ਬਿੱਟੂ ਨੇ ਡੇਹਲੋਂ ’ਚ 46 ਪਿੰਡਾਂ ਦੀ ਪੰਚਾਇਤਾਂ ਨੂੰ ਚੈੱਕ ਵੰਡੇ

ਮੰਡੀ ਅਹਿਮਦਗੜ੍ਹ, 24 ਫਰਵਰੀ ਲੋਕ ਸਭਾ ਮੈਂਬਰ ਲੁਧਿਆਣਾ ਰਵਨੀਤ ਬਿੱਟੂ ਅਤੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਲਾਕੇ ਦੇ ਸਰਪੰਚਾਂ ਅਤੇ ਪੰਚਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਲਾਗੂ ਕੀਤੀ ਜਾਂਦੀਆਂ ਸਕੀਮਾਂ ਅਧੀਨ ਆਉਣ ਵਾਲੇ ਫੰਡਾਂ ਦੀ ਸੁਚੱਜੀ ਵਰਤੋਂ ਕਰਕੇ ਆਪਣੇ ਆਪਣੇ ਇਲਾਕੇ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਕਰਨ।
ਨੇੜਲੇ ਪਿੰਡ ਡੇਹਲੋਂ ਵਿੱਚ ਬਲਾਕ ਦੇ 46 ਪਿੰਡਾਂ ਦੀ ਪੰਚਾਇਤਾਂ ਨੂੰ ਦੋ ਕਰੋੜ ਤਰੇਹਠ ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਅਤੇ ਦਸਤਾਵੇਜ਼ ਵੰਡਣ ਮਗਰੋਂ ਬੋਲਦਿਆਂ ਬਿੱਟੂ ਨੇ ਦਾਅਵਾ ਕੀਤਾ ਕਿ ਸਰਪੰਚ ਦਾ ਅਹੁਦਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਸਭ ਤੋਂ ਤਾਕਤਵਰ ਅਤੇ ਪ੍ਰਭਾਵਸ਼ਾਲੀ ਅਹੁਦਾ ਹੈ ਜਿਸ ਦੀ ਵਰਤੋਂ ਪਿੰਡ ਦੇ ਸਾਰੇ ਵਰਗਾਂ ਦੇ ਵਿਕਾਸ ਲਈ ਕੀਤੀ ਜਾਣੀ ਚਾਹੀਦੀ ਹੈ।
ਆਪਣੇ ਭਾਸ਼ਣ ਦੌਰਾਨ ਬੋਲਦਿਆਂ ਵਿਧਾਇਕ ਕੁਲਦੀਪ ਵੈਦ ਨੇ ਦਾਅਵਾ ਕੀਤਾ ਕਿ ਉਂਨ੍ਹਾਂ ਦੇ ਹਲਕੇ ਦੇ ਡੇਢ ਸੌ ਤੋਂ ਉੱਪਰ ਸਾਰੇ ਪਿੰਡਾਂ ਨੂੰ ਔਸਤਨ ਅੱਠ ਤੋਂ ਦਸ ਲੱਖ ਰੁਪਏ ਪਹਲੀ ਕਿਸ਼ਤ ਵਿੱਚ ਦਿੱਤੇ ਜਾ ਰਹੇ ਹਨ ਤਾਂ ਸਾਰੇ ਪਿੰਡ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਬੀਡੀਪੀਓ ਡੇਹਲੋਂ ਇਕਬਾਲ ਸਿੰਘ, ਜਨਰਲ ਸਕੱਤਰ ਰਣਜੀਤ ਸਿੰਘ ਮਾਂਗਟ, ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਲਾਪਰਾਂ ਅਤੇ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਚਾਹਲ ਵੀ ਇਸ ਮੌਕੇ ਹਾਜ਼ਰ ਸਨ।