ਰੁਮਾਂਟਿਕਤਾ ਭਰੀ ਪਰਿਵਾਰਕ ਪੰਜਾਬੀ ਫ਼ਿਲਮ 'ਸੁਫਨਾ' ਦਾ ਟ੍ਰੇਲਰ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ

ਆਗਾਮੀ 14 ਫਰਵਰੀ ਨੂੰ ਵਰਲਡਵਾਈਡ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਰੁਮਾਂਟਿਕਤਾ ਭਰੀ ਸੰਗੀਤਕ ਤੇ ਪਰਿਵਾਰਕ ਫ਼ਿਲਮ 'ਸੁਫਨਾ' ਦਾ ਟ੍ਰੇਲਰ ਹਾਲ ਹੀ ਰਿਲੀਜ਼ ਕੀਤਾ ਗਿਆ ਹੈ।ਜੋ ਕਿ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਫਿਲਮ ਰਾਹੀਂ ਪਹਿਲੀ ਵਾਰ ਵੱਡੇ ਪਰਦੇ ਤੇ ਸਟਾਰ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਤਾਨੀਆ ਦੀ ਜੋੜੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ 'ਸੁਫਨਾ' ਨਾਮੀ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਜਿਨਾਂ ਵਲੋਂ ਪਿਛਲੇ ਸਾਲ ਬਲਾਕਬਾਸਟਰ ਫਿਲਮਾਂ 'ਕਿਸਮਤ' ਤੇ 'ਛੜਾ' ਦਾ ਨਿਰਦੇਸ਼ਨ ਕੀਤਾ ਗਿਆ ਸੀ।ਫਿਲਮ ਸਬੰਧੀ ਗੱਲਬਾਤ ਕਰਦਿਆਂ ਫਿਲਮ ਦੇ ਨਾਇਕ ਐਮੀ ਵਿਰਕ ਦਾ ਕਹਿਣਾ ਹੈ ਕਿ ਉਨਾਂ ਦੀ ਫਿਲਮ 'ਕਿਸਮਤ' ਦੀ ਤਰਾਂ ਇਹ ਫਿਲਮ ਵੀ ਇਕ ਹੋਰ ਰੁਮਾਂਸ ਨਾਲ ਮਨੋਰੰਜਨ ਭਰਪੂਰ ਵੱਡਾ ਧਮਾਕਾ ਹੋਵੇਗੀ। 'ਕਿਸਮਤ' ਵਾਂਗ ਇਹ ਫਿਲਮ ਵੀ ਇੱਕ ਵੱਖਰੀ ਹੀ ਕਿਸਮ ਦੀ ਅਧੁਨਿਕ ਲਵ ਸਟੋਰੀ ਤੇ ਅਧਾਰਤ ਹੋਵੇਗੀ। ਰਾਜਸਥਾਨ ਦੀਆਂ ਖੂਬਸੁਰਤ ਲੁਕੇਸ਼ਨਾਂ 'ਤੇ ਫ਼ਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹੁਸੀਨ ਤੋਹਫ਼ਾ ਹੋਵੇਗੀ। ਫ਼ਿਲਮ ਹੀਰੋਇਨ ਤਾਨੀਆ ਦਾ ਕਹਿਣਾ ਹੈ ਕਿ ਫਿਲਮ 'ਸੁਫਨਾ' ਵਿੱਚ ਐਮੀ ਵਿਰਕ ਨਾਲ ਬਤੌਰ ਨਾਇਕਾ ਪਰਦੇ 'ਤੇ ਆਉਣਾ ਉਸਦਾ ਇੱਕ ਵੱਡਾ ਸੁਫ਼ਨਾ ਪੂਰਾ ਹੋਣ ਬਰਾਬਰ ਹੈ।ਉਸ ਨੇ ਦੱਸਿਆ ਕਿ ਇਸ ਫਿਲਮ ਲਈ ਉਸਨੇ ਬਹੁਤ ਮੇਹਨਤ ਕੀਤੀ ਹੈ।ਇਸ ਫਿਲਮ ਦਾ ਸ਼ੂਟ ਦੋ ਮਹੀਨੇ ਚੱਲਿਆ ਤੇ ਉਸਨੇ ਆਪਣਾ ਵਜ਼ਨ ਵੀ ਘਟਾਇਆ ਹੈ। ਉਸ ਨੂੰ ਆਸ ਹੈ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ 'ਸੁਫਨਾ' ਵਿੱਚ ਵੀ ਉਸਦੀ ਅਦਾਕਾਰੀ ਨੂੰ ਜਰੂਰ ਪਸੰਦ ਕਰਨਗੇ ਅਤੇ ਇਹ ਫਿਲਮ ਉਸਦੇ ਕੈਰੀਅਰ ਲਈ ਮੀਲ ਪੱਥਰ ਸਾਬਤ ਹੋਵੇਗੀ।ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਿਰਦੇਸ਼ਿਤ ਇਹ ਫਿਲਮ ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਮਜਬੂਤ ਕਰਦੀ ਹਰ ਛੋਟੇ ਵੱਡੇ, ਅਮੀਰ ਗਰੀਬ, ਅਨਪੜ੍ਹ ਪੜ੍ਹੇ ਲਿਖੇ ਬੰਦੇ ਦੇ ਸੁਫ਼ਨਿਆਂ ਦੀ ਗੱਲ ਕਰੇਗੀ।ਇਹ ਫਿਲਮ ਗਰੀਬ ਪਰਿਵਾਰ ਦੀ ਕੁੜੀ ਦੇ ਪਿਆਰ ਅਤੇ ਬਲੀਦਾਨ ਦੀ ਕਹਾਣੀ ਹੈ। ਫਿਲਮ ਦੀ ਹੀਰੋਇਨ ਗਰੀਬ ਪਰਿਵਾਰ ਦੀ ਕੁੜੀ ਹੈ ਤੇ ਹੀਰੋ ਜਿਮੀਂਦਾਰ ਪਰਿਵਾਰ ਦਾ ਪੜਾਕੂ ਮੁੰਡਾ ਹੈ। ਦੋਵਾਂ ਦਾ ਅਲੱੜ ਦਿਲਾਂ ਵਾਲਾ ਇੱਕ ਦੂਜੇ ਲਈ ਮਰ ਮਿੱਟਣ ਦੀਆਂ ਕਸਮਾਂ ਵਾਲਾ ਪਿਆਰ ਹੈ ਜਿਸ ਵਿੱਚ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ। ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਵਲੋਂ ਪ੍ਰੋਡਿਊਸ 'ਪੰਜ ਪਾਣੀ ਫਿਮਲਜ਼' ਬੈਨਰ ਹੇਠ ਬਣੀ ਇਹ ਫਿਲਮ 14 ਫਰਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।ਇਸ ਫਿਲਮ ਵਿਚ ਐਮੀ ਵਿਰਕ ਤੇ ਤਾਨੀਆ ਤੋਂ ਇਲਾਵਾ ਜੈਸਮੀਨ ਬਾਜਵਾ, ਸੀਮਾ ਕੌਸ਼ਲ, ਜਗਜੀਤ ਸੰਧੂ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ ਬਲਵਿੰਦਰ ਬੁਲਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।