ਪੰਜਾਬ ਨੈਸ਼ਨਲ ਬੈਂਕ ਵੱਲੋਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਵਿਦਿਆਰਥਣਾਂ ਨੂੰ ਸਕੂਲ ਬੈਗ ਤੇ ਲਿਖਣ ਸਮੱਗਰੀ ਭੇਟ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਦਫ਼ਤਰ ਕਪੂਰਥਲਾ ਵੱਲੋਂ ਸੀ. ਐਸ. ਆਰ ਗਤੀਵਿਧੀਆਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਖੇ ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਭੇਟ ਕੀਤੀ ਗਈ। ਇਸ ਮੌਕੇ ਕਰਵਾਏ ਇਕ ਸਾਦੇ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਨੇ ਵਿਦਿਆਰਥਣਾਂ ਨੂੰ ਆਪਣੀ ਰੋਜ਼ਾਨਾ ਦੀ ਪੜਾਈ ਅਤੇ ਪਾਠਕ੍ਰਮ ਤੋਂ ਇਲਾਵਾ ਹੋਰਨਾਂ ਪ੍ਰਮੁੱਖ ਭਾਸ਼ਾਵਾਂ ਦੀ ਵਧੀਆ ਜਾਣਕਾਰੀ ਪ੍ਰਾਪਤ ਕਰਨ ਅਤੇ ਆਮ ਗਿਆਨ ਵਿਚ ਵਾਧਾ ਕਰਨ ਲਈ ਕਿਹਾ। ਇਸੇ ਤਰਾਂ ਉਨਾਂ ਵਿਦਿਆਰਥਣਾਂ ਨੂੰ ਸਵੱਛ ਭਾਰਤ ਸਿਰਜਣ ਵਿਚ ਆਪਣਾ ਯੋਗਦਾਨ ਦੇਣ, ਅਨੁਸ਼ਾਸਿਤ ਜੀਵਨ ਬਤੀਤ ਕਰਨ ਅਤੇ ਅਧਿਆਪਕਾਂ ਅਤੇ ਮਾਪਿਆਂ ਪ੍ਰਤੀ ਸਨੇਹ ਤੇ ਆਦਰ ਰੱਖਣ ਦੀ ਪ੍ਰੇਰਣਾ ਵੀ ਦਿੱਤੀ। ਸਕੂਲ ਦੇ ਪਿ੍ਰੰਸੀਪਲ ਸ. ਨਵਚੇਤਨ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਵਿੱਦਿਅਕ ਅਤੇ ਹੋਰਨਾਂ ਗਤੀਵਿਧੀਆਂ ਵਿਚ ਸਕੂਲ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ, ਜਿਸ ਦੀ ਭਰਪੂਰ ਸ਼ਲਾਘਾ ਹੋਈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ, ਮੁੱਖ ਪ੍ਰਬੰਧਕ ਸ੍ਰੀ ਆਰ. ਸੀ ਗੋਸਾਂਈਂ, ਸ੍ਰੀ ਪੀ. ਕੇ ਜੈਨ, ਸ੍ਰੀ ਯਸ਼ਪਾਲ ਮਦਾਨ, ਸ੍ਰੀ ਪੀ. ਐਸ ਅਰੋੜਾ, ਸ੍ਰੀ ਸੁਖਵਿੰਦਰ ਸਿੰਘ, ਸ੍ਰੀਮਤੀ ਪੂਨਮ ਸ਼ਰਮਾ, ਸ੍ਰੀਮਤੀ ਮੀਨਾ ਮਦਾਨ ਅਤੇ ਸ੍ਰੀਮਤੀ ਸਰੋਜ ਬਾਲਾ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ। 

ਕੈਪਸ਼ਨ :

-ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਲਿਖਣ ਸਮੱਗਰੀ ਭੇਟ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ ਤੇ ਹੋਰ ਅਧਿਕਾਰੀ। 

-ਸਮਾਗਮ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸ. ਐਸ. ਪੀ ਸਿੰਘ, ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ੀਸ਼ ਚੱਕਰਬਰਤੀ ਤੇ ਹੋਰ ਅਧਿਕਾਰੀ।