ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਸਮੇਤ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ

ਨਾਜ਼ੁਕ ਥਾਵਾਂ ਦੀ ਮਜ਼ਬੂਤੀ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਪਲਟੂਨ ਪੁਲ, ਟਾਪੂਨੁਮਾ ਪਿੰਡਾਂ ਅਤੇ ਗਿੱਦੜਪਿੰਡੀ ਪੁਲ ਦਾ ਵੀ ਕੀਤਾ ਦੌਰਾ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਅਧਿਕਾਰੀਆਂ ਨਾਲ ਜ਼ਿਲੇ ਅੰਦਰ ਦਰਿਆ ਬਿਆਸ ਨਾਲ ਲਗਦੇ ਧੁੱਸੀ ਬੰਨ ਅਤੇ ਐਡਵਾਂਸ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਜਿਥੇ ਉਨਾਂ ਬਾਘੂਵਾਲ, ਕੰਮੇਵਾਲ, ਕਿਸ਼ਨ ਸਿੰਘ ਵਾਲਾ, ਡੇਰਾ ਹਰੀ ਸਿੰਘ, ਪੱਸਣ ਕਦੀਮ, ਮੰਡ ਬਾੳੂਪੁਰ ਆਦਿ ਵਿਖੇ ਨਾਜ਼ੁਕ ਥਾਵਾਂ ਦਾ ਨਿਰੀਖਣ ਕੀਤਾ ਉਥੇ ਬੀਤੇ ਸਾਲ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਸਰੂਪਵਾਲ, ਭਰੋਆਣਾ ਅਤੇ ਟਿੱਬੀ ਦਾ ਵੀ ਦੌਰਾ ਕੀਤਾ। ਇਸ ਤੋਂ ਇਲਾਵਾ ਉਹ ਗਿੱਦੜਪਿੰਡੀ ਪੁਲ ਅਤੇ ਪਲਟੂਨ ਪੁਲ ਤੋਂ ਪਾਰ ਟਾਪੂਨੁਮਾ ਪਿੰਡਾਂ ਵਿਚ ਵੀ ਗਏ। ਇਸ ਦੌਰਾਨ ਉਨਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨਾਂ ਦੇ ਹੱਲ ਦਾ ਭਰੋਸਾ ਦਿਵਾਇਆ। ਬਿਆਸ ਪੁਲ ਤੋਂ ਸ਼ੁਰੂ ਕੀਤੇ ਆਪਣੇ ਲੰਬੇ ਦੌਰੇ ਦੌਰਾਨ ਉਨਾਂ ਵੱਖ-ਵੱਖ ਥਾਵਾਂ ’ਤੇ ਡਰੇਨੇਜ ਵਿਭਾਗ ਵੱਲੋਂ ਕੀਤੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਬਿਆਸ ਪੁਲ ਤੋਂ ਕਿਸ਼ਨ ਸਿੰਘ ਵਾਲਾ ਤੱਕ ਧੁੱਸੀ ਬੰਨ ਦੀ ਮਜ਼ਬੂਤੀ ਲਈ ਪਰਪੋਜ਼ਲ ਤਿਆਰ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਕੁਝ ਘਰਾਂ ਅਤੇ ਡੇਰਿਆਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਤਿੰਨ-ਚਾਰ ਛੋਟੇ ਬੰਨ ਬਣਾਉਣ ਦੀ ਵੀ ਹਦਾਇਤ ਕੀਤੀ। ਇਸੇ ਦੌਰਾਨ ਉਨਾਂ ਬੀਤੇ ਸਾਲ ਆਏ ਹੜਾਂ ਦੌਰਾਨ ਸਰੂਪਵਾਲ, ਭਰੋਆਣਾ ਅਤੇ ਟਿੱਬੀ ਵਿਖੇ ਪਾੜ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ ਅਤੇ ਇਨਾਂ ਦੀ ਮਜ਼ਬੂਤੀ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨਾਂ ਸਤਲੁਜ ਵਾਲੇ ਪਾਸਿਓਂ ਜ਼ਿਲੇ ਨੂੰ ਨੁਕਸਾਨ ਤੋਂ ਰੋਕਣ ਲਈ ਇਸ ਦੇ ਹੱਲ ਸਬੰਧੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨਾਂ ਕਿਹਾ ਕਿ ਜ਼ਿਲੇ ਦੇ ਲੋਕਾਂ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਇਸ ਸਬੰਧੀ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਉਨਾਂ ਕਿਹਾ ਕਿ ਜ਼ਿਲੇ ਵਿਚ ਅਜਿਹੀ  ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੂਰੀ ਸਖਤੀ ਵਰਤੀ ਜਾਵੇਗੀ। ਇਸ ਮੌਕੇ ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਐਸ. ਡੀ. ਓ ਡਰੇਨੇਜ ਸ੍ਰੀ ਕੰਵਲਜੀਤ ਲਾਲ ਅਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਧੁੱਸੀ ਬੰਨ ਅਤੇ ਦਰਿਆ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ।