ਸਲੇਮਪੁਰੀ ਦੀ ਚੂੰਢੀ✍️ ਗੁਰੂ ਰਵਿਦਾਸ ਜੀ ਨੂੰ ਸਮਰਪਿਤ

ਗੁਰੂ ਰਵਿਦਾਸ ਜੀ ਨੂੰ ਸਮਰਪਿਤ

ਹੇ ਗੁਰੂ ਰਵਿਦਾਸ!

ਤੂੰ 'ਕੱਲੇ ਨੇ

ਨਿਰਭੈ ਹੋ ਕੇ 

ਸਮਾਜ ਵਿੱਚ

ਸਮਾਜਿਕ, ਧਾਰਮਿਕ,

 ਰਾਜਨੀਤਕ, ਆਰਥਿਕ

ਬਰਾਬਰਤਾ ਲਈ

ਯੁੱਧ ਲੜਿਆ!

ਤੇ

ਸਮੇਂ ਦੇ ਹਾਕਮਾਂ ਨੂੰ

ਫਿਟਕਾਰਾਂ ਮਾਰਦਿਆਂ ਕਿਹਾ -

' ਐੱਸਾ ਚਾਹੂੰ ਰਾਜ ਮੈਂ,

ਜਹਾਂ ਮਿਲੇ ਸਬਨ ਕੋ ਅੰਨ।

ਛੋਟ ਬੜੋ ਸਭ ਸਮ ਬਸੇ,

ਰਵਿਦਾਸ ਰਹੇ ਪ੍ਰਸੰਨ।

ਹੇ ਗੁਰੂ ਰਵਿਦਾਸ!

ਗੁਰੂ ਅਰਜਨ ਦੇਵ ਜੀ ਨੇ

ਸਾਂਝੀਵਾਲਤਾ

ਕਾਇਮ ਕਰਨ ਲਈ

ਗੁਰੂ ਗ੍ਰੰਥ ਸਾਹਿਬ ਦੀ

ਸਥਾਪਨਾ ਕਰਕੇ

ਸੰਸਾਰ ਨੂੰ

ਨਵੀਂ ਸੇਧ ਪ੍ਰਦਾਨ ਕੀਤੀ।

ਪਰ-

ਅੱਜ ਗੁਰੂ ਗ੍ਰੰਥ ਸਾਹਿਬ ਨੂੰ

ਗੁਰੂ ਕਹਿਣ

ਵਾਲਿਆਂ ਵਿਚੋਂ

ਬਹੁਤਿਆਂ ਦੇ

 ਹਿਰਦਿਆਂ ਦੀ ਸ਼ੁੱਧਤਾ

 ਵਿਚ ਬਹੁਤੀ ਸ਼ੁੱਧਤਾ

ਪ੍ਰਤੀਤ ਨਹੀਂ ਹੁੰਦੀ!

ਉਹ ਤਾਂ

ਅਜੇ ਵੀ

ਮਨੂੰਵਾਦੀ ਵਿਚਾਰਧਾਰਾ

ਦਾ ਬੋਝ

 ਦਿਮਾਗ 'ਚ

ਲੈ ਕੇ ਘੁੰਮਦੇ ਨੇ।

ਇਸੇ ਕਰਕੇ

ਇਥੇ -

ਜਾਤਾਂ - ਪਾਤਾਂ, 

ਗੋਤਾਂ,

ਕਬੀਲਿਆਂ ਦੇ 

ਗੁਰਦੁਆਰੇ ਵੀ

ਵੱਖਰੇ ਨੇ!

' ਤੇ

ਮੜੀਆਂ ਚੋਂ ਵੀ

ਜਾਤ-ਪਾਤ ਦੀ

ਬਦਬੋ ਮਾਰਦੀ ਐ।

ਹੇ!

ਗੁਰੂ ਰਵਿਦਾਸ!

ਅੱਜ ਵੀ

ਸਮਾਜ ਵਿਚ

ਸਮਾਜਿਕ, ਆਰਥਿਕ

ਰਾਜਨੀਤਕ, ਧਾਰਮਿਕ

ਬਰਾਬਰਤਾ ਲਈ

ਤੇਰੀ ਵਿਚਾਰਧਾਰਾ ਦੀ

ਉਡੀਕ ਐ!

-ਸੁਖਦੇਵ ਸਲੇਮਪੁਰੀ  9/2/2020