ਤੇਰਾ ਅਹਿਸਾਸ ਮੇਰੀ ਰੂਹ ਨੂੰ ਨਿਰਮਲ ਬਣਾ ਦਿੰਦਾ' ਵਿਚ ਪਿਆਰ ਦੇ ਭਾਵ ਨੂੰ ਪ੍ਰਗਟ ਕੀਤਾ। ਜਸਵਿੰਦਰ ਸਿੰਘ ਛਿੰਦਾ ਨੇ ਆਪਣੀ ਮਿੰਨੀ ਕਹਾਣੀ ਰਾਹੀਂ ਭਾਰਤ-ਪਾਕਿ ਦੇ ਰਿਸ਼ਤਿਆਂ 'ਚ ਪਈ ਤਰੇੜ ਦਾ ਜ਼ਿਕਰ ਕੀਤਾ। ਮਾ: ਰਣਜੀਤ ਸਿੰਘ ਕਮਾਲਪੁਰੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ 'ਭੱਠੀ ਵਾਲੀਏ ਚੰਬੇ ਦੀ ਡਾਲੀਏ' ਨੂੰ ਤਰੰਨਮੁ 'ਚ ਪੇਸ਼ ਕਰਕੇ ਸਦਾ- ਬਹਾਰ ਸ਼ਾਇਰ ਦੀ ਯਾਦ ਤਾਜ਼ਾ ਕਰਵਾਈ। ਗੀਤਕਾਰ ਰਾਜ ਜਗਰਾਉਂ ਨੇ ਆਪਣੇ ਗੀਤ 'ਥੋਡੇ ਜਿਹਾ ਕੌਣ ਜੱਗ 'ਤੇ ਦੇਸ਼ ਭਗਤ ਪੁੱਤਾਂ ਦਾ ਦਾਨੀ' ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਕੁਰਬਾਨੀ ਦੀ ਉਸਤਤ ਕੀਤੀ। ਸ਼ਾਇਰ ਅਜੀਤ ਪਿਆਸਾ ਨੇ ਬਿਰਹੋਂ ਦੇ ਦਰਦ ਨੂੰ ਬਿਆਨ ਕਰਦਿਆਂ 'ਸੁਪਨਾ ਬਣ ਕੇ ਹੀ ਆ' ਆਪਣੀ ਰਚਨਾ ਪੇਸ਼ ਕੀਤੀ। ਡਾ: ਬਲਦੇਵ ਸਿੰਘ ਡੀ. ਈ. ਓ. ਨੇ 'ਸਮਾਜਿਕ ਰਸਮਾਂ ਤੇ ਵਪਾਰੀਕਰਨ' ਵਿਸ਼ੇ ਰਾਹੀਂ ਅਜੋਕੇ ਜ਼ਮਾਨੇ 'ਚ ਜ਼ਜਬਾਤਾਂ ਦੇ ਖਤਮ ਹੋ ਰਹੇ ਭਾਵ ਪ੍ਰਤੀ ਚਿੰਤ੍ਹਾ ਪ੍ਰਗਟ ਕਰਦਿਆਂ ਸੁਚੇਤ ਕੀਤਾ। ਪ੍ਰਧਾਨ ਮਾ: ਰਜਿੰਦਰਪਾਲ ਸ਼ਰਮਾ ਨੇ 'ਬਾਰੀਕ ਅਕਲ ਦੇ ਨੁਕਸਾਨ' ਵਿਅੰਗ ਰਾਹੀਂ ਸਮਾਜ ਦੇ ਇਕ ਪਹਿਲੂ 'ਤੇ ਕਟਾਸ ਕੀਤਾ। ਇੰਸਪੈਕਟਰ ਨਗਿੰਦਰ ਸਿੰਘ ਮੰਡਿਆਣੀ ਨੇ ਅੱਜ ਦੀ ਰਾਜਨੀਤੀ 'ਤੇ ਵਿਅੰਗਮਈ ਲਹਿਜ਼ੇ ਰਾਹੀਂ ਵਿਚਾਰ ਪ੍ਰਗਟ ਕੀਤੇ। ਮਾ: ਅਵਤਾਰ ਸਿੰਘ ਨੇ 'ਹੁਣ ਤਾਂ ਤੇਰੇ ਚਿਹਰੇ ਉੱਤੇ ਰੌਣਕ ਹੈ' ਰਾਹੀਂ ਭਰਪੂਰ ਹਾਜ਼ਰੀ ਲਵਾਈ। ਮੇਜਰ ਸਿੰਘ ਛੀਨਾ ਨੇ ਆਪਣੀ ਕਵਿਤਾ 'ਬਾਬੇ ਨਾਨਕ ਨੇ ਆਪ ਪੁਆਈ ਜੱਫੀ' ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਵ ਪ੍ਰਗਟ ਕੀਤੇ। ਕੈਪਟਨ ਪੂਰਨ ਸਿੰਘ ਗਗੜਾ ਨੇ ਕਰਨਲ ਗੁਰਦੀਪ ਜਗਰਾਉਂ ਨੂੰ nਸਮਰਪਿਤ ਆਪਣੀ ਕਵਿਤਾ 'ਵੰਡ ਕੇ ਰੌਸ਼ਨੀ ਸੈਰ-ਸਮਾਧੀ ਬੁੱਝ ਗਿਆ ਹੈ ਇਕ ਦੀਪ' ਸੁਣਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਆਖਿਰ 'ਚ ਪ੍ਰਿੰ: ਨਛੱਤਰ ਸਿੰਘ ਨੇ ਵੀ ਕਰਨਲ ਗੁਰਦੀਪ ਜਗਰਾਉਂ ਦੀ ਨਿੱਘੀ ਯਾਦ 'ਚ ਆਪਣੀ ਕਲਮ ਦੇ ਸ਼ਬਦਾਂ ਨੂੰ ਗਜ਼ਲ ਦਾ ਰੂਪ ਦਿੰਦਿਆਂ 'ਮਾਂ ਬੋਲੀ ਦਾ ਸੱਚਾ ਆਸ਼ਕ, ਦੇਸ਼ ਦਾ ਪਹਿਰੇਦਾਰ nਤੁਰ ਗਿਆ' ਰਾਹੀਂ ਭਾਵ ਭਿੰਨੀ ਸ਼ਰਧਾਂਜ਼ਲੀ ਭੇਟ ਕੀਤੀ। ਸੰਸਥਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਮਹਿਫ਼ਲ-ਏ-ਅਦੀਬ ਸੰਸਥਾ ਵਲੋਂ ਮਰਹੂਮ ਕਰਨਲ ਗੁਰਦੀਪ ਜਗਰਾਉਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਜਾਇਆ ਕਰੇਗਾ, ਜਿਸ ਵਿਚ ਕਰਨਲ ਗੁਰਦੀਪ ਜਗਰਾਉਂ ਯਾਦਗਾਰੀ ਐਵਾਰਡ ਨਾਲ ਇਕ ਚੰਗੇ ਸਾਹਿਤਕਾਰ ਨੂੰ ਨਿਵਾਜਿਆ ਜਾਇਆ ਕਰੇਗਾ ਅਤੇ ਸੰਸਥਾ ਵਲੋਂ ਇਸੇ ਸਾਲ ਪ੍ਰਕਾਸ਼ਿਤ ਕਰਵਾਈ ਜਾ ਰਹੀ ਸਾਹਿਤਕ ਕਿਤਾਬ ਵੀ ਉਨ੍ਹਾਂ ਨੂੰ ਸਮਰਪਿਤ ਕੀਤੀ ਜਾਵੇਗੀ।