ਕਰੋਨਾ ਵਾਇਰਸ ਜਾਗਰੁਕਤਾ ਸੰਬਧੀ ਐਸ. ਐਸ ਪੀ  ਜਗਰਾਓਂ  ਨੇ ਕੀਤੇ ਨਿਰਦੇਸ਼ ਜਾਰੀ

ਜਗਰਾਓਂ,ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕਰੋਨਾ ਵਾਇਰਸ ਦੇ ਬਚਾਓ ਲਈ ਲਕਾਂ ਨੂੰ ਜਾਗਰੂਕ ਕਰਨ ਅਤੇ ਸਾਵਧਾਨ ਰਹਿਣ ਲਈ ਵਿਵੇਕਸ਼ੀਲ ਸੋਨੀ ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜਰ ਆਏ ਮੁੱਖ ਅਫਸਰ ਥਾਣਾ ਅਤੇ ਵਧੀਕ ਮੁੱਖ ਅਫਸਰ ਥਾਣਾ ਨੂੰ ਕਰੋਨਾ ਵਾਇਰਸ ਫੈਲਣ ਬਾਰੇ ਜਾਗਰੂਕ ਕਰਨ ਅਤੇ ਸਾਵਧਾਨੀ ਵਰਤਣ ਲਈ ਡਾਕਟਰ ਅਮਨ ਸ਼ਰਮਾ ਮੈਡੀਕਲ ਅਫਸਰ, ਪੁਲਿਸ ਹਸਪਤਾਲ, ਪੁਲਿਸ ਲਾਈਨ, ਲੁਧਿਆਣਾ(ਦਿਹਾਤੀ) ਵੱਲੋਂ ਲੈਕਚਰ ਦਿੱਤਾ ਗਿਆ।ਉਹਨ੍ਹਾਂ ਇਹ ਵੀ ਦੱਸਿਆ ਕਿ ਕਰੋਨਾ ਵਾਇਰਸ ਫੈਲਣ ਦੇ ਲੱਛਣ ਅਤੇ ਇਸ ਨੂੰ ਰੋਕਣ ਲਈ ਕਿਹੜੀਆ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਐਸ.ਐਸ.ਪੀ ਲੁਧਿਆਣਾ(ਦਿਹਾਤੀ) ਵੱਲੋਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਕਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਨਾਲ ਨਜਿੱਠਣ ਲਈ ਅਤੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਏਰੀਏ ਵਿੱਚ ਨਾਕਾਬੰਦੀ ਅਤੇ ਸੀਲਿੰਗ ਕਰਨ ਸਬੰਧੀ ਵਿਸਥਾਰ ਨਾਲ ਸਮਝਾਇਆ ਗਿਆ। ਮੀਟਿੰਗ ਵਿੱਚ ਹਾਜਰ ਸਮੂਹ ਮੁੱਖ ਅਫਸਰਾਨ ਥਾਣਾ ਅਤੇ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਅਧੀਨ ਤਾਇਨਾਤ ਹੋਰ ਪੁਲਿਸ ਕਰਮਚਾਰੀਆਂ ਨੂੰ ਕਰੋਨਾ ਵਾਇਰਸ ਦੇ ਬਚਾਓ ਲਈ ਸਾਵਧਾਨੀਆਂ ਅਤੇ ਰੋਕਥਾਮਾਂ ਬਾਰੇ ਜਾਗਰੂਕ ਕਰਨ। ਸਮੂਹ ਮੁੱਖ ਅਫਸਰ ਥਾਣਾ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਥਾਣੇ ਦੇ ਏਰੀਏ ਵਿੱਚ ਪੈਦੇ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਾਣੂ ਕੀਤਾ ਜਾਵੇ ਕਿ ਡਿਪਟੀ ਕਮਿਸਨਰ ਲੁਧਿਆਣਾ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਅਗਲੇ ਹੁਕਮਾਂ ਤੱਕ ਬੰਦ ਰੱਖੇ ਜਾਣ। ਸਮੂਹ ਮੁੱਖ ਅਫਸਰਾਨ ਥਾਣਾ ਨੂੰ ਸਖਤੀ ਨਾਲ ਹਦਾਇਤ ਕੀਤੀ ਗਈ ਕਿ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ 188 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਵੇ ਕਿ ਵਿਆਹ-ਸਾਦੀ ਜਾਂ ਹੋਰ ਪਰਿਵਾਰਿਕ ਕਾਰਜਾਂ ਵਿੱਚ ਘੱਟ ਤੋਂ ਘੱਟ ਇਕੱਠ ਕੀਤਾ ਜਾਵੇ।ਜਦੋਂ ਕੋਈ ਵਿਅਕਤੀ ਵਿਦੇਸ ਤੋਂ ਆਉਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 14 ਦਿਨ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਵੇ। ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਵੀ.ਪੀ.ਓਜ ਸਕੀਮ ਦੀ ਸੁਰੂਆਤ ਕੀਤੀ ਗਈ ਹੈ। ਜਿਸ ਤਹਿਤ ਵੀ.ਪੀ.ਓਜ ਨੂੰ ਹਦਾਇਤ ਕੀਤੀ ਗਈ ਕਿ ਕਰੋਨਾ ਵਾਇਰਸ ਦੇ ਬਚਾਓ ਲਈ ਆਪ ਜਾਗਰੂਕ ਹੋਣ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਜਾਗਰੂਕ ਕਰਨ। ਜੇਕਰ ਕਿਸੇ ਪਿੰਡ ਵਿੱਚ ਕਰੋਨਾ ਵਾਇਰਸ ਦਾ ਪ੍ਰਭਾਵ ਧਿਆਨ ਵਿੱਚ ਆਉਦਾ ਹੈ ਤਾਂ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸਮੇ ਸਿਰ ਵਿਸ਼ੇਸ ਕਦਮ ਚੁੱਕੇ ਜਾਣ। ਮੀਟਿੰਗ ਵਿੱਚ ਪੁਲਿਸ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਜਾਗਰੂਕ ਕਰਨ ਸਮੇਂ ਆਪ ਖੁਦ ਸੁਰੱਖਿਅਤ ਰਹਿਣ। ਮੀਟਿੰਗ ਦੇ ਅਖੀਰ ਵਿੱਚ ਕਰੋਨਾ ਵਾਇਰਸ ਦੀਆਂ ਸਾਵਧਾਨੀਆਂ ਅਤੇ ਰੋਕਥਾਮਾਂ ਬਾਰੇ ਜਾਗਰੂਕ ਕਰਨ ਲਈ ਪੋਸਟਰ ਵੰਡੇ ਗਏ ਅਤੇ ਹਦਾਇਤ ਕੀਤੀ ਗਈ ਕਿ ਇਹ ਪੋਸਟਰ ਅੱਗੇ ਲੋਕਾਂ ਵਿੱਚ ਵੰਡੇ ਜਾਣ।