ਮਿਰਜ਼ਾਪੁਰ /ਉੱਤਰ ਪ੍ਰਦੇਸ਼,ਦਸੰਬਰ 2019-(ਏਜੰਸੀ) ਉੱਤਰ ਪ੍ਰਦੇਸ਼ ਦੇ ਹਲੀਆ ਪਿੰਡ ਵਿੱਚ ਇੱਕ 10ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸੀਆਰਪੀਐੱਫ ਦੇ ਜਵਾਨ ਤੇ ਸੇਵਾਮੁਕਤ ਜੇਲ੍ਹਰ ਦੇ ਪੁੱਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੜਕੀ ਨੂੰ ਜਿਸ ਕਾਰ ’ਚ ਅਗਵਾ ਕੀਤਾ ਗਿਆ ਉਸ ’ਤੇ ਪੁਲੀਸ ਦਾ ਲੋਗੋ ਲੱਗਾ ਹੋਇਆ ਸੀ।
ਹਲੀਆ ਥਾਣੇ ਦੇ ਇੰਸਪੈਕਟਰ ਦੇਵੀਵਰ ਸ਼ੁਕਲਾ ਨੇ ਕਿਹਾ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਅਗਵਾ ਤੇ ਜਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। 15 ਸਾਲਾ ਵਿਦਿਆਰਥਣ ਨਾਲ ਸੋਮਵਾਰ ਨੂੰ ਹਲੀਆ ਵਿੱਚ ਸੁੰਨਸਾਨ ਥਾਂ ’ਤੇ ਜਬਰ-ਜਨਾਹ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜੈ ਪ੍ਰਕਾਸ਼ ਮੌਰਿਆ ਸੇਵਾਮੁਕਤ ਜੇਲ੍ਹਰ ਬ੍ਰਿਜਲਾਲ ਮੌਰਿਆ ਦਾ ਪੁੱਤਰ ਹੈ। ਹਲੀਆ ਪਿੰਡ ਵਿੱਚ ਜੈ ਪ੍ਰਕਾਸ਼ ਦੀ ਭੈਣ ਦਾ ਵਿਆਹ ਹੋਇਆ ਸੀ ਜਿਸ ਕਾਰਨ ਮੁਲਜ਼ਮ ਦਾ ਇੱਥੇ ਆਉਣ-ਜਾਣ ਬਣਿਆ ਹੋਣ ਕਾਰਨ ਸਬੰਧਤ ਲੜਕੀ ਨਾਲ ਉਸ ਦੀ ਦੋਸਤੀ ਹੋ ਗਈ ਸੀ। ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਜੈ ਪ੍ਰਕਾਸ਼ ਨੇ ਉਸ ਦੀ ਲੜਕੀ ਨੂੰ ਫੋਨ ਕਰਕੇ ਪਿੰਡ ਦੇ ਬਾਹਰਵਾਰ ਸੱਦਿਆ ਸੀ ਜਿੱਥੇ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਪਹਿਲਾਂ ਹੀ ਖੜ੍ਹਾ ਸੀ। ਬਾਕੀ ਮੁਲਜ਼ਮਾਂ ’ਚ ਲਵ ਕੁਮਾਰ ਪਾਲ, ਗਣੇਸ਼ ਪ੍ਰਸਾਦ ਤੇ ਸੀਆਰਪੀਐੱਫ ਦਾ ਸਿਪਾਹੀ ਮਹਿੰਦਰ ਕੁਮਾਰ ਯਾਦਵ ਸ਼ਾਮਲ ਹਨ।