ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕਨਵੈਨਸ਼ਨ ਕਰਨ ਦਾ ਫ਼ੈਸਲਾ

ਲੁਧਿਆਣਾ-ਜ਼ਿਲ੍ਹਾ ਨਵਾਂ ਸ਼ਹਿਰ ਦੀ ਸੈਸ਼ਨ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਸਿਰਫ ਕੁਝ ਕਿਤਾਬਾਂ, ਪੈਂਫਲਿਟ, ਰਸਾਲੇ ਅਤੇ ਤਸਵੀਰਾਂ ਰੱਖਣ ਬਦਲੇ ਸੁਣਾਈ ਉਮਰ ਕੈਦ ਦੀ ਸਜ਼ਾ ਖ਼ਤਮ ਕਰਾਉਣ ਦੀ ਮੰਗ ਨੂੰ ਲੈ ਕੇ 2 ਦਰਜਨ ਦੇ ਕਰੀਬ ਸਿਆਸੀ, ਜਮੂਹਰੀ, ਕਿਸਾਨ, ਨੌਜਵਾਨ ਤੇ ਲੋਕਤੰਤਰੀ ਸੰਗਠਨਾਂ ਵੱਲੋਂ 6 ਮਾਰਚ ਨੂੰ ਚੰਡੀਗੜ੍ਹ ਵਿਚ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿੰਨ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਲਈ ਕਮੇਟੀ ਦੇ ਆਗੂ ਕਾਮਰੇਡ ਸੁਖਦਰਸ਼ਨ ਨੱਤ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਸੁਣਾਈ ਸਜ਼ਾ ਨੇ ਇਕ ਵਾਰ ਫਿਰ ਦੇਸ਼ ਦੀ ਨਿਆਂਪਾਲਿਕਾ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਂਦਾ ਹੈ ਕਿਉਂਕਿ ਇਹ ਫ਼ੈਸਲਾ ਘੱਟਗਿਣਤੀਆਂ ਪ੍ਰਤੀ ਕਾਨੂੰਨ ਦੇ ਦੂਹਰੇ ਮਾਪਦੰਡ ਦੇ ਨਾਲ ਨਾਲ ਦੇਸ਼ ਦੇ ਸੰਵਿਧਾਨ ਵਿਚ ਦਰਜ ਹਰ ਨਾਗਰਿਕ ਨੂੰ ਆਜ਼ਾਦ ਵਿਚਾਰ ਤੇ ਅਸਹਿਮਤੀ ਰੱਖਣ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਗੈਰ ਸ਼ਾਂਤੀਪੂਰਨ ਢੰਗ ਨਾਲ ਉਨ੍ਹਾਂ ਦਾ ਪ੍ਰਗਟਾਵਾ ਕਰ ਸਕਣ ਦੇ ਮੁੱਢਲੇ ਜਮਹੂਰੀ ਅਧਿਕਾਰ ਉਤੇ ਹਮਲਾ ਹੈ।
ਉਨ੍ਹਾਂ ਦੱਸਿਆ ਕਿ ਕਮੇਟੀ ਦੇ ਬੈਨਰ ਹੇਠ 6 ਮਾਰਚ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਗੁਰੂ ਗ੍ਰੰਥ ਸਾਹਿਬ ਭਵਨ, ਪਲਾਟ ਨੰਬਰ-1 , ਸੈਕਟਰ 28 ਏ, ਮੱਧ ਮਾਰਗ, ਚੰਡੀਗੜ੍ਹ ਵਿਚ ਕਨਵੈਨਸ਼ਨ ਕਰਨ ਪਿੱਛੋਂ ਇਹ ਸਜ਼ਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਗਵਰਨਰ ਪੰਜਾਬ ਨੂੰ ਮਿਲਿਆ ਜਾਵੇਗਾ।