ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਤੇ ਮੀਡੀਆ ਕਰਮੀਆਂ ਵਿਚਾਲੇ ਤਕਰਾਰ

ਅੰਮ੍ਰਿਤਸਰ, 3 ਮਾਰਚ ਇਥੇ ਭਗਤਾਂਵਾਲਾ ਡੰਪ ’ਤੇ ਅੱਜ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਗੱਲ ਕਰਨ ਦੇ ਇਛੁੱਕ ਇਲੈਕਟ੍ਰਾਨਿਕ ਮੀਡੀਆ ਕਰਮੀਆਂ ਅਤੇ ਸ੍ਰੀ ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਤਕਰਾਰ ਹੋ ਗਈ। ਸ੍ਰੀ ਸਿੱਧੂ ਇਥੇ ਡੰਪ ਵਾਲੀ ਥਾਂ ’ਤੇ ਪਾਰਕ ਉਸਾਰਨ ਦਾ ਕੰਮ ਸ਼ੁਰੂ ਕਰਨ ਲਈ ਪੁੱਜੇ ਸਨ। ਜਦੋਂ ਸ੍ਰੀ ਸਿੱਧੂ ਵਾਪਸ ਪਰਤ ਰਹੇ ਸਨ ਤਾਂ ਮੀਡੀਆ ਕਰਮੀਆਂ ਨੇ ਭਾਰਤ-ਪਾਕਿ ਵਿਚ ਬਣੇ ਤਣਾਅ ਬਾਰੇ ਗੱਲ ਕਰਨ ਦੀ ਇੱਛਾ ਪ੍ਰਗਟਾਈ। ਇਸ ਦੌਰਾਨ ਮੀਡੀਆ ਕਰਮੀਆਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕ ਦਿੱਤਾ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਕੁਝ ਪੱਤਰਕਾਰਾਂ ਨਾਲ ਧੱਕਾਮੁੱਕੀ ਵੀ ਕੀਤੀ। ਮੀਡੀਆ ਕਰਮੀਆਂ ਨੇ ਦੋਸ਼ ਲਾਇਆ ਕਿ ਸੁਰੱਖਿਆ ਕਾਮਿਆਂ ਨੇ ਉਨ੍ਹਾਂ ਦੇ ਕੈਮਰੇ ਹੇਠਾਂ ਸੁੱਟਣ ਦਾ ਯਤਨ ਕੀਤਾ ਤੇ ਬਦਸਲੂਕੀ ਕੀਤੀ। ਇਸ ਦੌਰਾਨ ਸ੍ਰੀ ਸਿੱਧੂ ਵਾਪਸ ਚਲੇ ਗਏ। ਇਸ ਮਾਮਲੇ ਨੂੰ ਲੈ ਕੇ ਮੀਡੀਆ ਕਰਮੀਆਂ ਵਿਚਾਲੇ ਭਾਰੀ ਰੋਸ ਹੈ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਇਥੇ ਡੰਪ ’ਤੇ ਕੂੜਾ ਹਟਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਥੇ 20 ਏਕੜ ਰਕਬੇ ਵਿਚ ਸਟੇਡੀਅਮ ਅਤੇ ਪਾਰਕ ਬਣਾਇਆ ਜਾਵੇਗਾ। ਸ੍ਰੀ ਸਿੱਧੂ ਨੇ ਦੱਸਿਆ ਕਿ ਇਥੋਂ ਡੰਪ ਨੂੰ ਹਟਾਉਣਾ ਅਸੰਭਵ ਸੀ ਪਰ ਨਗਰ ਨਿਗਮ ਦੇ ਯਤਨਾਂ ਸਦਕਾ ਇਹ ਸੰਭਵ ਹੋ ਗਿਆ ਹੈ। ਹੁਣ ਇਥੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਲਿਆਂਦੀਆਂ ਜਾ ਰਹੀਆਂ ਮਸ਼ੀਨਾਂ ਨਾਲ ਡੰਪ ਦੇ ਲਗਪਗ 15 ਲੱਖ ਮੀਟਰਿਕ ਟਨ ਕੂੜੇ ਨੂੰ ਵੱਖ ਵੱਖ ਹਿੱਸਿਆਂ ਵਿਚ ਵੰਡ ਕੇ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖਾਲੀ ਹੋਣ ਵਾਲੀ ਥਾਂ ’ਤੇ ਸਟੇਡੀਅਮ ਬਣਾਇਆ ਜਾਵੇਗਾ ਅਤੇ ਬੂਟੇ ਲਾ ਕੇ ਪਾਰਕ ਉਸਾਰਿਆ ਜਾਵੇਗਾ। ਇਸ ਕੂੜੇ ਵਿਚੋਂ ਜੈਵਿਕ ਖਾਦ, ਪਲਾਸਟਿਕ ਤੇ ਮਿੱਟੀ ਨੂੰ ਵੱਖ ਵੱਖ ਕਰਕੇ ਚੁੱਕਿਆ ਜਾਵੇਗਾ। ਦੱਸਣਯੋਗ ਹੈ ਕਿ ਇਲਾਕੇ ਦੇ ਲੋਕਾਂ ਵਲੋਂ ਡੰਪ ਹਟਾਉਣ ਲਈ ਕਈ ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਤੇ ਸੁਨੀਲ ਦੱਤੀ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਜਤਿੰਦਰ ਸੋਨੀਆ ਤੇ ਹੋਰ ਪਤਵੰਤੇ ਹਾਜ਼ਰ ਸਨ।
ਇਸ ਤੋਂ ਇਲਾਵਾ ਸ੍ਰੀ ਸਿੱਧੂ ਵਲੋਂ ਸ਼ਹਿਰ ਦੇ ਵਿਕਾਸ ਲਈ ਲਗਪਗ ਦੋ ਹਜ਼ਾਰ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿਚ 1300 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸਾਫ ਸੁਥਰੇ ਨਹਿਰੀ ਪਾਣੀ ਦੀ ਸਹੂਲਤ ਵੀ ਸ਼ਾਮਲ ਹੈ। ਨਗਰ ਨਿਗਮ ਦਫਤਰ ਵਿਚ ਚੁਣੇ ਹੋਏ ਨੁਮਾਇੰਦਿਆਂ ਲਈ ਖੋਲ੍ਹੇ ਦਫਤਰ ਦੀ ਸ਼ੁਰੂਆਤ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਸ਼ਹਿਰ ਵਿਚ 34 ਕਰੋੜ ਰੁਪਏ ਦੀ ਲਾਗਤ ਨਾਲ ਐਲਈਡੀ ਲਾਈਟਾਂ, ਸਾਰੇ ਸਰਕਾਰੀ ਦਫਤਰਾਂ ਵਿਚ ਦਸ ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਪਲਾਂਟ, 168 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਟਰਾਂਸਪੋਰਟੇਸ਼ਨ ਲਈ ਵਾਹਨ ਪ੍ਰਣਾਲੀ ਸ਼ੁਰੂ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਚਾਰ ਨਵੇਂ ਪੁਲਾਂ ਦੇ ਕੰਮ ਦੀ ਸ਼ੁਰੂਆਤ ਬਾਰੇ ਉਨ੍ਹਾਂ ਦੱਸਿਆ ਕਿ ਇਹ ਸ਼ੁਰੂਆਤ 5 ਮਈ ਨੂੰ ਕੀਤੀ ਜਾਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 42 ਲਾਭਪਾਤਰੀਆਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਵੀ ਵੰਡੇ।