You are here

ਲੋਕ ਵਾਤਾਵਰਣ ਬਚਾਉਣ ਅਤੇ ਜਨ ਮੁਹਿੰਮ ਸਿਰਜਣ ਲਈ ਸਹਿਯੋਗ ਕਰਨ-ਚੇਅਰਮੈਨ ਨੈਸ਼ਨਲ ਗਰੀਨ ਟ੍ਰਿਬਿਊਨਲ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰੰਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਾਤਾਵਰਣ ਬਚਾਉਣ ਲਈ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਕਿਹਾ ਹੈ ਕਿ ਵਾਤਾਵਰਣ ਨੂੰ ਬਚਾਉਣ ਅਤੇ ਇਸ ਦਿਸ਼ਾ ਵਿੱਚ ਜਨ ਮੁਹਿੰਮ ਸਿਰਜਣ ਲਈ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਹਰੇਕ ਦੇਸ਼ ਵਾਸੀ ਦਾ ਫਰਜ਼ ਹੈ ਕਿ ਉਹ ਆਉਣ ਵਾਲੀਆਂ ਪੀੜੀਆਂ ਲਈ ਵਾਤਾਵਰਣ ਨੂੰ ਬਚਾਵੇ। ਜਸਟਿਸ ਗੋਇਲ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਆਯੋਜਿਤ ਕਰਵਾਈ ਗਈ ਇੱਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਹ ਆਪਣੇ ਤਰਾਂ ਦੀ ਪਹਿਲੀ ਵਰਕਸ਼ਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਜੋ ਕਿ 'ਬਿਹਤਰ ਵਾਤਾਵਰਣ, ਬਿਹਤਰ ਕੱਲ ਵਿਸ਼ੇ 'ਤੇ ਕਰਵਾਈ ਗਈ ਸੀ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਜਸਟਿਸ ਗੋਇਲ ਨੇ ਕਿਹਾ ਕਿ ਇਸ ਵਰਕਸ਼ਾਪ ਨੂੰ ਕਰਾਉਣ ਦਾ ਮਕਸਦ ਹੈ ਕਿ ਵਾਤਾਵਰਣ ਨੂੰ ਬਚਾਉਣ ਹਿੱਤ ਸਮੂਹ ਧਿਰਾਂ ਦਾ ਸਹਿਯੋਗ ਲੈਣ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਸਿਰਜੀ ਜਾਵੇ। ਕਿਉਂਕਿ ਜੇਕਰ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਅੱਜ ਯਤਨ ਨਾ ਆਰੰਭੇ ਤਾਂ ਸਾਡਾ ਆਉਣ ਵਾਲਾ ਕੱਲ ਖ਼ਰਾਬ ਹੋ ਜਾਵੇਗਾ। ਸਥਿਤੀ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਵੀ ਪਾਣੀ, ਹਵਾ ਅਤੇ ਵੇਸਟ ਮੈਨੇਜਮੈਂਟ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨਾਂ ਅੱਗੇ ਦੱਸਿਆ ਕਿ ਇਸ ਵਰਕਸ਼ਾਪ ਨੇ ਵਾਤਾਵਰਣ ਨੂੰ ਬਚਾਉਣ ਲਈ ਸਾਰੀਆਂ ਧਿਰਾਂ ਨੂੰ ਇੱਕ ਮੰਚ 'ਤੇ ਇਕੱਤਰ ਹੋਣ ਅਤੇ ਸਾਂਝੇ ਯਤਨ ਆਰੰਭਣ ਦਾ ਸੁਨੇਹਾ ਦਿੱਤਾ ਹੈ ਤਾਂ ਜੋ ਬਿਹਤਰ ਵਾਤਾਵਰਣ ਦੀ ਸਿਰਜਣਾ ਕਰਕੇ ਬਿਹਤਰ ਕੱਲ ਦੀ ਬੁਨਿਆਦ ਰੱਖੀ ਜਾ ਸਕੇ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸਤਲੁੱਜ ਅਤੇ ਬਿਆਸ ਦਰਿਆਵਾਂ ਲਈ ਐੱਨ. ਜੀ. ਟੀ. ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਦੇ ਚੱਲਦਿਆਂ ਵਿਸ਼ਵ ਵਾਤਾਵਰਣ ਬਦਲਾਅ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ। ਜੇਕਰ ਵਾਤਾਵਰਣ ਇਸੇ ਤਰਾਂ ਪਲੀਤ ਹੁੰਦਾ ਗਿਆ ਤਾਂ ਇਹ ਘਾਟਾ ਕਦੇ ਵੀ ਨਹੀਂ ਪੂਰਿਆ ਜਾ ਸਕੇਗਾ। ਉਨ•ਾਂ ਇਸ ਦਿਸ਼ਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ 'ਤੇ ਵੀ ਸਹੀ ਅਰਥਾਂ ਵਿੱਚ ਅਮਲ ਕਰਨ ਦੀ ਸਲਾਹ ਦਿੱਤੀ। ਘੱਗਰ ਦਰਿਆ ਲਈ ਬਣਾਈ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਪ੍ਰੀਤਮ ਪਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜਆਂ ਨੂੰ ਅਜਿਹਾ ਵਾਤਾਵਰਣ ਦੇ ਕੇ ਜਾਈਏ ਕਿ ਉਹ ਸਿਹਤਮੰਦ ਜੀਵਨ ਬਤੀਤ ਕਰ ਸਕਣ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐੱਸ. ਐੱਸ. ਮਰਵਾਹਾ ਨੇ ਕਿਹਾ ਕਿ ਇਸ ਵਰਕਸ਼ਾਪ ਨੂੰ ਕਰਾਉਣ ਦਾ ਮਕਸਦ ਸੀ ਕਿ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਕੰਮਾਂ ਲਈ ਨਿਆਂਇਕ, ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਦੇ ਵਿਚਾਰ ਲਏ ਜਾਣ ਤਾਂ ਜੋ ਵੱਡੇ ਪੱਧਰ 'ਤੇ ਲੋਕਾਂ ਤੱਕ ਪਹੁੰਚਣ ਲਈ ਮੁਹਿੰਮ ਆਰੰਭੀ ਜਾ ਸਕੇ। ਇਸ ਵਰਕਸ਼ਾਪ ਦੌਰਾਨ ਹਵਾ, ਪਾਣੀ ਅਤੇ ਸਾਲਿਡ ਵੇਸਟ ਮੈਨੇਜਮੈਂਟ 'ਤੇ ਖੁੱਲਕੇ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਨਾਂ ਦੇ ਪ੍ਰਬੰਧਨ ਲਈ ਮੀਡੀਆ ਵੱਲੋਂ ਦਿੱਤੇ ਜਾ ਸਕਦੇ ਸਹਿਯੋਗ ਬਾਰੇ ਵੀ ਚਰਚਾ ਹੋਈ। ਉਨਾਂ ਉਮੀਦ ਜਤਾਈ ਕਿ ਇਸ ਵਰਕਸ਼ਾਪ ਵਿੱਚ ਮਿਲੇ ਵਿਚਾਰਾਂ ਨਾਲ ਵਾਤਾਵਰਣ ਨੂੰ ਬਚਾਉਣ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨਾਂ ਇਹ ਵੀ ਉਮੀਦ ਜਤਾਈ ਕਿ ਇਸ ਨਾਲ ਆਮ ਲੋਕਾਂ ਵਿੱਚ ਵੀ ਵਾਤਾਵਰਣ ਨੂੰ ਬਚਾਉਣ ਲਈ ਸੁਨੇਹਾ ਜਾਵੇਗਾ ਅਤੇ ਉਹ ਆਪਣਾ ਆਲਾ ਦੁਆਲਾ ਸਾਫ਼ ਰੱਖਣ ਲਈ ਆਪਣਏ ਪੱਧਰ 'ਤੇ ਯਤਨ ਕਰਨਗੇ। ਵਰਕਸ਼ਾਪ ਨੂੰ ਸਾਇੰਸ, ਤਕਨਾਲੋਜੀ ਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋ ਉੱਪ ਕੁਲਪਤੀ ਪ੍ਰੋ. ਸੀ. ਆਰ. ਬਾਬੂ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਐੱਸ. ਸੀ. ਅਗਰਵਾਲ, ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਸ੍ਰੀਮਤੀ ਉਰਵਸ਼ੀ ਗੁਲਾਟੀ, ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਾਬਕਾ ਮੈਂਬਰ ਸਕੱਤਰ ਜੇ. ਐੱਸ. ਕਮੋਤਰਾ, ਜ਼ਿਲਾ ਅਤੇ ਸੈਸ਼ਨਜ਼ ਜੱਜ ਗੁਰਬੀਰ ਸਿੰਘ, ਇਨਕਮ ਟੈਕਸ ਦੇ ਮੁੱਖ ਕਮਿਸ਼ਨਰ ਬੀ. ਕੇ. ਝਾਅ, ਗਾਰਬੇਜ਼ ਡੀਕੋਡਰ ਸੁਸਾਇਟੀ ਦੇ ਮੁੱਖੀ ਰਾਜਪਾਲ ਸਿੰਘ ਮਖਾਨੀ, ਪੀ. ਏ. ਯੂ. ਦੇ ਪਸਾਰ ਸਿੱਖਿਆ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਮਾਹਲ, ਨਗਰ ਕੌਂਸਲ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਪੀ. ਜੀ. ਆਈ. ਤੋਂ ਪ੍ਰੋ. ਰਵਿੰਦਰਾ ਖਾਈਵਾਲ, ਜਾਗਰਣ ਪਬਲੀਕੇਸ਼ਨ ਸਮੂਹ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ, ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਖੇਤਰ ਵਿੱਚ ਹਵਾ ਪ੍ਰਦੂਸ਼ਣ ਬਾਰੇ ਗੱਲਬਾਤ ਕਰਦਿਆਂ ਦਰਸ਼ਕਾਂ ਵੱਲੋਂ ਰੱਖੇ ਗਈ ਸਵਾਲਾਂ ਦੇ ਵੀ ਜਵਾਬ ਦਿੱਤੇ। ਇਸ ਸੰਬੰਧੀ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਪੰਜਾਬ ਸਰਕਾਰ ਅਤੇ ਬੋਰਡ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵੀ ਵੇਰਵਾ ਪੇਸ਼ ਕੀਤਾ ਗਿਆ। ਪੂਰੀ ਵਰਕਸ਼ਾਪ ਦੌਰਾਨ ਇਹ ਦੱਸਿਆ ਗਿਆ ਕਿ ਪੰਜਾਬ ਇੱਕ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ, ਜਿਸ ਕਰਕੇ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 'ਪਵਣ ਗੁਰੂ ਪਾਣੀ ਪਿਤਾ' ਦੇ ਸੰਕਲਪ ਨੂੰ ਨਾਲ ਲੈ ਕੇ ਵਾਤਾਵਰਣ ਨੂੰ ਬਚਾਉਣ ਲਈ ਹਰ ਪੱਧਰ 'ਤੇ ਉਪਰਾਲੇ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਉਕਤ ਤੋਂ ਇਲਾਵਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਕਈ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਵਰਗਾਂ ਦੇ ਲੋਕ ਹਾਜ਼ਰ ਸਨ।