ਜ਼ਿਲਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਘਰਾਂ ਤੱਕ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਡਾਇਰੈਕਟਰੀ ਜਾਰੀ

ਦੁਕਾਨਦਾਰਾਂ ਨੂੰ ਨਿਰਧਾਰਤ ਕੀਮਤ ਤੋਂ ਵੱਧ ਰੇਟ ਨਾ ਵਸੂਲਣ ਦੀ ਕੀਤੀ ਹਦਾਇਤ
ਕਪੂਰਥਲਾ, ਮਾਰਚ 2020 -(ਹਰਜੀਤ ਸਿੰਘ ਵਿਰਕ)-
ਨੋਵਲ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲੇ ਅੰਦਰ ਲਗਾਏ ਗਏ ਕਰਫਿੳੂ ਦੌਰਾਨ ਆਮ ਲੋਕਾਂ ਨੂੰ ਰੋਜ਼ਮਰਾ ਦੀਆਂ ਘਰੇਲੂ ਲੋੜਾਂ ਵਾਲੀਆਂ ਵਸਤਾਂ ਉਨਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਦਵਾਈਆਂ, ਕਰਿਆਨਾ, ਸਬਜ਼ੀਆਂ, ਫਲਾਂ ਤੇ ਪਸ਼ੂਆਂ ਲਈ ਚਾਰੇ ਸਮੇਤ ਹੋਰ ਲੋੜੀਂਦੀਆਂ ਵਸਤਾਂ ਦੇ ਦੁਕਾਨਦਾਰਾਂ ਦੀ ਡਾਇਰੈਕਟਰੀ ਜਾਰੀ ਕੀਤੀ। ਜ਼ਿਲਾ ਵਾਸੀ ਆਪਣੇ ਨੇੜਲੇ ਦੁਕਾਨਦਾਰਾਂ ਨੂੰ ਫੋਨ ਕਰਕੇ ਸਾਰਾ ਲੋੜੀਂਦਾ ਸਾਮਾਨ ਮੰਗਵਾ ਸਕਦੇ ਹਨ। ਇਨਾਂ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਲੋੜ ਮੁਤਾਬਿਕ ਅਦਾਇਗੀ ਆਧਾਰ ’ਤੇ ਜ਼ਰੂਰੀ ਸਾਮਾਨ ਪ੍ਰਦਾਨ ਕਰਵਾਇਆ ਜਾਵੇਗਾ। ਉਨਾਂ ਸਭ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੀਆਂ ਜ਼ਰੂਰੀ ਚੀਜ਼ਾਂ ਉਨਾਂ ਦੇ ਦਰਵਾਜ਼ੇ ਤੱਕ ਪਹੁੰਚਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਉਨਾਂ ਸਮੂਹ ਵਪਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਸੰਕਟ ਦੀ ਇਸ ਘੜੀ ਦੌਰਾਨ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਨਾ ਵਸੂਲੀ ਜਾਵੇ ਅਤੇ ਨਾ ਹੀ ਜਮਾਂਖੋਰੀ ਕੀਤੀ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ਨੇ ਸਮੁੱਚੇ ਜ਼ਿਲੇ ਅੰਦਰ ਅਜਿਹੇ ਪ੍ਰਬੰਧ ਕੀਤੇ ਹਨ, ਤਾਂ ਕਿ ਲੋਕਾਂ ਨੂੰ ਉਨਾਂ ਦੀਆਂ ਲੋੜੀਂਦੀਆਂ ਵਸਤਾਂ ਤੇ ਰਾਸ਼ਨ ਆਦਿ ਉਨਾ ਦੇ ਘਰਾਂ ਤੱਕ ਪੁੱਜਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਿਲੇ ਵਿਚ ਰਹਿੰਦੇ ਗਰੀਬਾਂ, ਬੇਸਹਾਰਾ ਅਤੇ ਲੋੜਵੰਦਾਂ ਅਤੇ ਖਾਸ ਕਰਕੇ ਸਲੱਮ ਇਲਾਕਿਆਂ ਵਿਚ ਰਾਸ਼ਨ ਤੇ ਹੋਰ ਸਾਮਾਨ ਪਹੁੰਚਾਉਣ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਜ਼ਿਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਅੱਗੋਂ ਵੀ ਕਰਫਿੳੂ ਦੌਰਾਨ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਇਸ ਡਾਇਰੈਕਟਰੀ ਵਿਚ ਕੰਟਰੋਲ ਰੂਮ ਨੰਬਰ, ਕਰਿਆਨਾ ਸਟੋਰਾਂ, ਸਬਜ਼ੀਆਂ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ, ਡਿੳੂਟੀ ਮੈਜਿਸਟਰੇਟਾਂ, ਪੁਲਿਸ ਅਫ਼ਸਰਾਂ ਅਤੇ ਪਿੰਡਾਂ ਵਿਚ ਕਿਸੇ ਵੀ ਸਹੂਲਤਾ ਵਾਸਤੇ ਪੰਚਾਇਤ ਵਾਈਜ਼ ਅਤੇ ਸ਼ਹਿਰਾਂ ਵਿਚ ਵਾਰਡ ਵਾਈਜ਼ ਹੈਲਪ ਲਾਈਨ ਨੰਬਰ ਦਿੱਤੇ ਗਏ ਹਨ।
ਕੈਪਸ਼ਨ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।