ਸ਼ਹੀਦੀ ਦਿਨ : ਸ਼ਹੀਦ ਕਰਤਾਰ ਸਿੰਘ ਸਰਾਭਾ
ਮਾਤਾ ਜੀ : ਮਾਤਾ ਸਾਹਿਬ ਕੌਰ ਜੀ
ਪਿਤਾ ਜੀ : ਸ. ਮੰਗਲ ਸਿੰਘ ਜੀ
ਜਨਮ-ਮਿਤੀ : 24 ਮਈ, ਸੰਨ 1896 ਈ.
ਜਨਮ-ਸਥਾਨ : ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ, ਪੰਜਾਬ
ਸ਼ਹੀਦੀ ਦੀ ਮਿਤੀ : 16 ਨਵੰਬਰ, ਸੰਨ 1915 ਈ.
ਸ਼ਹੀਦੀ ਦਾ ਸਥਾਨ: ਲਾਹੌਰ, ਪਾਕਿਸਤਾਨ
ਬਚਪਨ :
ਕਰਤਾਰ ਸਿੰਘ ਅਜੇ ਪੰਜ ਕੁ ਸਾਲਾਂ ਦਾ ਹੀ ਸੀ ਜਦ ਉਸਦੇ ਪਿਤਾ ਜੀ 1901 ਈ. ਵਿੱਚ ਅਕਾਲ ਚਲਾਣਾ ਕਰ ਗਏ। ਪਿਤਾ ਜੀ ਦੀ ਮੌਤ ਤੋਂ ਸੱਤ ਕੁ ਸਾਲਾਂ ਦੇ ਬਾਅਦ ਉਸ ਦੇ ਮਾਤਾ ਜੀ ਵੀ ਬੀਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ। ਮਾਤਾ ਅਤੇ ਪਿਤਾ ਦਾ ਸਾਇਆ ਸਿਰ ਤੋਂ ਉੱਠਣ ਤੋਂ ਬਾਅਦ ਕਰਤਾਰ ਸਿੰਘ ਦੇ ਦਾਦਾ ਜੀ ਸ. ਬਦਨ ਸਿੰਘ ਜੀ, ਜੋ ਇੱਕ ਗੁਰਸਿੱਖ ਹੋਣ ਦੇ ਨਾਤੇ ਸਿੱਖੀ ਆਦਰਸ਼ਾਂ ਵਿੱਚ ਨਿਸ਼ਠਾ ਰੱਖਦੇ ਸਨ, ਨੇ ਆਪਣੇ ਪੋਤਰੇ ਨੂੰ ਪੂਰੇ ਲਾਡ ਪਿਆਰ ਨਾਲ ਪਾਲ ਕੇ ਉਸ ਅੰਦਰ ਗੁਰਸਿੱਖੀ ਆਦਰਸ਼ ਅਤੇ ਉੱਤਮ ਇਨਸਾਨੀ ਗੁਣ ਭਰਨ ਵੱਲ ਉਚੇਚਾ ਧਿਆਨ ਦਿੱਤਾ। ਗੁਰਸਿੱਖ ਪਰਿਵਾਰ ਵਿੱਚ ਜਨਮੇ ਅਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਬੱਚੇ ਦੇ ਮਨ ਅੰਦਰ ਸਹਿਜ ਸੁਭਾਅ ਹੀ ਧਾਰਮਿਕ ਪਿਆਰ ਅਤੇ ਸ਼ਰਧਾ ਦੇ ਬੀਜ ਬੀਜੇ ਜਾਂਦੇ ਹਨ, ਜਿਹੜੇ ਯੋਗ ਮੌਕੇ 'ਤੇ ਪੁੰਗਰ ਪੈਂਦੇ ਹਨ। ਸ. ਬਦਨ ਸਿੰਘ ਦਾ ਪਰਿਵਾਰ ਚੰਗਾ ਸਰਦਾ ਪੁੱਜਦਾ ਅਤੇ ਪੜ੍ਹਿਆ-ਲਿਖਿਆ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ ਅਤੇ ਸ. ਬਖਸ਼ੀਸ਼ ਸਿੰਘ ਪੜ੍ਹੇ-ਲਿਖੇ ਅਤੇ ਸਰਕਾਰੀ ਨੌਕਰੀ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਦੇ ਦਾਦਾ ਜੀ ਸਮੇਤ ਉਸ ਦੇ ਚਾਚਿਆਂ ਦੀ ਇਹ ਤਮੰਨਾ ਸੀ ਕਿ ਉਹ ਵੀ ਪੜ੍ਹ-ਲਿਖ ਕੇ ਕਿਸੇ ਚੰਗੇ ਸਰਕਾਰੀ ਅਹੁਦੇ ਉੱਤੇ ਪਹੁੰਚੇ। ਇਸੇ ਕਾਰਨ ਉਨ੍ਹਾਂ ਨੇ ਬਚਪਨ ਤੋਂ ਹੀ ਕਰਤਾਰ ਸਿੰਘ ਦੀ ਪੜ੍ਹਾਈ ਵਿੱਚ ਲਗਨ ਅਤੇ ਰੁਚੀ ਪੈਦਾ ਕਰਨ ਵੱਲ ਉਚੇਚਾ ਧਿਆਨ ਦਿੱਤਾ।
ਫੁਰਤੀਲਾ ਅਤੇ ਹੋਣਹਾਰ ਬੱਚਾ :
ਕਰਤਾਰ ਸਿੰਘ ਬਚਪਨ ਤੋਂ ਹੀ ਬੜਾ ਫੁਰਤੀਲਾ ਅਤੇ ਹੋਣਹਾਰ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬੜਾ ਹੁਸ਼ਿਆਰ ਸੀ ਅਤੇ ਸਕੂਲ ਵਿੱਚ ਹਾਕੀ ਦਾ ਖਿਡਾਰੀ ਸੀ। ਆਪਣੇ ਸਾਥੀਆਂ ਦਾ ਉਹ ਜਮਾਂਦਰੂ ਆਗੂ ਸੀ ਅਤੇ ਇੱਕ ਚੰਗੇ ਆਗੂ ਦੇ ਸਾਰੇ ਗੁਣ ਉਸ ਵਿੱਚ ਮੌਜੂਦ ਸਨ। ਉਹ ਅਨੁਸ਼ਾਸਨ ਬੜਾ ਸੋਹਣਾ ਰੱਖ ਸਕਦਾ ਸੀ। ਸੁਭਾਅ ਦਾ ਬੜਾ ਹਸਮੁੱਖ ਅਤੇ ਮਸਖ਼ਰਾ ਸੀ। ਹਰ ਇੱਕ ਲੜਕਾ ਉਸ ਦਾ ਸੰਗੀ ਬਣਨ ਵਿੱਚ ਬੜੀ ਪ੍ਰਸੰਨਤਾ ਮਹਿਸੂਸ ਕਰਦਾ ਸੀ।
ਮੁੱਢਲੀ ਪੜ੍ਹਾਈ :
ਬਾਲ ਕਰਤਾਰ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਪੰਜਾਬ ਵਿੱਚ ਅੰਗਰੇਜ਼ ਸਰਕਾਰ ਦੀ ਵਿਸ਼ੇਸ਼ ਨੀਤੀ ਤਹਿਤ ਮਾਂ ਬੋਲੀ ਪੰਜਾਬੀ ਨੂੰ ਢਾਹ ਲਾਉਣ ਦੇ ਮਨੋਰਥ ਨਾਲ ਸਕੂਲਾਂ ਵਿੱਚ ਪੱਛਮੀ ਸਿੱਖਿਆ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ ਅਤੇ ਪੰਜਾਬੀ ਪੜ੍ਹਾਉਣੀ ਸਕੂਲਾਂ ਵਿੱਚ ਬਿਲਕੁਲ ਮਨ੍ਹਾ ਸੀ। ਇਸ ਕਰਕੇ ਕਰਤਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਅਜਿਹੇ ਸਕੂਲ ਵਿੱਚ ਦਾਖ਼ਲ ਕਰਨ ਦਾ ਫ਼ੈਸਲਾ ਕੀਤਾ ਜਿੱਥੇ ਗੁਰਮਤਿ ਦਾ ਮਾਹੌਲ ਹੋਵੇ। ਇਸੇ ਮੰਤਵ ਲਈ ਕਰਤਾਰ ਸਿੰਘ ਨੇ ਲੁਧਿਆਣੇ ਦੇ 'ਮਾਲਵਾ ਖ਼ਾਲਸਾ ਹਾਈ ਸਕੂਲ' ਵਿੱਚ ਦਾਖਲਾ ਲਿਆ। ਇਸ ਸਕੂਲ ਦਾ ਵਾਤਾਵਰਨ ਸਿੱਖੀ ਪਿਆਰ, ਸਿੱਖੀ ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਵਿੱਚ ਬੜੀ ਰੌਣਕ ਹੁੰਦੀ ਸੀ। ਹਰ ਵਿਦਿਆਰਥੀ ਲਈ ਇਹ ਲਾਜ਼ਮੀ ਸੀ ਕਿ ਉਹ ਸਿੱਖ ਰਹਿਤ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ-ਬਰ-ਤਿਆਰ ਹੋਵੇ। ਉਸ ਸਮੇਂ ਦੇ ਅਧਿਆਪਕਾਂ ਦਾ ਪ੍ਰਭਾਵ ਹੀ ਐਸਾ ਸੀ ਕਿ ਉਨ੍ਹਾਂ ਦੀ ਕਹੀ ਹੋਈ ਹਰ ਗੱਲ ਉੱਪਰ ਤੁਰੰਤ ਅਮਲ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਅਧਿਆਪਕ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਸਨ। ਸਕੂਲ ਵਿੱਚ ਹਰ ਬੁੱਧਵਾਰ ਨੂੰ ਬੜਾ ਭਾਰੀ ਦੀਵਾਨ ਸਜਦਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਜਥੇ ਸਮੇਤ ਆ ਕੇ ਕੀਰਤਨ ਕਰਿਆ ਕਰਦੇ ਸਨ। ਸਕੂਲ ਦੇ ਸਾਰੇ ਬੱਚੇ ਇਕੱਠੇ ਹੋ ਕੇ ਜਦੋਂ ਪ੍ਰੇਮ ਮੁਗਧ ਹੋ ਕੇ ਗੁਰਬਾਣੀ ਦਾ ਗਾਇਨ ਕਰਦੇ, ਸ਼ਬਦ ਕੀਰਤਨ ਕਰਦੇ, ਰਸ ਭਿੰਨੀ ਆਵਾਜ਼ ਵਿੱਚ ਬੋਲਦੇ, ਆਪਣੇ ਪ੍ਰਭੂ-ਪਰਮੇਸ਼ਰ ਨੂੰ ਯਾਦ ਕਰਨ ਲਈ ਉਸ ਦੀ ਸਿਫ਼ਤ ਸ਼ਲਾਘਾ ਦਾ ਅਲਾਪ ਕਰਦੇ ਤਾਂ ਸਾਰਾ ਵਾਯੂਮੰਡਲ ਇੱਕ ਅਨੋਖੇ ਰੰਗ ਵਿੱਚ ਰੰਗਿਆ ਜਾਂਦਾ। ਇਸ ਤਰ੍ਹਾਂ ਦੇ ਸਿੱਖੀ ਮਾਹੌਲ ਦਾ ਕਰਤਾਰ ਸਿੰਘ ਦੀ ਸ਼ਖ਼ਸੀਅਤ ਉੱਪਰ ਬਹੁਤ ਡੂੰਘਾ ਅਸਰ ਹੋਇਆ ਅਤੇ ਉਸ ਦੇ ਸਿੱਖ ਸੰਸਕਾਰਾਂ ਦੀ ਨੀਂਹ ਨਿਸ਼ਚਿਤ ਤੌਰ 'ਤੇ ਹੋਰ ਮਜ਼ਬੂਤ ਹੋ ਗਈ। ਖ਼ਾਲਸਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਜਾਚ ਸਿਖਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਕਰਤਾਰ ਸਿੰਘ ਨੂੰ ਇਸ ਸਿਖਲਾਈ ਦਾ ਲਾਭ ਇਹ ਹੋਇਆ ਕਿ ਜਦ ਉਹ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆਇਆ ਅਤੇ ਗ਼ਦਰ ਪਾਰਟੀ ਨੇ ਆਪਣਾ ਪਰਚਾ *ਗ਼ਦਰ* ਪੰਜਾਬੀ ਵਿੱਚ ਛਾਪਿਆ ਤਾਂ ਇਸ ਦੀ ਲਿਖਤ ਪੜ੍ਹਤ ਦਾ ਸਾਰਾ ਕਾਰਜ ਕਰਤਾਰ ਸਿੰਘ ਆਪ ਹੀ ਕਰਦਾ ਰਿਹਾ। ਇਸ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਰਤਾਰ ਸਿੰਘ ਆਪਣੇ ਦੋ ਚਾਚਿਆਂ ਸ. ਬਖਸ਼ੀਸ਼ ਸਿੰਘ ਅਤੇ ਡਾ. ਵੀਰ ਸਿੰਘ ਕੋਲ ਉੜੀਸਾ ਚਲਾ ਗਿਆ। ਉੱਥੇ ਉਸ ਦੇ ਚਾਚਾ ਸ. ਬਖ਼ਸ਼ੀਸ਼ ਸਿੰਘ ਜੰਗਲਾਤ ਮਹਿਕਮੇ ਵਿੱਚ ਅਫ਼ਸਰ ਸਨ ਅਤੇ ਡਾ. ਵੀਰ ਸਿੰਘ ਡਾਕਟਰੀ ਦਾ ਕਿੱਤਾ ਕਰਦੇ ਸਨ। ਉੜੀਸਾ ਉਸ ਵੇਲੇ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ। ਉੱਥੇ 19ਵੀਂ ਸਦੀ ਦੇ ਅਰੰਭ ਵਿੱਚ ਹੀ ਪੱਛਮੀ ਢੰਗ ਨਾਲ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਉੱਥੇ ਸਕੂਲਾਂ ਵਿੱਚ ਅੰਗਰੇਜ਼ੀ ਦਾ ਪੱਧਰ ਕਾਫ਼ੀ ਉੱਚਾ ਸੀ। ਕਰਤਾਰ ਸਿੰਘ ਕਟਕ ਦੇ ਰੇਵਨੇਸ਼ਾ ਕਾਲਜੀਏਟ ਸਕੂਲ ਵਿੱਚ ਪੜ੍ਹਨ ਲੱਗਾ, ਜਿੱਥੋਂ ਉਸ ਨੇ 1912 ਈ. ਵਿੱਚ ਦਸਵੀਂ ਜਮਾਤ ਪਾਸ ਕਰ ਲਈ। ਉੜੀਸਾ ਵਿੱਚ ਅੰਗਰੇਜ਼ੀ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਕਰਤਾਰ ਸਿੰਘ ਨੂੰ ਅੰਗਰੇਜ਼ੀ ਪੜ੍ਹਨ, ਲਿਖਣ ਅਤੇ ਬੋਲਣ ਦਾ ਚੰਗਾ ਅਭਿਆਸ ਹੋ ਗਿਆ ਸੀ, ਜਿਹੜਾ ਅਮਰੀਕਾ ਜਾ ਕੇ ਉਸ ਦੇ ਬਹੁਤ ਕੰਮ ਆਇਆ।
ਅਮਰੀਕਾ ਜਾਣ ਦਾ ਫੈ਼ੇਸਲਾ :
ਉੜੀਸਾ ਤੋਂ ਦਸਵੀਂ ਪਾਸ ਕਰਨ ਉਪਰੰਤ ਕਰਤਾਰ ਸਿੰਘ ਨੇ ਅਮਰੀਕਾ ਜਾਣ ਦਾ ਮਨ ਬਣਾ ਲਿਆ। ਕਰਤਾਰ ਸਿੰਘ ਦੇ ਦਾਦਾ ਜੀ ਅਤੇ ਚਾਚਿਆਂ ਨੂੰ ਉਸ ਦੀ ਅਮਰੀਕਾ ਜਾ ਕੇ ਉਚੇਰੀ ਵਿੱਦਿਆ ਲੈਣ ਦੀ ਤਜਵੀਜ਼ ਪਸੰਦ ਆ ਗਈ, ਜਿਸ ਸਦਕਾ ਕਰਤਾਰ ਸਿੰਘ 1912 ਈ. ਦੀਆਂ ਗਰਮੀਆਂ ਵਿੱਚ,16 ਸਾਲਾਂ ਦੀ ਉਮਰ ਵਿੱਚ ਅਮਰੀਕਾ ਜਾਣ ਲਈ ਸਮੁੰਦਰੀ ਜਹਾਜ਼ ਉੱਤੇ ਸਵਾਰ ਹੋ ਕੇ ਬੰਗਾਲ ਦੀ ਖਾੜੀ ਦੇ ਪਾਣੀਆਂ ਵਿੱਚ ਠਿਲ ਪਿਆ।
ਅਮਰੀਕਾ ਦਾ ਪਹਿਲਾ ਕੌੜਾ ਤਜ਼ਰਬਾ :
ਉਸ ਸਮੇਂ ਫਿਲਪੀਨ, ਸ਼ੰਘਾਈ, ਜਾਪਾਨ, ਕੈਨੇਡਾ, ਅਮਰੀਕਾ, ਪਨਾਮਾ, ਮੈਕਸੀਕੋ, ਟਿਨਸਿਨ ਅਤੇ ਪੀਕਿੰਗ (ਚੀਨ) ਵਿੱਚ ਜਾਣ ਵਾਲੇ ਹਿੰਦੁਸਤਾਨੀਆਂ ਲਈ ਹਾਂਗਕਾਂਗ ਠਹਿਰਨਾ ਜ਼ਰੂਰੀ ਹੁੰਦਾ ਸੀ। ਹਾਂਗਕਾਂਗ ਦਾ ਗੁਰਦੁਆਰਾ ਇਨ੍ਹਾਂ ਮੁਸਾਫ਼ਰਾਂ ਦੀ ਮੁੱਖ ਠਾਹਰ ਸੀ। ਕਰਤਾਰ ਸਿੰਘ ਵੀ ਕੁਝ ਕੁ ਹਫ਼ਤੇ ਹਾਂਗਕਾਂਗ ਰੁਕਿਆ ਅਤੇ ਅਖੀ਼ਰ ਉੱਥੋਂ 2 ਜੁਲਾਈ ਨੂੰ 'ਸਾਈਬੇਰੀਆ' ਜਹਾਜ਼ ਉੱਤੇ ਸਵਾਰ ਹੋ ਕੇ ਅਮਰੀਕਾ ਲਈ ਚੱਲ ਪਿਆ। 28 ਜੁਲਾਈ ਨੂੰ ਉਹ ਪੱਛਮੀ ਤੱਟ ਦੇ ਪ੍ਰਸਿੱਧ ਸ਼ਹਿਰ 'ਸਾਨ ਫ਼ਰਾਂਸਿਸਕੋ' ਦੇ ਨੇੜਲੇ ਟਾਪੂ ਏਂਜਲ ਆਈਲੈਂਡ ਦੇ ਜਹਾਜ਼ਘਾਟ ਉੱਤੇ ਉਤਰਿਆ। ਉਨ੍ਹਾਂ ਵੇਲਿਆ ਵਿੱਚ ਜਦੋਂ ਕੋਈ ਹਿੰਦੁਸਤਾਨੀ ਅਮਰੀਕਾ ਦੇ ਜਹਾਜ਼ਘਾਟ 'ਤੇ ਪਹੁੰਚਦਾ ਸੀ ਤਾਂ ਅਮਰੀਕਾ ਦੇ ਇੰਮੀਗਰੇਸ਼ਨ ਅਫ਼ਸਰ ਦੂਜੇ ਦੇਸ਼ਾਂ ਦੇ ਵਾਸੀਆਂ ਨੂੰ ਤਾਂ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਉਤਰਨ ਦੀ ਆਗਿਆ ਦੇ ਦਿੰਦੇ ਸਨ, ਪਰ ਹਿੰਦੁਸਤਾਨ ਦੇ ਵਸਨੀਕਾਂ ਨੂੰ ਰੋਕ ਕੇ ਪੁੱਠੇ ਸਿੱਧੇ ਸਵਾਲ ਪੁੱਛਦੇ ਸਨ। ਇਹ ਕਰਤਾਰ ਸਿੰਘ ਸਰਾਭਾ ਦਾ ਅਮਰੀਕਾ ਵਿੱਚ ਪਹਿਲਾ ਤਲਖ਼ ਤਜ਼ਰਬਾ ਸੀ। ਇਸ ਨਾਲ ਉਸ ਨੂੰ ਡਾਢੀ ਬੇਇੱਜ਼ਤੀ ਅਤੇ ਨਿਰਾਦਰੀ ਦਾ ਅਹਿਸਾਸ ਹੋਇਆ। ਉਸ ਨੇ ਗੁਲਾਮੀ ਦੀ ਚੁੱਭਣ ਮਹਿਸੂਸ ਕੀਤੀ। ਉਸ ਦੇ ਮਨ ਅੰਦਰ ਰਾਜਸੀ ਰੋਹ ਦੀ ਚਿਣਗ ਇੱਥੇ ਹੀ ਪੈਦਾ ਹੋ ਗਈ ਸੀ। ਕਰਤਾਰ ਸਿੰਘ ਨੇ ਸਾਰੀ ਪੁੱਛ ਪੜਤਾਲ ਦਾ ਜਵਾਬ ਬੜੀ ਨਿਡਰਤਾ ਨਾਲ ਦਿੱਤਾ, ਜਿਸ ਨਾਲ ਬੋਰਡ ਦੀ ਤਸੱਲੀ ਹੋ ਗਈ ਅਤੇ ਉਸ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਬੰਦਰਗਾਹ ਉੱਤੇ ਤਿੰਨ ਦਿਨਾਂ ਦੀ ਪੁੱਛ ਪੜਤਾਲ ਤੋਂ ਬਾਅਦ ਉਸ ਨੇ 31 ਜੁਲਾਈ ਨੂੰ ਅਮਰੀਕਾ ਦੀ ਧਰਤੀ ਉੱਤੇ ਪਹਿਲਾ ਕਦਮ ਧਰਿਆ। ਜਹਾਜ਼ ਤੋਂ ਉੱਤਰ ਕੇ ਕਰਤਾਰ ਸਿੰਘ ਸਿੱਧਾ ਭਾਈ ਬੂੜ ਸਿੰਘ ਜੀ ਕੋਲ 'ਸਾਨ ਫਰਾਂਸਿਸਕੋ' ਤੋਂ 65 ਮੀਲ ਦੂਰ 'ਯੂਲੋ ਕਾਊਂਟੀ' ਚਲਾ ਗਿਆ। ਉੱਥੇ ਪੰਜਾਬੀ ਵਧੇਰੇ ਕਰਕੇ ਬਾਗ਼ਾਂ ਵਿੱਚ ਫਲ਼ ਮੇਵੇ ਤੋੜਨ ਦਾ ਕੰਮ ਕਰਦੇ ਸਨ। ਇਸ ਕਰਕੇ ਕਰਤਾਰ ਸਿੰਘ ਨੇ ਵੀ ਉਨ੍ਹਾਂ ਨਾਲ ਖੁਰਮਾਨੀਆਂ, ਸੇਬ ਅਤੇ ਹੋਰ ਫਲ਼ਾਂ ਨੂੰ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਬਦਲੇ ਉਸ ਨੂੰ ਦਿਹਾੜੀ ਦੇ 2-3 ਡਾਲਰ ਉਜਰਤ ਮਿਲ ਜਾਂਦੀ ਸੀ। ਇੱਥੋਂ ਹੀ ਉਹ ਬਾਬਾ ਜਵਾਲਾ ਸਿੰਘ ਅਤੇ ਹੋਰਾਂ ਦੀ ਪ੍ਰੇਰਨਾ ਨਾਲ ਬਰਕਲੇ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਲਈ ਤਿਆਰ ਹੋ ਗਿਆ।
ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਕਰਤਾਰ ਸਿੰਘ ਸਰਾਭਾ ਦੀ ਪਾਰਟੀ ਵਿੱਚ ਸ਼ਮੂਲੀਅਤ :
