ਕਰੋਨਾਵਾਇਰਸ: ਇਟਲੀ ’ਚ ਕੈਦੀਆਂ ਦੀ ਅਦਲਾ-ਬਦਲੀ ਦੌਰਾਨ ਛੇ ਮੌਤਾਂ

ਮਿਲਾਨ/ਰੋਮ, 9 ਮਾਰਚ ਇਟਲੀ ਵਿੱਚ ਕਰੋਨਾਵਾਇਰਸ ਕਾਰਨ ਉਦੋਂ ਸਹਿਮ ਦਾ ਮਾਹੌਲ ਬਣ ਗਿਆ ਸੀ, ਜਦੋਂ ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੈਦੀਆਂ ਵਿਚਾਲੇ ਹੋਏ ਦੰਗੇ ’ਚ ਛੇ ਕੈਦੀਆਂ ਦੀ ਮੌਤ ਹੋ ਗਈ। ਇਟਲੀ ਦੇ ਜੇਲ੍ਹ ਪ੍ਰਸ਼ਾਸਨ ਦੇ ਮੁਖੀ ਫਰਾਂਸਕੋ ਬੇਸਨਟਿਨੀ ਨੇ ਕਿਹਾ ਕਿ ਮਦੇਨਾ ਦੇ ਉੱਤਰੀ ਸ਼ਹਿਰ ਦੀ ਜੇਲ੍ਹ ਵਿੱਚ ਤਿੰਨ ਬੰਦੀ ਮਾਰੇ ਗਏ ਅਤੇ ਤਿੰਨ ਬੰਦੀ ਉਦੋਂ ਮਾਰੇ ਜਦੋਂ ਉਨ੍ਹਾਂ ਨੂੰ ਦੂਜੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ।
ਇਸੇ ਦੌਰਾਨ ਇਟਲੀ ਦੇ ਸ਼ਹਿਰ ਮਿਲਾਨ ਅਤੇ ਵੈਨਿਸ ਵਿੱਚ ਐਤਵਾਰ ਨੂੰ ਕਰੋਨਾਵਾਇਰਸ ਦੀ ਦਹਿਸ਼ਤ ਕਾਰਨ ਲੋਕ ਘਰਾਂ ਵਿੱਚ ਕੈਦ ਹੋਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਦਾ ਮੁਲਕ ਦੇ ਬਾਕੀਆਂ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਸਰਕਾਰ ਨੇ ਕਰੋਨਾਵਾਇਰਸ ਦੇ ਡਰੋਂ ਲੋਕਾਂ ਨੂੰ ਘਰਾਂ ਵਿੱਚ ਹੀ ਬੰਦ ਰਹਿਣ ਲਈ ਆਖ ਦਿੱਤਾ ਹੈ। ਇਹ ਪਾਬੰਦੀ ਉੱਤਰੀ ਇਟਲੀ ਵਿੱਚ ਪੰਦਰਾਂ ਮਿਲੀਅਨ ਲੋਕਾਂ ’ਤੇ ਲਾਗੂ ਹੁੰਦੀ ਹੈ। ਇਸੇ ਦੌਰਾਨ ਕਈ ਲੋਕ ਤਾਂ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਉਡਾਰੀ ਮਾਰ ਗਏ ਹਨ।
ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਇਟਲੀ ਝੱਲ ਰਿਹਾ ਹੈ। ਇੱਥੇ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 133 ਤੋਂ 366 ਅੱਪੜ ਗਈ ਹੈ। ਇਟਲੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜਿਹੜਾ ਵਿਅਕਤੀ ਸਰਕਾਰੀ ਨੇਮਾਂ ਦੀ ਉਲੰਘਣਾ ਕਰੇਗਾ, ਉਸ ਨੂੰ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾਵੇਗੀ ਅਤੇ 206 ਯੂਰੋ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਬੇਹੱਦ ਜ਼ਰੂਰੀ ਕੰਮ ਹੋਇਆ ਜਿਹੜਾ ਟਾਲਿਆ ਨਾ ਜਾ ਸਕਦਾ ਹੋਵੇ, ਉਸ ਨੂੰ ਐਲਾਨੀਆਂ ਜ਼ੋਨਾਂ ਵਿੱਚੋਂ ਬਾਹਰ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।