ਨੂਰਪੁਰ ਬੇਦੀ, ਮਾਰਚ ਬੰਗਾ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਮਾਰਗ ਦੀ ਹਾਲਤ ਖਸਤਾ ਹੋਈ ਪਈ ਹੈ।ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੱਗਪਗ ਛੇ ਸਾਲ ਪਹਿਲਾਂ ਇਸ ਮਾਰਗ ਨੂੰ ਨੈਸ਼ਨਲ ਹਾਈਵੇ ਬਣਾਉਣ ਦੀ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਦੀ ਗੱਲ ਆਖੀ ਸੀ ਤੇ ਬੀਤੇ ਦਿਨੀਂ ਉਨ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਨੀਂਹ ਪੱਥਰ ਵੀ ਰਖਵਾ ਦਿੱਤਾ, ਜਿਸ ਨੂੰ ਸਥਾਨਕ ਲੋਕਾਂ ਨੇ ਡਰਾਮਾ ਕਰਾਰ ਦਿੱਤਾ ਹੈ।
ਦੂਜੇ ਪਾਸੇ ਇਸ ਮਾਰਗ ’ਤੇ ਕਾਹਨਪੁਰ ਖੂਹੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਮਾਰਗ ਦੇ ਇਸ ਟੋਟੇ ਲਈ ਪੰਜਾਬ ਸਰਕਾਰ ਨੇ ਪੈਚ ਵਰਕ ਲਗਾਉਣ ਲਈ 22 ਕਰੋੜ ਰੁਪਏ ਮਨਜ਼ੂਰ ਕੀਤੇ ਸਨ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਇਸ ਸੜਕ ਦੇ ਟੋਟੇ ਦਾ ਕੰਮ 1 ਮਾਰਚ ਤੋਂ ਸ਼ੁਰੂ ਕਰਵਾਉਣ ਦੀ ਗੱਲ ਆਖੀ ਗਈ ਸੀ ਜਿਸ ਦਾ ਕੰਮ ਅੱਧਵਿਚਾਲੇ ਲਟਕ ਗਿਆ ਹੈ। ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੇ ਵੀ ਇਸ ਸੜਕ ਦੇ ਮੁੱਦੇ ’ਤੇ ਚੁੱਪ ਵੱਟ ਲਈ ਹੈ।
ਇਸ ਬਾਰੇ ਐਕਸੀਅਨ ਆਰਪੀ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਸ ਮਾਰਗ ਦਾ ਕੋਈ ਨੈਸ਼ਨਲ ਹਾਈਵੇ ਨੰਬਰ ਨਹੀਂ ਲੱਗ ਸਕਿਆ। ਉਸ ਤੋਂ ਬਗੈਰ ਕੰਮ ਸ਼ੁਰੂ ਨਹੀਂ ਹੋ ਸਕਦਾ। ਪੈਚ ਵਰਕ ਬਾਰੇ ਇੱਕ ਹੋਰ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 22 ਕਰੋੜ ਦੀ ਥਾਂ ਗਲਤੀ ਨਾਲ ਘੱਟ ਪੈਸੇ ਦਾ ਪ੍ਰਪੋਜਲ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ ਜਿਸ ’ਚ ਵੀ ਕੋਈ ਅੜਿੱਕਾ ਪੈਣ ਕਾਰਨ ਪੈਚ ਵਰਕ ਦਾ ਕੰਮ ਰਹਿ ਗਿਆ ਹੈ। ਇਸ ਸਬੰਧੀ ਲੋਕ ਨਿਰਮਾਣ ਦੇ ਇੱਕ ਉਚ ਅਧਿਕਾਰੀ ਵਿਸ਼ਾਲ ਗੁਪਤਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਾਲ ਰਿਸੀਵ ਨਹੀਂ ਕੀਤੀ।
ਲੋਕਾਂ ਨੇ ਕਾਹਨਪੁਰ ਖੂਹੀ ’ਚ ਦਿੱਤਾ ਧਰਨਾ
ਇਸ ਮਾਰਗ ਦੀ ਮਾੜੀ ਦੁਰਦਸ਼ਾ ਕਾਰਨ ਇਲਾਕਾ ਸੰਘਰਸ਼ ਕਮੇਟੀ ਨੂਰਪੁਰ ਬੇਦੀ ਨੇ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਧਰਨਾ ਦਿੱਤਾ ਤੇ ਪੰਜ ਘੰਟੇ ਆਵਾਜਾਈ ਠੱਪ ਕੀਤੀ। ਕਮੇਟੀ ਦੇ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਤੇ ਹੋਰਨਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਦੋ ਦਿਨ ਅਲਟੀਮੇਟਮ ਦਿੰਦਿਆਂ ਕਿਹਾ ਕਿ 9 ਮਾਰਚ ਤੱਕ ਉਕਤ ਮਾਰਗ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ 10 ਮਾਰਚ ਨੂੰ ਉਨ੍ਹਾਂ ਵੱਲੋਂ ਮੁੱਖ ਮਾਰਗ ਤੇ ਪੱਕਾ ਧਰਨਾ ਲਾਇਆ ਜਾਵੇਗਾ। ਲੋਕਾਂ ਨੇ ਸੜਕ ਬਣਾਉਣ ਲਈ ਮੰਗ ਪੱਤਰ ਤਹਿਸੀਲਦਾਰ ਸ੍ਰੀ ਆਨੰਦਪੁਰ ਸਾਹਿਬ ਨੂੰ ਦੇਣ ਮਗਰੋਂ ਧਰਨਾ ਸਮਾਪਤ ਕੀਤਾ।
ਚੰਦੂਮਾਜਰਾ ਦੇ ਲੜਕੇ ਨੂੰ ਘੇਰਿਆ
ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਲੜਕੇ ਵਿਧਾਇਕ ਹਰਵਿੰਦਰਪਾਲ ਸਿੰਘ ਚੰਦੂਮਾਜਰਾ, ਜੋ ਇਥੇ ਕਿਸੇ ਦੇ ਘਰ ਅਫਸੋਸ ਕਰਨ ਆਏ ਸਨ, ਨੂੰ ਸਥਾਨਕ ਲੋਕਾਂ ਨੇ ਘੇਰ ਲਿਆ ਤੇ ਪਿੰਡ ਕਾਹਨਪੁਰ ਖੂਹੀ ਲੱਗੇ ਲੋਕਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ। ਧਰਨੇ ਵਿੱਚ ਪਹੁੰਚੇ ਵਿਧਾਇਕ ਚੰਦੂਮਾਜਰਾ ਨੇ ਸੜਕ ਦਾ ਨਿਰਮਾਣ ਜਲਦੀ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ।