ਕੈਪਟਨ ਅਮਰਿੰਦਰ ਸਿੰਘ ਨੂੰ 'ਵਿਹਲਾ ਮੁੱਖ ਮੰਤਰੀ' ਐਵਾਰਡ ਦੇਣਾ ਚਾਹੀਦਾ ਹੈ- ਹਰਸਿਮਰਤ ਬਾਦਲ

ਪੰਜਾਬ ਡੀਜੀਪੀ ਵੱਲੋਂ ਪਾਵਨ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਕੀਤੀ ਟਿੱਪਣੀ ਨੂੰ ਬੇਅਦਬੀ ਦਾ ਸਪੱਸ਼ਟ ਮਾਮਲਾ ਕਰਾਰ ਦਿੱਤਾ
ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਆਦਰਸ਼ ਮੁੱਖ ਮੰਤਰੀ ਐਵਾਰਡ' ਨਹੀਂ, ਸਗੋਂ ਪਿਛæੇ ਤਿੰਨ ਸਾਲ ਤੋਂ ਸੂਬੇ ਅਤੇ ਇਸ ਦੇ ਲੋਕਾਂ ਲਈ ਕੁੱਝ ਵੀ ਨਾ ਕਰਨ ਕਰਕੇ 'ਵਿਹਲਾ ਮੁੱਖ ਮੰਤਰੀ' ਐਵਾਰਡ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਮੁੱਖ ਮੰਤਰੀ ਨੇ ਕਿੰਨੇ ਸਮੇਂ ਤੋਂ ਜਾਣਬੁੱਝ ਕੇ ਲਾਧੋਵਾਲ ਮੈਗਾਫੂਡ ਪਾਰਕ ਦਾ ਉਦਘਾਟਨ ਲਟਕਾ ਰੱਖਿਆ ਹੈ। ਕੇਂਦਰੀ ਮੰਤਰੀ ਨੇ ਇੱਥੇ ਗੁਰਕਿਰਪਾ ਮੈਗਾ ਫੂਡ ਪਾਰਕ ਵਿਖੇ ਗੋਦਰੇਜ ਟਾਈਸਨ ਫੂਡਜ਼ ਲਿਮਟਿਡ ਅਤੇ ਇਸਕੋਨ ਬਾਲਾਜੀ ਫੂਡਜ਼ ਪ੍ਰਾਈਵੇਟ ਲਿਮਟਿਡ ਦੋ ਪ੍ਰੋਸੈਸਿੰਗ ਯੂਨਿਟਾਂ ਦਾ ਉਦਘਾਟਨ ਕੀਤਾ, ਜਿੱਥੇ ਕਿ ਕੰਮ ਸ਼ੁਰੂ ਹੋ ਚੁੱਕਿਆ ਹੈ, ਭਾਵੇਂਕਿ ਇਹ ਫੂਡ ਪਾਰਕ ਵੀ ਅਜੇ ਆਪਣੇ ਉਦਘਾਟਨ ਦੀ ਉਡੀਕ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਿਹਲਾ ਮੁੱਖ ਮੰਤਰੀ ਉਹਨਾਂ ਦੀਆਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਦੇ ਰਾਹ 'ਚ ਅੜਿੱਕੇ ਪਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹੀ ਗੱਲ ਏਮਜ਼ ਬਠਿੰਡਾ ਦੇ ਮਾਮਲੇ ਵਿਚ ਵਾਪਰੀ ਸੀ ਅਤੇ ਹੁਣ 117 ਕਰੋੜ ਰੁਪਏ ਦੀ ਲਾਗਤ ਵਾਲੇ ਫੂਡ ਪਾਰਕ ਦੇ ਮਾਮਲੇ ਵਿਚ ਵਾਪਰ ਰਹੀ ਹੈ, ਜਿਸ ਵਾਸਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ 50 ਕਰੋੜ ਰੁਪਏ ਦੀ ਗਰਾਂਟ ਵੀ ਦਿੱਤੀ ਜਾ ਚੁੱਕੀ ਹੈ। ਬੀਬਾ ਬਾਦਲ ਨੇ ਕਿਹਾ ਕਿ ਨਵੰਬਰ 2015 ਵਿਚ ਮਨਜ਼ੂਰ ਕੀਤਾ ਗਿਆ ਇਹ ਪਾਰਕ ਮਈ 2018 ਵਿਚ ਮੁਕੰਮਲ ਹੋਣਾ ਸੀ। ਇਸ ਨੂੰ ਜਾਣਬੁੱਕ ਕੇ ਲਟਕਾਇਆ ਜਾ ਰਿਹਾ ਹੈ। ਪੀਏਆਈਸੀ ਵੱਲੋਂ ਇਸ ਨੂੰ ਤੈਅ ਸਮਾਂ-ਸੀਮਾ ਅੰਦਰ ਮੁਕੰਮਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ ਜੋ ਕਿ ਅਗਾਂਹਵਧੂ ਕਿਸਾਨਾਂ, ਰੁਜ਼ਗਾਰਯੋਗ ਨੌਜਵਾਨਾਂ ਅਤੇ ਇੰਡਸਟਰੀ ਸੈਕਟਰ ਲਈ ਬੇਹੱਦ ਨੁਕਸਾਨਦਾਇਕ ਹੈ। ਉਹਨਾਂ ਵੱਲੋਂ ਉਦਘਾਟਨ ਕੀਤੇ ਗਏ ਦੋ ਫੂਡ ਪ੍ਰੋਸੈਸਿੰਗ ਯੂਨਿਟਾਂ ਬਾਰੇ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹਨਾਂ ਯੂਨਿਟਾਂ ਨਾਲ ਲੁਧਿਆਣਾ ਅਤੇ ਨੇੜਲੇ ਜ਼ਿਲ੍ਹਿਆਂ ਜਲੰਧਰ, ਮੋਗਾ, ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਉਹਨਾਂ ਦੱਸਿਆ ਕਿ ਇਹਨਾਂ ਯੂਨਿਟਾਂ ਨੂੰ 95 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜਿਸ ਵਿਚੋਂ 5-5 