ਪ੍ਰੋ. ਤੇਜਾ ਸਿੰਘ ਕੈਨੇਡਾ ਦੀ ਸਿੱਖ ਸੰਗਤ ਨਾਲ ਮਿਲ ਕੇ ਕੈਨੇਡਾ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ। ਉੱਥੇ ਹੀ ਸਾਰੀ ਸੰਗਤ ਨੇ ਪ੍ਰੋ. ਤੇਜਾ ਸਿੰਘ ਨਾਲ ਮਿਲ ਕੇ ਕੋਰਟ ਤੋਂ ਮਤਾ ਪਾਸ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਪ੍ਰੋ. ਤੇਜਾ ਸਿੰਘ ਅਮਰੀਕਾ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਕੈਲੀਫੋਰਨੀਆ ਵਿੱਚ ਜਗ੍ਹਾ-ਜਗ੍ਹਾ ਤੇ ਲੈਕਚਰ ਕਰਨ ਗਏ। ਕੈਨੇਡਾ ਦੇ ਸਿੱਖਾਂ ਤੋਂ ਉਤਸ਼ਾਹਿਤ ਹੋ ਕੇ ਅਮਰੀਕਾ ਦੇ ਸਿੱਖ ਵਾਸੀਆਂ ਨੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਅਮਰੀਕਾ ਦੀ ਧਰਤੀ 'ਤੇ ਸਟਾਕਟਨ ਸ਼ਹਿਰ ਵਿੱਚ ਪਹਿਲਾ ਗੁਰਦੁਆਰਾ ਉਸਾਰਨ ਦਾ ਕਾਰਜ ਪ੍ਰੋ. ਤੇਜਾ ਸਿੰਘ, ਬਾਬਾ ਵਿਸਾਖਾ ਸਿੰਘ ਤੇ ਬਾਬਾ ਜਵਾਲਾ ਸਿੰਘ ਹੋਰਾਂ ਦੀ ਹਿੰਮਤ ਅਤੇ ਪਹਿਲਕਦਮੀ ਨਾਲ ਨੇਪਰੇ ਚੜ੍ਹਿਆ। ਅਮਰੀਕਾ ਕੈਨੇਡਾ ਦੇ ਸਿੱਖ, ਨਸਲੀ ਵਿਤਕਰੇ ਵਿਰੁੱਧ, ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸਨ। ਉਨ੍ਹਾਂ ਨੂੰ ਗੁਲਾਮ ਅਤੇ ਅਜ਼ਾਦ ਕੌਮਾਂ ਦੇ ਜੀਵਨ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਇਆ। ਉਨ੍ਹਾਂ ਨੂੰ ਮਹਿਸੂਸ ਹੋ ਗਿਆ ਕਿ ਗੁਲਾਮ ਕੌਮ ਹੋਣ ਦੀ ਵਜ੍ਹਾ ਕਰਕੇ ਹੀ ਉਨ੍ਹਾਂ ਨੂੰ ਪ੍ਰਦੇਸਾਂ ਅੰਦਰ ਬੇਇਜ਼ਤੀ ਅਤੇ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਦਕਾ ਸਿੱਖਾਂ ਦੇ ਮਨ ਵਿੱਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਫੁਰਨਾ ਹੋਰ ਦ੍ਰਿੜ੍ਹ ਹੋ ਗਿਆ। ਇਨ੍ਹਾਂ ਵਿੱਚੋਂ ਮੁੱਢਲੇ ਸਿੱਖ ਪ੍ਰੋ. ਤੇਜਾ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਭਾਈ ਸੰਤੋਖ ਸਿੰਘ ਸਨ। ਇਹ ਸਾਰੇ ਸਿੱਖ ਕੈਨੇਡਾ ਅਤੇ ਅਮਰੀਕਾ ਵਿੱਚ ਵੱਖ-ਵੱਖ ਜਗ੍ਹਾ 'ਤੇ ਗੁਰਮਤਿ ਪ੍ਰਚਾਰ ਦੀ ਲਹਿਰ ਦੇ ਜ਼ਰੀਏ ਰਾਜਸੀ ਲਹਿਰ ਅਤੇ ਜਥੇਬੰਦੀ ਲਈ ਵੀ ਕੰਮ ਕਰ ਰਹੇ ਸਨ। 1913 ਈ. ਵਿੱਚ ਜਿਸ ਵੇਲੇ ਗ਼ਦਰ ਪਾਰਟੀ ਕਾਇਮ ਕੀਤੀ ਗਈ ਤਾਂ ਇਸ ਦੇ ਬਾਨੀਆਂ ਨੂੰ ਭਾਵੇਂ ਇਨਕਲਾਬੀ ਸੰਘਰਸ਼ਾਂ ਦਾ ਪੂਰਨ ਤਜ਼ਰਬਾ ਨਹੀਂ ਸੀ ਪਰ ਉਨ੍ਹਾਂ ਵਿੱਚ ਵਾਧੂ ਗੁਣ ਇਹ ਸੀ ਕਿ ਉਹ ਅਨੁਭਵੀ ਸਨ। ਉਨ੍ਹਾਂ ਨੂੰ ਰਾਜਸੀ ਵਿਗਿਆਨ ਦੀ ਅੰਤਰੀਵ ਸੂਝ ਸੀ। *ਉਹ ਇਹ ਇਤਿਹਾਸਿਕ ਸਚਾਈ ਜਾਣਦੇ ਸਨ ਕਿ ਜ਼ੁਲਮ ਅਤੇ ਬੇਇਨਸਾਫ਼ੀ ਦੀਆਂ ਨੀਹਾਂ ਤੇ ਟਿਕੀਆਂ ਸਲਤਨਤਾਂ ਸਦੀਵੀ ਨਹੀਂ ਹੁੰਦੀਆਂ, ਨਾ ਅਜਿੱਤ ਹੁੰਦੀਆਂ ਹਨ।* ਹਮੇਸ਼ਾ ਹੀ ਇਤਿਹਾਸ ਅੰਦਰ ਕੁਝ ਮੌਕੇ ਅਜਿਹੇ ਬਣ ਜਾਂਦੇ ਹਨ ਜਦੋਂ ਬਹੁਤ ਮਜ਼ਬੂਤ ਅਤੇ ਅਜਿੱਤ ਹੋਣ ਦਾ ਭਰਮ ਪਾਲਣ ਵਾਲੇ ਜ਼ਾਲਮ ਰਾਜ ਥੋੜ੍ਹੀ ਸੱਟ ਮਾਰਿਆਂ ਹੀ ਢਹਿ ਢੇਰੀ ਹੋ ਜਾਂਦੇ ਹਨ। ਜਲਦੀ ਹੀ ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੇ ਇਨ੍ਹਾਂ ਆਗੂਆਂ ਦੇ ਸੰਪਰਕ ਵਿੱਚ ਆ ਗਿਆ।
ਗ਼ਦਰ ਪਾਰਟੀ ਵਿੱਚ ਕਰਤਾਰ ਸਿੰਘ ਸਰਾਭਾ ਦੀਆਂ ਸੇਵਾਵਾਂ :
ਗ਼ਦਰ ਪਾਰਟੀ ਨੇ ਗੁਰਮਤਿ ਅਤੇ ਰਾਜਸੀ ਪ੍ਰਚਾਰ ਹਿੱਤ ਅਖ਼ਬਾਰ ਕੱਢਣ ਦਾ ਨਿਰਣਾ ਕੀਤਾ। ਅਕਤੂਬਰ, 1913 ਵਿੱਚ ਸਾਨ ਫਰਾਂਸਿਸਕੋ ਦੀ 'ਸਟ੍ਰੀਟ ਹਿੱਲ' ਨਾਮੀ ਗਲ਼ੀ ਵਿੱਚ 436 ਨੰਬਰ ਮਕਾਨ ਕਿਰਾਏ 'ਤੇ ਲੈ ਕੇ ਪਾਰਟੀ ਦਾ ਕੇਂਦਰੀ ਦਫ਼ਤਰ ਬਣਾਇਆ ਗਿਆ ਅਤੇ ਉੱਥੋਂ ਹੀ ਅਖ਼ਬਾਰ ਛਾਪਣਾ ਸ਼ੁਰੂ ਕੀਤਾ ਗਿਆ। ਪਹਿਲੀ ਨਵੰਬਰ ਨੂੰ 'ਗ਼ਦਰ' ਦਾ ਪਹਿਲਾ ਅੰਕ ਉਰਦੂ ਵਿੱਚ ਛਪਿਆ। ਥੋੜ੍ਹੇ ਚਿਰ ਬਾਅਦ ਨੌਂ ਦਸੰਬਰ ਨੂੰ ਉਰਦੂ ਦੇ ਨਾਲ 'ਗ਼ਦਰ' ਗੁਰਮੁਖੀ ਵਿੱਚ ਵੀ ਛਪਣਾ ਅਰੰਭ ਹੋ ਗਿਆ। ਇਸ ਵਾਸਤੇ ਸਭ ਤੋਂ ਪਹਿਲਾਂ *ਕਰਤਾਰ ਸਿੰਘ ਸਰਾਭਾ* ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਸ ਦੇ ਨਾਲ ਹੀ ਪਾਰਟੀ ਦਾ ਇੱਕ ਹੋਰ ਨਿਸ਼ਕਾਮ ਵਰਕਰ ਰਘੁਬੀਰ ਦਿਆਲ ਗੁਪਤਾ ਨਾਲ ਆ ਰਲਿਆ। ਸ਼ੁਰੂ ਵਿੱਚ ਇੰਨੇ ਅਮਲੇ ਨਾਲ ਹੀ ਕੰਮ ਤੋਰਿਆ ਗਿਆ। ਸਾਰਿਆਂ ਨਾਲੋਂ ਵੱਧ ਕੰਮ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ 'ਤੇ ਸੀ। ਉਹ ਸਾਰੇ ਕੰਮ-ਕਾਰ ਦੀ ਰੀੜ੍ਹ ਦੀ ਹੱਡੀ ਸੀ। ਲਿਖਣ ਦਾ ਜ਼ਿਆਦਾ ਕੰਮ ਲਾਲਾ ਹਰਦਿਆਲ ਕਰਦਾ ਸੀ। ਉਹ ਜ਼ਿਆਦਾਤਰ ਉਰਦੂ ਵਿੱਚ ਲਿਖਦਾ ਸੀ। ਉਰਦੂ ਦੀ ਛਪਾਈ ਸਿੱਧੀ ਹੱਥ ਤੋਂ ਕੀਤੀ ਜਾਂਦੀ ਸੀ, ਜਿਸ ਦੇ ਵਾਸਤੇ ਸੁੰਦਰ ਅਤੇ ਸਾਫ਼ ਸੁਥਰੀ ਲਿਖਾਈ ਦੀ ਲੋੜ ਸੀ। ਕਰਤਾਰ ਸਿੰਘ ਸਰਾਭਾ ਹਰ ਕੰਮ ਵਿੱਚ ਸਚਿਆਰਾ ਹੋਣ ਕਰਕੇ ਉਸ ਦੀ ਲਿਖਾਈ ਖ਼ੁਸ਼ਖ਼ਤੀ (ਸੁੰਦਰ ਤੇ ਸੁਥਰੀ) ਸੀ। ਇਸ ਕਰਕੇ ਲਾਲਾ ਹਰਦਿਆਲ ਦੀ ਸਾਰੀ ਲਿਖਤ ਦੀ ਉਰਦੂ ਵਿੱਚ ਲਿਖਾਈ ਕਰਤਾਰ ਸਿੰਘ ਆਪ ਹੀ ਕਰਦਾ ਸੀ। ਇਸ ਦੇ ਨਾਲ ਹੀ ਗੁਰਮੁਖੀ ਦੇ ਅਖ਼ਬਾਰ ਲਈ ਇਸ ਦਾ ਪੰਜਾਬੀ ਵਿੱਚ ਉਲੱਥਾ ਵੀ ਉਹੀ ਕਰਦਾ ਸੀ। ਉਰਦੂ ਤੋਂ ਪੰਜਾਬੀ ਵਿੱਚ ਉਲੱਥਾ ਕਰਨ ਵੇਲੇ ਸਰਾਭਾ ਕਈ ਵਾਰ ਲਿਖਤ ਵਿੱਚ ਲੋੜ ਮੁਤਾਬਕ ਵਾਧੇ ਅਤੇ ਅਦਲਾ-ਬਦਲੀ ਵੀ ਕਰਦਾ ਸੀ। ਬਹੁਤ ਵਾਰ ਭਖੇ ਹੋਏ ਰਾਜਸੀ ਜਾਂ ਸਮਾਜਿਕ ਮਸਲਿਆਂ ਬਾਰੇ ਪੰਜਾਬੀ ਦੇ ਪਾਠਕਾਂ ਲਈ ਉਚੇਚੇ ਤੌਰ 'ਤੇ ਲੇਖ ਅਤੇ ਰਾਜਸੀ ਟਿੱਪਣੀਆਂ ਛਾਪੀਆਂ ਜਾਂਦੀਆਂ ਸਨ, ਜਿਹੜੀਆਂ ਜਾਂ ਤਾਂ ਕਰਤਾਰ ਸਿੰਘ ਆਪ ਲਿਖਦਾ ਸੀ ਜਾਂ ਹੋਰਨਾਂ ਕੋਲੋਂ ਲਿਖਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਸਰਾਭਾ ਕੇਵਲ ਤਕਨੀਕੀ ਕੰਮ ਕਰਨ ਵਾਲਾ ਅਖ਼ਬਾਰੀ ਕਾਮਾ ਨਹੀਂ ਸੀ, ਉਹ ਇੱਕੋ ਵੇਲੇ ਵਰਕਰ, ਲੇਖਕ, ਪੱਤਰਕਾਰ, ਸੰਪਾਦਕ ਅਤੇ ਬਹੁਤ ਕੁਝ ਸੀ। ਉਸਦੀ ਪ੍ਰਤਿਭਾ ਇਕਹਿਰੀ ਨਹੀਂ, ਬਹੁਪਸਾਰੀ ਸੀ। ਸ਼ੁਰੂ ਵਿੱਚ ਛਾਪੇ ਵਾਲੀ ਮਸ਼ੀਨ ਹੱਥ ਨਾਲ ਗੇੜਨੀ ਪੈਂਦੀ ਸੀ। ਇਹ ਕੰਮ ਕਰਤਾਰ ਸਿੰਘ ਸਰਾਭਾ ਅਤੇ ਰਘੁਬੀਰ ਦਿਆਲ ਗੁਪਤਾ ਨੂੰ ਹੀ ਕਰਨਾ ਪੈਂਦਾ ਸੀ। ਇਸ ਤੋਂ ਬਾਅਦ ਅਖ਼ਬਾਰਾਂ ਦੇ ਫੋਲਡਰ ਤਿਆਰ ਕਰਨ, ਉਨ੍ਹਾਂ ਨੂੰ ਡਾਕ ਰਾਹੀਂ ਵੱਖ ਵੱਖ ਥਾਵਾਂ 'ਤੇ ਭੇਜਣ ਅਤੇ ਉਨ੍ਹਾਂ ਉੱਪਰ ਪਤਾ ਲਿਖਣ ਦਾ ਕੰਮ ਵੀ ਕਰਤਾਰ ਸਿੰਘ ਸਰਾਭਾ ਆਪ ਹੀ ਕਰਦਾ ਸੀ। ਗ਼ਦਰ ਅਖ਼ਬਾਰ ਵਿੱਚ ਸਾਰੇ ਸਿੱਖ ਅਤੇ ਰਾਜਸੀ ਮਾਮਲਿਆਂ ਨੂੰ ਸੰਜੀਦਗੀ ਨਾਲ ਵਿਚਾਰ ਕੇ ਉਨ੍ਹਾਂ ਸਬੰਧੀ ਸੁਚਾਰੂ ਵਿਚਾਰ ਪੇਸ਼ ਕੀਤੇ ਜਾਂਦੇ ਸਨ।
ਗ਼ਦਰ ਪਾਰਟੀ ਦੀ ਕਾਰਜਸ਼ੈਲੀ :
15 ਫਰਵਰੀ, 1914 ਨੂੰ ਸ. ਕਰਤਾਰ ਸਿੰਘ ਸਰਾਭਾ ਤੇ ਬਾਬਾ ਜਵਾਲਾ ਸਿੰਘ ਹੁਰਾਂ ਨੇ ਸਟਾਕਟਨ ਵਿਖੇ ਭਾਰੀ ਰਾਜਸੀ ਕਾਨਫਰੰਸ ਰੱਖੀ, ਜਿਸ ਵਿੱਚ ਬਾਬਾ ਸੋਹਨ ਸਿੰਘ ਭਕਨਾ, ਭਾਈ ਕੇਸਰ ਸਿੰਘ ਠੱਠਗੜ੍ਹ, ਭਾਈ ਗਾਂਧਾ ਸਿੰਘ ਅਸਟੋਰੀਆ ਤੇ ਮੁਨਸ਼ੀ ਰਾਮ ਮੁੱਖ ਆਗੂ ਵਜੋਂ ਪਹੁੰਚੇ। ਇੱਥੇ ਉਨ੍ਹਾਂ ਢੰਗ-ਤਰੀਕਿਆਂ ਨੂੰ ਸੰਜ਼ੀਦਗੀ ਨਾਲ ਵਿਚਾਰਿਆ ਗਿਆ, ਜਿਨ੍ਹਾਂ ਸਦਕਾ ਜਥੇਬੰਦੀ ਹੋਰ ਤਕੜੀ ਕੀਤੀ ਜਾ ਸਕੇ। ਇਸ ਤੋਂ ਬਾਅਦ ਇਹ ਸੰਗਰਾਮੀ ਦਿਨ-ਰਾਤ ਇੱਕ ਕਰਕੇ ਜਥੇਬੰਦੀ ਦੀ ਤਾਕਤ ਨੂੰ ਤਕੜਾ ਕਰਨ ਲਈ ਕਾਰਜਸ਼ੀਲ ਹੋ ਗਏ। ਇਨ੍ਹਾਂ ਸੰਗਰਾਮੀਆਂ ਦੀ ਮਿਹਨਤ ਸਦਕਾ ਓਰੇਗਾਨ ਅਤੇ ਕੈਨੇਡਾ ਤੋਂ ਬਿਨਾਂ ਇਕੱਲੇ ਕੈਲੀਫੋਰਨੀਆ ਵਿੱਚ ਹੀ ਗ਼ਦਰ ਪਾਰਟੀ ਦੇ ਸਿਪਾਹੀਆਂ ਦੇ ਕੋਈ ਬਹੱਤਰ ਕੁ ਜਥੇ ਬਣ ਗਏ, ਜੋ ਹਰ ਵਕਤ ਅਤੇ ਹਰ ਤਰ੍ਹਾਂ ਜਥੇਬੰਦੀ ਦੇ ਹੁਕਮ ਨਾਲ ਕੌਮੀ ਅਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ। ਇਨ੍ਹਾਂ ਦੇਸ਼ ਭਗਤਾਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਸੀ।
ਕਰਤਾਰ ਸਿੰਘ ਸਰਾਭਾ ਦਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਨਾ :
ਗ਼ਦਰ ਪਾਰਟੀ ਦੀ ਸਥਾਪਨਾ ਵੇਲੇ ਹੀ ਇਹ ਫੈ਼ਸਲਾ ਕਰ ਲਿਆ ਗਿਆ ਸੀ ਕਿ ਭਾਰਤ ਅੰਦਰ ਹਥਿਆਰਬੰਦ ਤਾਕਤ ਦੇ ਜ਼ੋਰ ਨਾਲ ਅੰਗਰੇਜ਼ ਰਾਜ ਦਾ ਖਾਤਮਾ ਕੀਤਾ ਜਾਵੇਗਾ। ਇਹ ਐਵੇਂ ਹਵਾਈ ਖ਼ਿਆਲ ਨਹੀਂ ਸਨ। ਇਸ ਬਾਰੇ ਪੂਰੀ ਸੰਜ਼ੀਦਗੀ ਨਾਲ ਵਿਚਾਰ ਕੀਤੀ ਗਈ ਸੀ। ਫ਼ੌਜੀ ਤਿਆਰੀਆਂ ਕਰਨ ਲਈ ਬਕਾਇਦਾ ਮਤਾ ਪਾ ਕੇ ਤਿੰਨ ਮੈਂਬਰੀ *ਗੁਪਤ ਕਮਿਸ਼ਨ* ਵੀ ਬਣਾਇਆ ਗਿਆ ਸੀ। ਇਸ ਲਈ ਜਦ ਜਥੇਬੰਦੀਆ ਬਣ ਗਈਆਂ ਤਾਂ ਪਾਰਟੀ ਨੇ ਹਵਾਈ ਸੈਨਾ ਨਾਲ ਅੰਗਰੇਜ਼ ਸਰਕਾਰ ਦਾ ਟਾਕਰਾ ਕਰਨ ਦਾ ਫੈ਼ਸਲਾ ਕੀਤਾ ਕਿਉਂਕਿ ਉਸ ਵੇਲੇ ਭਾਰਤ ਵਿੱਚ ਅੰਗਰੇਜ਼ ਸਰਕਾਰ ਕੋਲ ਹਵਾਈ ਤਾਕਤ ਨਾ ਹੋਣ ਦੇ ਬਰਾਬਰ ਹੀ ਸੀ। ਮਾਸਟਰ ਊਧਮ ਸਿੰਘ ਕਸੇਲ, ਜੋ ਕਿ ਹਾਂਗਕਾਂਗ ਵਿੱਚ ਤੋਪਖਾਨੇ ਅੰਦਰ ਨੌਕਰੀ ਵੀ ਕਰ ਚੁੱਕਾ ਸੀ, ਦੀ ਲੀਡਰੀ ਵਿੱਚ ਨੌਜਵਾਨਾਂ ਦਾ ਜਥਾ ਬੰਬ ਬਾਜ਼ੀ ਦਾ ਕੰਮ ਸਿੱਖਣ ਲੱਗਾ। ਉਸ ਵਕਤ ਪਾਰਟੀ ਕੋਲ ਜ਼ਿਆਦਾ ਪੈਸਾ ਨਹੀਂ ਸੀ। ਇਸ ਲਈ ਸਭ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਰਾਹੀਂ ਲੜਾਈ ਦੀ ਪ੍ਰੈਕਟਿਸ ਕਰਨ ਲਈ ਪੂਰਬੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਭੇਜਿਆ ਗਿਆ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਇਤਿਹਾਸ ਦਾ ਪਹਿਲਾ ਸਿੱਖ ਪਾਇਲਟ ਬਣਿਆ। ਉਹ ਕੁਝ ਕੁ ਹਫ਼ਤਿਆਂ ਵਿੱਚ ਹੀ ਜਹਾਜ਼ ਉਡਾਉਣਾ ਸਿੱਖ ਅਾਇਆ ਸੀ। ਕਰਤਾਰ ਸਿੰਘ ਸਰਾਭਾ ਦੀ ਗ਼ੈਰ ਹਾਜ਼ਰੀ ਵਿੱਚ ਬਾਬਾ ਭਕਨਾ ਨੇ ਕੈਲੀਫੋਰਨੀਆ ਅੰਦਰ ਫਰਿਜ਼ਨੋ, ਔਕਸਨਾਰਡ ਅਤੇ ਲਾਸ ਏਂਜਲਸ ਥਾਵਾਂ 'ਤੇ ਜਾ ਕੇ ਮੀਟਿੰਗਾਂ ਕਰਵਾਈਆਂ ਅਤੇ ਪਾਰਟੀ ਦੀਆਂ ਬ੍ਰਾਂਚਾਂ ਕਾਇਮ ਕੀਤੀਆਂ। ਭਾਈ ਭਗਵਾਨ ਸਿੰਘ ਅਤੇ ਬਰਕਤੁੱਲਾ ਦੇ ਆਉਣ ਨਾਲ ਪਾਰਟੀ ਨੂੰ ਦੋ ਹੋਰ ਕਾਰਜਸ਼ੀਲ ਆਗੂ ਮਿਲ ਗਏ, ਜਿਸ ਨਾਲ ਪਾਰਟੀ ਦੇ ਜਥੇਬੰਦਕ ਕੰਮ ਅਤੇ ਪ੍ਰਚਾਰ ਵਿੱਚ ਹੋਰ ਤੇਜ਼ੀ ਆ ਗਈ। ਇਸ ਦੇ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਵੀ ਵਾਪਸ ਆ ਕੇ ਮੁੜ ਤੋਂ ਪੂਰੇ ਜੋਸ਼ੋ-ਖਰੋਸ਼ ਨਾਲ ਪ੍ਰਚਾਰ ਅਤੇ ਜਥੇਬੰਦਕ ਕਾਰਜਾਂ ਵਿੱਚ ਜੁੱਟ ਗਿਆ ਸੀ। ਜੂਨ ਦੇ ਮਹੀਨੇ ਭਾਈ ਭਗਵਾਨ ਸਿੰਘ, ਬਰਕਤੁੱਲਾ ਅਤੇ ਰਾਮ ਚੰਦਰ ਨੇ ਰਲ਼ ਕੇ ਓਰੇਗਾਨ ਅਤੇ ਵਾਸ਼ਿੰਗਟਨ ਰਿਆਸਤਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਕਈ ਥਾਵਾਂ 'ਤੇ ਬਹੁਤ ਭਾਰੀ ਇਕੱਠ ਕੀਤੇ ਗਏ। ਇਸ ਦੇ ਨਾਲ ਹੀ ਪਾਰਟੀ ਦੇ 'ਗੁਪਤ ਕਮਿਸ਼ਨ' ਨੇ ਭਾਰਤ ਅੰਦਰ ਇਨਕਲਾਬੀ ਪ੍ਰਚਾਰ ਅਤੇ ਜਥੇਬੰਦੀ ਦਾ ਫੈਲਾਅ ਕਰਨ ਬਾਰੇ ਕਾਰਜ ਯੋਜਨਾ ਬਣਾਈ, ਜਿਸ ਸਦਕਾ ਮਈ, 1914 ਵਿੱਚ ਦੋ ਹੋਣਹਾਰ ਵਰਕਰਾਂ, ਭਾਈ ਗਾਂਧਾ ਸਿੰਘ ਤੇ ਭਾਈ ਕਰਤਾਰ ਸਿੰਘ ਲਤਾਲਾ ਨੂੰ ਇਸ ਮੰਤਵ ਲਈ ਭਾਰਤ ਭੇਜਿਆ ਗਿਆ, ਜਿਨ੍ਹਾਂ ਨੇ ਵਿਉਂਤ ਮੁਤਾਬਕ ਭਾਰਤ ਅੰਦਰ ਛਾਪੇਖਾਨੇ ਅਤੇ ਦਫ਼ਤਰ ਦਾ ਕੰਮ ਚਾਲੂ ਕਰਨਾ ਸੀ। ਬਾਅਦ ਵਿੱਚ ਢੁੱਕਵੇਂ ਮੌਕੇ ਉੱਤੇ ਬਾਬਾ ਸੋਹਣ ਸਿੰਘ ਭਕਨਾ ਅਤੇ ਭਾਈ ਕਰਤਾਰ ਸਿੰਘ ਸਰਾਭਾ ਨੇ ਦੇਸ਼ ਅੰਦਰ ਜਾ ਕੇ ਸਾਰੇ ਕੰਮ ਦੀ ਕਮਾਨ ਸੰਭਾਲ ਲੈਣੀ ਸੀ। ਅਜੇ ਇੰਨੀਆਂ ਗੱਲਾਂ ਹੋ ਹੀ ਰਹੀਆਂ ਸਨ ਕਿ 'ਕਾਮਾਗਾਟਾਮਾਰੂ' ਜਹਾਜ਼ ਦੀ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਕਰਕੇ ਗ਼ਦਰ ਪਾਰਟੀ ਨੇ ਤੁਰੰਤ ਫ਼ੈਸਲਾ ਕੀਤਾ ਕਿ ਪਾਰਟੀ ਦੇ ਕਿਸੇ ਅਹਿਮ ਵਰਕਰ ਨੂੰ ਭਾਰਤ ਚਲੇ ਜਾਣਾ ਚਾਹੀਦਾ ਹੈ। ਇਸ ਹਿਤ ਬਾਬਾ ਸੋਹਣ ਸਿੰਘ ਭਕਨਾ ਨੂੰ ਕਮੇਟੀ ਦੀ ਰਾਏ ਮੁਤਾਬਿਕ 21 ਜੁਲਾਈ,1914 ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕੀਤਾ ਗਿਆ। ਪਾਰਟੀ ਨੂੰ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਸੰਸਾਰ ਜੰਗ ਬਹੁਤ ਜਲਦ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਤਰ੍ਹਾਂ ਹੀ ਹੋਇਆ। ਇਸ ਕਾਰਨ ਮੌਜੂਦਾ ਗਤੀਵਿਧੀਆਂ ਨੂੰ ਤੁਰੰਤ ਬਦਲ ਕੇ ਨਵੇਂ ਫੈ਼ਸਲੇ ਕਰਨੇ ਪਏ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਪਿਆ। ਇਸ ਸਮੇਂ ਗ਼ਦਰ ਪਾਰਟੀ ਨੇ ਆਪਣੇ ਅਖ਼ਬਾਰ ਦੇ ਪ੍ਰਚਾਰ ਦੁਆਰਾ ਦੁਨੀਆਂ ਭਰ ਵਿੱਚ ਵਸਦੇ ਭਾਰਤੀਆਂ ਨੂੰ ਆਪਣੇ ਦੇਸ਼ ਪਰਤਣ ਦਾ ਹੋਕਾ ਦਿੱਤਾ ਤਾਂ ਜੋ ਦੇਸ਼ ਨੂੰ ਆਜ਼ਾਦ ਕਰਵਾਇਆ ਜਾ ਸਕੇ। ਪਾਰਟੀ ਦੇ ਆਗੂਆਂ ਨੇ ਦਿਨਾਂ ਅੰਦਰ ਹੀ ਲੇਖਾਂ, ਕਵਿਤਾਵਾਂ ਅਤੇ ਭਾਸ਼ਣਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਅੰਦਰ ਅਜਿਹੀ ਇਨਕਲਾਬੀ ਰੂਹ ਫੂਕ ਦਿੱਤੀ ਕਿ ਵਿਦੇਸ਼ੀ ਕਾਰਖਾਨਿਆਂ, ਖੇਤਾਂ ਅਤੇ ਹੋਰਨਾਂ ਥਾਵਾਂ ਉੱਤੇ ਕੰਮ ਕਰਦੇ ਦੇਸ਼ ਵਾਸੀਆਂ, ਖ਼ਾਸ ਕਰਕੇ ਸਿੱਖਾਂ ਨੇ ਇੱਕਦਮ ਦੇਸ਼ ਨੂੰ ਵਹੀਰਾਂ ਘੱਤ ਦਿੱਤੀਆ। ਇਸ ਮੌਕੇ ਕਰਤਾਰ ਸਿੰਘ ਸਰਾਭਾ ਵੀ ਵਾਪਸ ਦੇਸ਼ ਪਰਤ ਆਇਆ।
ਦੇਸ਼ ਅੰਦਰ ਸਰਾਭੇ ਦੁਆਰਾ ਜਥੇਬੰਦਕ ਕਾਰਜ ਅਤੇ ਸਰਕਾਰ ਵਿਰੁੱਧ ਬਗਾਵਤ:
ਦੇਸ਼ ਪਹੁੰਚ ਕੇ ਗ਼ਦਰੀਆਂ ਸਾਹਮਣੇ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਪਏ ਸਨ। ਸਰਕਾਰ ਨੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਕਰਕੇ ਲੀਡਰਸ਼ਿਪ ਦਾ ਵੱਡਾ ਖਲਾਅ ਪੈਦਾ ਹੋ ਗਿਆ ਸੀ। ਖਿੰਡੇ-ਬਿਖਰੇ ਪਾਰਟੀ ਵਰਕਰਾਂ ਨਾਲ ਤਾਲਮੇਲ ਕਰਨਾ ਅਤੇ ਉਨ੍ਹਾਂ ਨੂੰ ਇੱਕ ਜਥੇਬੰਦਕ ਸਰੂਪ ਦੇਣਾ ਪਹਿਲੀ ਲੋੜ ਬਣ ਗਈ ਸੀ। ਇਨ੍ਹਾਂ ਕਾਰਜਾਂ ਦੀ ਜ਼ੁੰਮੇਵਾਰੀ ਸਭ ਨਾਲੋਂ ਵੱਧ ਕਰਤਾਰ ਸਿੰਘ ਸਰਾਭਾ ਦੇ ਮੋਢਿਆਂ ਉੱਤੇ ਸੀ ਅਤੇ ਇਹ ਜ਼ੁੰਮੇਵਾਰੀ ਉਸ ਨੇ ਬਾਖੂਬੀ ਨਿਭਾਈ। ਉਹ ਬਾਕੀ ਮੈਂਬਰਾਂ ਨਾਲੋਂ ਕਾਫ਼ੀ ਪਹਿਲਾਂ ਪੰਜਾਬ ਪਹੁੰਚ ਗਿਆ ਸੀ। ਉਹ ਆਉਣ ਵਾਲੇ ਗ਼ਦਰੀਆਂ ਨਾਲ ਸੰਪਰਕ ਕਰਨ ਲਈ ਮਾਝੇ ਤੋਂ ਲੈ ਕੇ ਮਾਲਵੇ ਤੱਕ ਤੂਫਾਨੀ ਗੇੜੇ ਮਾਰਦਾ ਗ੍ਰਿਫ਼ਤਾਰ ਹੋਏ ਜਾਂ ਰੂਪੋਸ਼ ਗਦਰੀਆਂ ਦੇ ਪਰਿਵਾਰਾਂ ਨੂੰ ਮਿਲਦਾ ਅਤੇ ਹੌਂਸਲਾ ਦਿੰਦਾ ਅਤੇ ਕੰਮ ਕਰਨ ਲਈ ਉਤਾਵਲੇ ਵਰਕਰਾਂ ਨੂੰ ਸੇਧ ਦੇ ਕੇ ਪ੍ਰੇਰਨਾ ਕਰਦਾ। ਭਾਵੇਂ ਅੰਗਰੇਜ਼ ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਾਨੂੰਨ ਬਹੁਤ ਸਖ਼ਤ ਕਰ ਦਿੱਤੇ ਸਨ ਤਾਂ ਵੀ ਗ਼ਦਰ ਪਾਰਟੀ ਦੇ ਸੂਝਵਾਨ ਮੈਂਬਰ ਆਪਣੇ ਯਤਨਾਂ ਸਦਕਾ ਆਪਸ ਵਿੱਚ ਮੀਟਿੰਗਾਂ ਕਰਦੇ ਰਹੇ ਅਤੇ ਆਪਣੇ ਮਕਸਦ ਵੱਲ ਵਿਉਂਤਬੰਦੀ ਨਾਲ ਵਧਦੇ ਰਹੇ। ਇਨ੍ਹਾਂ ਸਖ਼ਤ ਕਾਨੂੰਨਾਂ ਕਾਰਨ ਹਥਿਆਰ ਅਤੇ ਪੈਸਾ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਸੀ, ਪਰ ਫਿਰ ਵੀ ਪਾਰਟੀ ਦੇ ਮੈਂਬਰ ਆਪਣੇ ਕੰਮ ਵਿੱਚ ਜੁਟੇ ਰਹੇ।
ਪਾਰਟੀ ਦੇ ਕਰਨ ਲਈ ਮੁੱਖ ਕਾਰਜ ਇਹ ਸਨ:
1. ਆਮ ਜਨਤਾ ਨੂੰ ਗਦਰ ਪਾਰਟੀ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਪ੍ਰਚਾਰ ਦੀ ਜਥੇਬੰਦ ਮੁਹਿੰਮ ਚਲਾਉਣੀ ਅਤੇ ਇਸ ਮੰਤਵ ਲਈ ਪ੍ਰਚਾਰ ਸਮੱਗਰੀ ਛਾਪਣ ਅਤੇ ਵੰਡਣ ਦੇ ਇੰਤਜ਼ਾਮ ਕਰਨੇ।
