ਚਮਕੌਰ ਸਾਹਿਬ, ਦਸੰਬਰ 2019 -(ਇਕਬਲ ਸਿੰਘ ਸਿੱਧੂ/ਮਨਜਿੰਦਰ ਗਿੱਲ)-
ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਮੈਹਦੇਆਣਾ ਸਾਹਿਬ ਲਈ 22 ਦਸੰਬਰ ਨੂੰ ਰਵਾਨਾ ਹੋਏ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਬੀਤੀ ਰਾਤ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁ: ਮੈਹਦੇਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਲੱਖਾ ਦੇ ਪ੍ਰਬੰਧਾਂ ਹੇਠ ਪੁੱਜੇ ਇਸ ਨਗਰ ਕੀਰਤਨ 'ਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਦੇ ਬਿਰਤਾਂਤ ਨੂੰ ਦਰਸਾਉਂਦੀਆਂ ਆਦਮ ਕੱਦ ਤਸਵੀਰਾਂ ਸਜੀਆਂ ਟਰਾਲੀਆਂ ਰਾਤ ਨੂੰ ਬਹੁਤ ਹੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ । ਗੁਰਦੁਆਰਾ ਸ੍ਰੀ ਮਹਿਦੇਆਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਜਿੰਦਰ ਸਿੰਘ ਰਾਜਾ ਰਸੂਲਪੁਰੀ ਪੂਰੇ ਬਿਰਤਾਂਤ ਨੂੰ ਆਪਣੀ ਆਵਾਜ਼ ਵਿਚ ਪੇਸ਼ ਕਰਦੇ ਨਾਲ ਚੱਲ ਰਹੇ ਸਨ । ਇਸ ਮਾਰਚ 'ਚ ਹਾਥੀ ਘੋੜੇ, ਊਠ ਵੀ ਸ਼ਾਮਿਲ ਸਨ । ਇਹ ਪੈਦਲ ਮਾਰਚ ਮੰਗਲਵਾਰ ਰਾਤ ਨੂੰ ਨੇੜਲੇ ਪਿੰਡ ਦੁਗਰੀ ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ ਬੁੱਧਵਾਰ ਦੇਰ ਰਾਤ ਇੱਥੇ ਪੁੱਜਾ ਤੇ ਰਾਤ ਦੇ ਵਿਸ਼ਰਾਮ ਤੋਂ ਬਾਦ ਅੱਜ ਦੁਪਹਿਰ 1 ਵਜੇ ਇੱਥੋਂ ਸ੍ਰੀ ਝਾੜ ਸਾਹਿਬ ਲਈ ਰਵਾਨਾ ਹੋਇਆ ਰਵਾਨਾ ਹੋਣ ਮੌਕੇ ਮੈਨੇਜਰ ਭਾਈ ਮਹਿੰਦਰ ਸਿੰਘ ਚੌਹਾਨਕੇ, ਹੈੱਡ ਗੰ੍ਰਥੀ ਗਿਆਨੀ ਮੇਜਰ ਸਿੰਘ, ਭਾਈ ਗੁਰਇਕਬਾਲ ਸਿੰਘ ਮਾਨ, ਭਾਈ ਮਨਜੀਤ ਸਿੰਘ, ਭਾਈ ਨਰਿੰਦਰ ਸਿੰਘ ਸੋਲਖੀਆਂ, ਜਸਵੀਰ ਸਿੰਘ ਸੈਦਪੁਰ, ਪ੍ਰਧਾਨ ਜਗੀਰ ਸਿੰਘ ਖੋਖਰ, ਕਰਨੈਲ ਸਿੰਘ ਫਤਿਹਪੁਰ ਬੇਟ, ਬਹਾਦਰ ਸਿੰਘ ਲੱਖਾ, ਜਸਵੀਰ ਸਿੰਘ ਮੁਲਾਂਪੁਰੀ, ਸੁਖਦੇਵ ਸਿੰਘ ਦੇੜਕਾ, ਅਜੈਬ ਸਿੰਘ ਯੁਪੀ, ਗੁਰਸੇਵਕ ਸਿੰਘ ਲੱਖਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।ਨਗਰ ਕੀਰਤਨ ਦੀ ਆਮਦ 'ਤੇ ਸਾਰੇ ਸਥਾਨਕ ਨਹਿਰ ਸਰਹਿੰਦ ਦੇ ਪੁਲ ਗੁ: ਸ੍ਰੀ ਅਮਰਗੜ੍ਹ ਸਾਹਿਬ ਦੇ ਪ੍ਰਬੰਧਕਾਂ ਵਲੋਂ ਦੁੱਧ ਆਦਿ ਦੇ ਲੰਗਰ ਲਗਾਏ ਹੋਏ ਸਨ । ਇਸੇ ਤਰ੍ਹਾਂ ਪਿੰਡ ਬਸੀ ਗੁਜਰਾਂ, ਰਾਏਪੁਰ, ਜੰਡ ਸਾਹਿਬ, ਧੋਲਰਾਂ, ਮੁੰਡੀਆਂ, ਗੱਗੋਂ, ਤਾਲਾਪੁਰ, ਸੱਲ੍ਹੋਮਾਜਰਾ ਪਿੰਡਾਂ ਵਿਚ ਵੀ ਭਰਵਾਂ ਸਵਾਗਤ ਕੀਤਾ ਗਿਆ ।