ਕਰੋੜ ਰੁਪਏ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਵੱਲੋਂ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਹ ਦੋਵੇਂ ਯੂਨਿਟ ਸਾਲਾਨਾ 7200 ਮੀਟਰਿਕ ਟਨ ਆਲੂਆਂ ਦੀ ਪ੍ਰੋਸੈਸਿੰਗ ਕਰਨਗੇ ਅਤੇ ਸਾਲਾਨਾ 5700 ਮੀਟਰਿਕ ਟਨ ਫਰੋਜ਼ਨ ਖੁਰਾਕ ਉਤਪਾਦ ਤਿਆਰ ਕਰਨਗੇ। ਇਹ ਟਿੱਪਣੀ ਕਰਦਿਆਂ ਕਿ ਉਹਨਾਂ ਦਾ ਮੰਤਰਾਲਾ ਰੁਜ਼ਗਾਰ ਪੈਦਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਬੀਬਾ ਬਾਦਲ ਨੇ ਕਿਹਾ ਕਿ ਜਦੋਂ 1200 ਕਰੋੜ ਰੁਪਏ ਦੀ ਲਾਗਤ ਵਾਲੇ ਸਾਰੇ 42 ਮੈਗਾ ਫੂਡ ਪਾਰਕ ਤਿਆਰ ਹੋ ਗਏ ਤਾਂ ਇਹ ਪੰਜਾਹ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਣਗੇ। ਉਹਨਾਂ ਦੱਸਿਆ ਕਿ ਇਹ ਅਸਲੀ ਅੰਕੜੇ ਹਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿਚ ਦਿੱਲੀ ਵਿਚ 11 ਲੱਖ ਨੌਕਰੀਆਂ ਦੇਣ ਦੇ ਅੰਕੜਿਆਂ ਵਾਂਗ ਝੂਠੇ ਨਹੀਂ ਹਨ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨਾਲ ਹੋਏ ਪੱਤਰ-ਵਿਹਾਰ ਦਾ ਮੁਕੰਮਲ ਵੇਰਵਾ ਦੱਸਿਆ ਅਤੇ ਕਿਹਾ ਕਿ ਸਿਰਫ ਪੱਤਰ ਮਿਲਣ ਦੀ ਰਸਮੀ ਸੂਚਨਾ ਦੇਣ ਤੋਂ ਇਲਾਵਾ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਡੀਜੀਪੀ ਵੱਲੋ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਬਾਰੇ ਕੀਤੀ ਟਿੱਪਣੀ ਸੰਬੰਧੀ ਇੱਕ ਸੁਆਲ ਦਾ ਜੁਆਬ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਹ ਇੱਕ ਸਪੱਸ਼ਟ ਬੇਅਦਬੀ ਦਾ ਮਾਮਲਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਅਧਿਕਾਰੀ ਨੇ ਉਸ ਪਵਿੱਤਰ ਗੁਰਧਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਸਨ। ਉਹਨਾਂ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁੱਖ ਮੰਤਰੀ ਨੂੰ ਤੁਰੰਤ ਇਸ ਪੁਲਿਸ ਅਧਿਕਾਰੀ ਦੀ ਛੁੱਟੀ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਇਹ ਟਿੱਪਣੀ ਸਿੱਖ ਵਿਰੋਧੀ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਵੱਲੋਂ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਵਾਉਣ ਲਈ ਘੜੀ ਰਣਨੀਤੀ ਦਾ ਹਿੱਸਾ ਹੈ।ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਰਮੇਸ਼ਵਰ ਤੇਲੀ ਤੋਂ ਇਲਾਵਾ ਸੀਨੀਅਰ ਅਕਾਲੀ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ , ਦਰਸ਼ਨ ਸਿੰਘ ਸ਼ਿਵਾਲਿਕ, ਹੀਰਾ ਸਿੰਘ ਗਾਬੜੀਆ ਅਤੇ ਹੋਰਾਂ ਨੇ ਨਵੇਂ ਉਦਘਾਟਨ ਕੀਤੇ ਪ੍ਰੋਸੈਸਿੰਗ ਯੂਨਿਟਾਂ ਦਾ ਦੌਰਾ ਕੀਤਾ ਅਤੇ ਮੈਨੇਜਮੈਂਟਾਂ ਨੂੰ ਸਾਰੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ।