You are here

ਸ਼ਤਾਬਦੀ ਸਮਾਗਮਾਂ 'ਚ ਸੇਵਾ ਬਦਲੇ ਜੱਥਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗਰੇਵਾਲ ਸਨਮਾਨਿਤ

ਜਗਰਾਓਂ,ਨਵੰਬਰ 2019- (ਮਨਜਿੰਦਰ ਗਿੱਲ )- 

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ਵ ਪੱਧਰ 'ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਫ਼ਰਜ਼ਾਂ ਦੀ ਅਦਾਇਗੀ ਨੂੰ ਮੁੱਖ ਰੱਖਦਿਆਂ ਦੇਸ਼ ਅਤੇ ਵਿਦੇਸ਼ ਅੰਦਰ ਨਗਰ ਕੀਰਤਨ, ਗੁਰਮਤਿ ਸਮਾਗਮ, ਵਿਚਾਰ ਚਰਚਾ ਸਮਾਗਮ ਅਤੇ ਨੌਜਵਾਨ ਪੀੜ੍ਹੀ ਨੂੰ ਗੁਰ ਆਸ਼ੇ ਨਾਲ ਜੋੜਨ ਲਈ ਪ੍ਰੋਗਰਾਮ ਉਲੀਕੇ ਗਏ। ਇਨ੍ਹਾਂ ਪ੍ਰੋਗਰਾਮਾਂ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਗੋਂਵਾਲ ਵੱਲੋਂ ਵੱਖ-ਵੱਖ ਖੇਤਰਾਂ 'ਚ ਮੈਂਬਰਾਂ ਦੀਆਂ ਜਿੰਮੇਵਾਰੀਆਂ ਸੌਪੀਆਂ ਗਈਆਂ। ਇਸੇ ਕੜੀ 'ਚ ਸ਼੍ਰੋਮਣੀ ਕਮੇਟੀ ਵੱਲੋਂ ਵਿਚਾਰ-ਚਰਚਾਵਾਂ ਦੇ ਆਯੋਜਨ ਲਈ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ 13 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀਆਂ ਅਤੇ 100 ਦੇ ਕਰੀਬ ਕਾਲਜਾਂ, ਸਕੂਲਾਂ ਅਤੇ ਵੱਖ-ਵੱਖ ਅਦਾਰਿਆਂ 'ਚ ਸਮਾਗਮ ਆਯੋਜਿਤ ਕੀਤੇ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਵਿਸ਼ੇਸ਼ ਰੂਪ 'ਚ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਸਮੇਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਜੱਥੇਦਾਰ ਗੁਰਬਚਨ ਸਿੰਘ, ਮੈਂਬਰ ਅੰਤ੍ਰਿਕ ਕਮੇਟੀ ਭਾਈ ਮਨਜੀਤ ਸਿੰਘ ਤੇ ਸਹਾਇਕ ਸਕੱਤਰ ਸੁਖਦੇਵ ਸਿੰਘ ਭੂਰਾਕੋਨਾ ਆਦਿ ਹਾਜ਼ਰ ਸਨ।