'ਜਲਿਆਂ ਵਾਲਾ ਬਾਗ ਕਤਲੇਆਮ ਲਈ ਮੁਆਫੀ ਮੰਗਾਂਗੇ'-ਜੈਰੇਮੀ ਕੋਰਬਿਨ

ਮਾਨਚੈਸਟਰ,ਨਵੰਬਰ  2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਬ੍ਰਿਟੇਨ ਦੇ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਵੀਰਵਾਰ ਨੂੰ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ। ਇਸ 'ਚ 100 ਸਾਲ ਪਹਿਲਾਂ ਅੰਮ੍ਰਿਤਸਰ 'ਚ ਜਲਿਆਂ ਵਾਲਾ ਬਾਗ ਕਤਲੇਆਮ ਲਈ ਭਾਰਤ ਤੋਂ ਮੁਆਫੀ ਮੰਗਣ ਸਮੇਤ ਦੇਸ਼ ਦੇ ਬਸਤੀਵਾਦੀ ਅਤੀਤ ਦੀ ਜਾਂਚ ਕਰਾਉਣ ਦਾ ਸੰਕਲਪ ਜਤਾਇਆ ਗਿਆ ਹੈ। ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਇਸ ਕਤਲੇਆਮ ਦੇ 100 ਸਾਲ ਹੋਣ 'ਤੇ ਬਸਤੀਵਾਦੀ ਕਾਲ 'ਚ ਹੋਈ ਇਸ ਘਟਨਾ ਲਈ ਡੂੰਘਾ ਅਫਸੋਸ ਜਤਾਇਆ ਸੀ ਪਰ ਉਨ੍ਹਾਂ ਨੇ ਮੁਆਫੀ ਨਹੀਂ ਮੰਗੀ ਸੀ।
ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਨੇ 107 ਪੰਨਿਆਂ ਦਾ ਘੋਸ਼ਣਾ ਪੱਤਰ ਪੇਸ਼ ਕੀਤਾ ਹੈ। ਪਾਰਟੀ ਨੇ ਇਸ ਮਾਮਲੇ 'ਤੇ ਅੱਗੇ ਵੱਧਣ ਅਤੇ ਮੁਆਫੀ ਮੰਗਣ ਦਾ ਸੰਕਲਪ ਜਤਾਇਆ ਹੈ। ਦਸਤਾਵੇਜ਼ 'ਚ ਇਹ ਵੀ ਆਖਿਆ ਗਿਆ ਹੈ ਕਿ ਲੇਬਰ ਪਾਰਟੀ ਬ੍ਰਿਟੇਨ ਦੇ ਅਤੀਤ 'ਚ ਹੋਏ ਅਨਿਆਂ ਦੀ ਜਾਂਚ ਲਈ ਇਕ ਜਸਟਿਸ ਦੀ ਅਗਵਾਈ ਵਾਲੀ ਕਮੇਟੀ ਬਣਾਵੇਗੀ। ਇਸ ਤੋਂ ਇਲਾਵਾ ਅਪਰੇਸ਼ਨ ਬਲੂ-ਸਟਾਰ 'ਚ ਦੇਸ਼ ਦੀ ਭੂਮਿਕਾ ਦੀ ਸਮੀਖਿਆ ਵੀ ਕੀਤੀ ਜਾਵੇਗੀ। ਘੋਸ਼ਣਾ ਪੱਤਰ ਦਾ ਸਿਰਲੇਖ ਹੈ, 'ਇਟਸ ਟਾਈਮ ਫਾਰ ਰੀਅਲ ਚੇਂਜ'। ਇਸ ਪੱਤਰ ਦੇ ਉਪ ਸਿਰਲੇਖ ਪ੍ਰਭਾਵੀ ਕੂਟਨੀਤੀ 'ਚ ਆਖਿਆ ਗਿਆ ਹੈ, ਘੋਸ਼ਣਾ ਪੱਤਰ ਬਾਗ ਕਤਲੇਆਮ ਲਈ ਰਸਮੀ ਮੁਆਫੀਨਾਮਾ ਜਾਰੀ ਕਰਨਗੇ ਅਤੇ ਅਪਰੇਸ਼ਨ ਬਲੂ ਸਟਾਰ ਦੇ ਸਬੰਧ 'ਚ ਬ੍ਰਿਟੇਨ ਦੀ ਭੂਮਿਕਾ ਦੀ ਸਮੀਖਿਆ ਕਰਨਗੇ। ਸਾਲ 2014 'ਚ ਬ੍ਰਿਟੇਨ ਸਰਕਾਰ ਦੇ ਜਨਤਕ ਹੋਏ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਭਾਰਤੀ ਫੌਜ ਦੇ ਦਾਖਲ ਹੋਣ ਤੋਂ ਪਹਿਲਾਂ ਭਾਰਤੀ ਸੁਰੱਖਿਆ ਬਲਾਂ ਨੂੰ ਬ੍ਰਿਟਿਸ਼ ਫੌਜ ਨੇ ਸਲਾਹ ਦਿੱਤੀ ਸੀ। ਬ੍ਰਿਟੇਨ ਦੇ ਕੁਝ ਸਿੱਖ ਸਮੂਹ ਸਾਲਾਂ ਤੋਂ ਮੰਗ ਕਰ ਰਹੇ ਹਨ ਕਿ ਜਨਤਕ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੀ ਸਲਾਹ ਦਿੱਤੀ ਗਈ ਸੀ।