ਪੰਜਾਬ ਕੁਈਨਜ਼ ਨੇ ਜਿੱਤੀ ਪਹਿਲੀ ਮਹਿਲਾ ਕਬੱਡੀ ਲੀਗ

ਬਠਿੰਡਾ- ਸਰਵਦੇਸ਼ਮ ਕਬੱਡੀ ਐਸੋਸੀਏਸ਼ਨ ਵੱਲੋਂ ਚੌਧਰੀ ਭਰਤ ਸਿੰਘ ਮੈਮੋਰੀਅਲ ਸਪੋਰਟਸ ਸਕੂਲ ਨਿਡਾਣੀ (ਜੀਂਦ) ਵਿੱਚ ਕਰਵਾਈ ਗਈ ਪਹਿਲੀ ਕੌਮਾਂਤਰੀ ਕਬੱਡੀ ਲੀਗ (ਸਰਕਲ ਕਬੱਡੀ) ਪੰਜਾਬ ਕੁਈਨਜ਼ ਦੀ ਟੀਮ ਨੇ ਹਰਿਆਣਾ ਦੀ ਸ਼ੇਰਨੀ ਟੀਮ ਨੂੰ 32-28 ਅੰਕਾਂ ਨਾਲ ਹਰਾ ਕੇ ਜਿੱਤ ਲਈ। ਇਸ ਲੀਗ ’ਚ ਛੇ ਟੀਮਾਂ ਨੇ ਹਿੱਸਾ ਲਿਆ ਸੀ। ਲੀਗ ਦੌਰਾਨ ਖਿਡਾਰਨਾਂ ਨੂੰ ਕੁੱਲ 18 ਲੱਖ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ।
ਲੀਗ ਦੇ ਸੋਮਵਾਰ ਨੂੰ ਹੋਏ ਫਾਈਨਲ ਦੇ ਸਖ਼ਤ ਮੁਕਾਬਲੇ ਵਿੱਚ ਪੰਜਾਬ ਕੁਈਨਜ਼ ਵੱਲੋਂ ਖਿਡਾਰਨਾਂ ਸੋਨੀਆ, ਰਿੰਕੂ, ਰਿਤੂ ਸੋਥਾ, ਮੁਨੀਸ਼ਾ, ਰੁਪਿੰਦਰ ਕੌਰ, ਪਲਵਿੰਦਰ ਕੌਰ ਅਤੇ ਅੰਜੂ ਰਾਣੀ ਨੇ ਬਿਹਤਰ ਖੇਡ ਵਿਖਾਈ। ਉੱਧਰ ਹਰਿਆਣਾ ਦੀ ਟੀਮ ਵੱਲੋਂ ਸੁਮਿਤ ਪੂਨੀਆ, ਰਾਮ ਬਤੇਰੀ, ਰਿਤੂ ਨਾਡਾ, ਕਿਰਨਜੀਤ ਕੌਰ ਅਤੇ ਸੀਮਾ ਨੇ ਵੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਟੀਮ ਨੂੰ ਜਿਤਾਉਣ ’ਚ ਕਾਮਯਾਬ ਨਹੀਂ ਹੋ ਸਕੀਆਂ। ਇਸ ਫਾਈਨਲ ਮੈਚ ’ਚੋਂ ਹਰਿਆਣਾ ਦੀ ਰੇਡਰ ਸੁਮਿਤ ਨੂੰ ਸਰਵੋਤਮ ਰੇਡਰ ਅਤੇ ਅੰਜੂ ਰਾਣੀ ਨੂੰ ਸਰਵੋਤਮ ਜਾਫੀ ਚੁਣਿਆ ਗਿਆ, ਜਿੰਨ੍ਹਾਂ ਨੂੰ 51-51 ਸੌ ਰੁਪਏ ਇਨਾਮੀ ਰਾਸ਼ੀ ਦਿੱਤੀ ਗਈ।
ਪਦਮ ਸ੍ਰੀ ਕੁਈਨਜ਼ ਟੀਮ ਚੇਨਈ ਦੀ ਖਿਡਾਰਨ ਕਰਮੀ ਚਹਿਲ ਨੂੰ ਟੂਰਨਾਮੈਂਟ ਦੀ ਬਿਹਤਰੀਨ ਰੇਡਰ ਅਤੇ ਸਰਸਵਤੀ ਕੁਈਨਜ਼ ਯੂਪੀ ਦੀ ਖਿਡਾਰਨ ਸੁਖਦੀਪ ਕੌਰ ਲਿੱਧੜ ਨੂੰ ਸਰਵੋਤਮ ਜਾਫੀ ਵਜੋਂ 21-21 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਇਹ ਲੀਗ ਰੋਹਤਾਸ਼ ਸਿੰਘ ਨਾਦਲ, ਪਰਵੀਨ ਯਾਦਵ ਅਤੇ ਹਰਬੀਰ ਕੌਰ ਭਿੰਡਰ ਦੀ ਅਗਵਾਈ ’ਚ ਕਰਵਾਈ ਗਈ। ਲੀਗ ਸੰਚਾਲਨ ’ਚ ਮੁੱਖ ਸੰਚਾਲਕ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਪਲਵਿੰਦਰ ਕੌਰ ਸਾਬਕਾ ਜ਼ਿਲ੍ਹਾ ਖੇਡ ਅਫਸਰ ਨੇ ਅਹਿਮ ਭੂਮਿਕਾ ਨਿਭਾਈ।