ਵੱਧ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਨਾਲ ਜੋੜਨ ਲਈ ਹੰਭਲਾ ਮਾਰਨ ਬੈਂਕਾਂ-ਦੀਪਤੀ ਉੱਪਲ

ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਕੀਤੀ ਸਮੀਖਿਆ

ਕਪੂਰਥਲਾ,  ਜਨਵਰੀ 2020 -(ਹਰਜੀਤ ਸਿੰਘ ਵਿਰਕ)-  

ਜ਼ਿਲਾ ਬੈਂਕ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀਮਤੀ ਦੀਪਤੀ ਉੱਪਲ ਨੇ ਇਸ ਦੌਰਾਨ ਜ਼ਿਲੇ ਦੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਨਾਂ ਬੈਂਕਾਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਗਰੂਕ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਨਾਂ ਨਾਲ ਜੋੜਨ ਲਈ ਹੰਭਲਾ ਮਾਰਨ। ਉਨਾਂ ਕਿਹਾ ਕਿ ਬੈਂਕਾਂ ਨੂੰ ਲੋੜਵੰਦਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਹਾਇਕ ਬਣ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਉਨਾਂ ਬੈਂਕਾਂ ਨੂੰ ਕਿਹਾ ਕਿ ਉਹ ਸਵੈ-ਸਹਾਈ ਗਰੁੱਪਾਂ ਦੀ ਸਹਾਇਤਾ ਕਰਕੇ ਉਨਾਂ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਯੋਗਦਾਨ ਦੇਣ। ਉਨਾਂ ਹਦਾਇਤ ਕੀਤੀ ਕਿ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਉਨਾਂ ਬੈਂਕਾਂ ਨੂੰ ਕਿਹਾ ਕਿ ਉਹ ਏ. ਟੀ. ਐਮ ਸਬੰਧੀ ਹੋ ਰਹੀ ਧੋਖਾਧੜੀ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ, ਕਿਉਂਕਿ ਅੱਜਕੱਲ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। 

  ਇਸ ਮੌਕੇ ਉਨਾਂ ਬੀਤੀ ਤਿਮਾਹੀ ਦੌਰਾਨ ਜ਼ਿਲੇ ਦੀਆਂ ਬੈਂਕਾਂ ਦੇ ਕੰਮਕਾਜ਼ ਦੀ ਸਮੀਖਿਆ ਕਰਦਿਆਂ ਉਨਾਂ ਨੂੰ ਮਿੱਥੇ ਟੀਚੇ ਪੂਰੇ ਕਰਨ ਅਤੇ ਸੀ. ਡੀ. ਰੇਸ਼ੋ ਵਧਾਉਣ ਦੀ ਹਦਾਇਤ ਕੀਤੀ। ਉਨਾਂ ਇਸ ਦੌਰਾਨ ਕਿਸਾਨਾਂ ਨੂੰ ਕਰਜ਼ ਰਾਹਤ ਯੋਜਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਰੁਜ਼ਗਾਰ ਗਾਰੰਟੀ ਪ੍ਰੋਗਰਾਮ, ਮੁਦਰਾ ਯੋਜਨਾ, ਰੁਪੈ ਕਾਰਡ ਅਤੇ ਆਧਾਰ ਐਨਰੋਲਮੈਂਟ ਸੈਂਟਰਾਂ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਪੀ. ਐਨ. ਬੀ ਪੇਂਡੂ ਸਵੈ ਰੁਜ਼ਗਾਰ ਟ੍ਰੇਨਿੰਗ ਸੰਸਥਾਨ (ਆਰ. ਸੇਟੀ) ਦਾ ਸਾਲਾਨਾ ਐਕਸ਼ਨ ਪਲਾਨ ਵੀ ਜਾਰੀ ਕੀਤਾ।  

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ. ਸਿੰਘ, ਜ਼ਿਲਾ ਲੀਡ ਮੈਨੇਜਰ ਸ੍ਰੀ ਡੀ. ਐਲ. ਭੱਲਾ, ਆਰ. ਬੀ. ਆਈ ਦੇ ਐਲ. ਡੀ. ਓ ਸ੍ਰੀ ਬਿਮਲ ਸ਼ਰਮਾ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਮੁੱਖ ਖੇਤੀਬਾੜੀ ਅਫ਼ਸਰ ਸ. ਕੰਵਲਜੀਤ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਸ੍ਰੀ ਰਵਿੰਦਰ ਝਿੱਗਣ, ਪੀ. ਐਲ. ਆਰ. ਐਸ ਤੋਂ ਸ੍ਰੀਮਤੀ ਗਗਨਦੀਪ ਕੌਰ, ਮੱਛੀ ਪਾਲਣ ਪਸਾਰ ਅਫ਼ਸਰ ਸ. ਐਚ. ਐਸ ਬਾਵਾ, ਮੈਡਮ ਅੰਜੂ ਬਾਲਾ, ਸ. ਦਵਿੰਦਰ ਪਾਲ ਸਿੰਘ ਆਹੂਜਾ ਅਤੇ ਸ੍ਰੀ ਰਜਨੀਸ਼ ਕਾਂਤ ਤੋਂ ਇਲਾਵਾ ਸਮੂਹ ਬੈਂਕਾਂ ਦੇ ਡੀ. ਸੀ. ਓ ਹਾਜ਼ਰ ਸਨ।