2. ਫ਼ੌਜਾਂ ਅੰਦਰ ਪ੍ਰਚਾਰ ਕਰਨ ਲਈ ਠੋਸ ਵਿਉਂਤਬੰਦੀ ਕਰਨੀ, ਇਸ ਮੰਤਵ ਲਈ ਹੋਰ ਬੰਦਿਆਂ ਨੂੰ ਜ਼ੁੰਮੇਵਾਰੀਆਂ ਸੌਂਪਣੀਆਂ ਅਤੇ ਬਗਾਵਤ ਲਈ ਲੋੜੀਂਦੇ ਹਥਿਆਰਾਂ ਦਾ ਇੰਤਜ਼ਾਮ ਕਰਨਾ।
3. ਉਪਰੋਕਤ ਸਾਰੇ ਕਾਰਜਾਂ ਦੀ ਪੂਰਤੀ ਲਈ ਲੋੜੀਂਦੀ ਮਾਇਆ ਹਾਸਲ ਕਰਨ ਵਾਸਤੇ ਯੋਗ ਉਪਾਅ ਕਰਨੇ।
ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਪਾਰਟੀ ਦੇ ਹੋਰ ਮੈਂਬਰ *ਗ਼ਦਰ* ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੋਈ ਵੀ ਮੌਕਾ ਖੁੰਝਣ ਨਾ ਦਿੰਦੇ। ਉਹ ਇਤਿਹਾਸਿਕ ਮੌਕਿਆਂ ਉੱਤੇ ਹੁੰਦੇ ਭਾਰੀ ਇਕੱਠਾਂ 'ਤੇ ਪਹੁੰਚ ਕੇ ਬੇਖੌਫ਼ ਸਟੇਜਾਂ ਉੱਤੇ ਜਾ ਕੇ ਗ਼ਦਰ ਦਾ ਸੁਨੇਹਾ ਦਿੰਦੇ ਅਤੇ ਕਵਿਤਾਵਾਂ-ਲੇਖਾਂ ਨਾਲ ਲੋਕਾਂ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਰੋਹ ਭਰਦੇ। ਪਾਰਟੀ ਦੇ ਮੈਂਬਰ ਵੱਖ ਵੱਖ ਫ਼ੌਜੀ ਛਾਉਣੀਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਤਾਂ ਜੋ ਛਾਉਣੀਆਂ ਵਿੱਚੋਂ ਬਗਾਵਤ ਸ਼ੁਰੂ ਕਰਕੇ ਇਸ ਦੇ ਦੂਰਦਰਸ਼ੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਇਸ ਤੋਂ ਬਾਅਦ ਪਾਰਟੀ ਦੇ ਸਾਰੇ ਮੈਂਬਰਾਂ ਨੇ ਜ਼ਰੂਰੀ ਮੀਟਿੰਗ ਕੀਤੀ, ਜਿਸ ਵਿੱਚ 21 ਫਰਵਰੀ, 1915 ਨੂੰ ਬਗਾਵਤ ਕਰਨ ਦਾ ਦਿਨ ਮਿੱਥਿਆ ਗਿਅਾ। ਛਾਉਣੀਆਂ ਵਿੱਚੋਂ ਬਗ਼ਾਵਤ ਸ਼ੁਰੂ ਕਰ ਕੇ, ਉੱਥੋਂ ਹਥਿਆਰ ਲੁੱਟਣ, ਉਨ੍ਹਾਂ ਨੂੰ ਆਮ ਜਨਤਾ ਵਿੱਚ ਵੰਡ ਕੇ ਲੋਕਾਂ ਦੇ ਜਥੇ ਬਣਾਉਣ, ਪੁਲਿਸ ਉੱਪਰ ਹਮਲੇ ਕਰਕੇ ਹਥਿਆਰ ਲੁੱਟਣ, ਜੇਲ੍ਹਾਂ ਉੱਤੇ ਹੱਲਾ ਬੋਲਣ ਅਤੇ ਸਾਰੇ ਕੈਦੀਆਂ ਨੂੰ ਆਜ਼ਾਦ ਕਰਵਾਉਣ ਦੀ ਯੋਜਨਾ ਬਣਾਈ ਗਈ। ਅਖੀਰ ਮੁੱਖ ਸ਼ਹਿਰਾਂ ਉੱਤੇ ਕਬਜ਼ੇ ਕਰਨ ਦੀ ਯੋਜਨਾ ਉਲੀਕੀ ਗਈ। ਵੱਖ-ਵੱਖ ਥਾਵਾਂ ਤੇ ਬਗਾਵਤ ਦੀਆਂ ਚੰਗੀਆਂ ਤਿਆਰੀਆਂ ਕੀਤੀਆਂ ਗਈਆਂ ਸਨ।
ਕਿਰਪਾਲ ਸਿੰਘ ਦਾ ਪਾਰਟੀ ਨੂੰ ਧੋਖਾ ਦੇਣਾ, ਪਾਰਟੀ ਮੈਂਬਰਾਂ ਅਤੇ ਕਰਤਾਰ ਸਿੰਘ ਸਰਾਭਾ ਦੀ ਗ੍ਰਿਫ਼ਤਾਰੀ ਅਤੇ ਮੁਕੱਦਮਾ :
ਅੰਗਰੇਜ਼ ਸਰਕਾਰ ਨੂੰ ਪਹਿਲਾਂ ਤੋਂ ਹੀ ਇਸ ਗੱਲ ਦੀ ਸੂਹ ਸੀ ਕਿ ਗ਼ਦਰ ਪਾਰਟੀ ਬਗਾਵਤ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਇੱਕ ਖ਼ਬਰੀ ਬੰਦਾ, ਕਿਰਪਾਲ ਸਿੰਘ ਗ਼ਦਰ ਪਾਰਟੀ ਦੇ ਮੈਂਬਰਾਂ ਨਾਲ ਸ਼ਾਮਲ ਕਰਵਾ ਲਿਆ ਸੀ, ਜਿਸ ਨੇ ਸਰਕਾਰ ਨੂੰ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਅਤੇ ਬਗ਼ਾਵਤ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ। ਸਰਕਾਰ ਨੇ ਵੀ 21 ਫਰਵਰੀ ਨੂੰ ਹੀ ਸਾਰੇ ਗ਼ਦਰੀਆਂ ਨੂੰ ਇਕੱਠੇ ਪਕੜਨ ਦਾ ਫੈ਼ਸਲਾ ਕੀਤਾ। ਪਾਰਟੀ ਮੈਂਬਰਾਂ ਨੂੰ ਕਿਰਪਾਲ ਸਿੰਘ ਦੀ ਇਸ ਹਰਕਤ ਬਾਰੇ ਜਾਣਕਾਰੀ ਮਿਲ ਗਈ। ਉਨ੍ਹਾਂ ਨੇ ਗੁਪਤ ਰੂਪ ਵਿੱਚ ਹੀ ਬਗਾਵਤ ਦਾ ਦਿਨ 21 ਤੋਂ 19 ਫਰਵਰੀ ਕਰ ਦਿੱਤਾ ਅਤੇ ਕਿਰਪਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਵੀ ਕਰ ਲਿਆ। ਛਾਤਰ ਹੋਣ ਕਰਕੇ ਕਿਰਪਾਲ ਸਿੰਘ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਅਤੇ ਉਸ ਨੇ ਪੁਲਿਸ ਨੂੰ ਇਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਅਤੇ ਆਪ ਬੱਚ ਕੇ ਭੱਜ ਗਿਆ। ਸਿੱਟੇ ਵਜੋਂ ਸਰਕਾਰ ਨੇ 19 ਫਰਵਰੀ ਨੂੰ ਬਗ਼ਾਵਤ ਨੂੰ ਅਸਫ਼ਲ ਕਰਨ ਲਈ ਪਾਰਟੀ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਭਾਵੇਂ ਕਾਫੀ ਮੈਂਬਰ ਭੱਜਣ ਵਿੱਚ ਸਫ਼ਲ ਹੋ ਗਏ ਹੋਣ ਪਰ ਪੁਲਿਸ ਨੇ ਹੌਲ਼ੀ-ਹੌਲ਼ੀ ਬਾਕੀ ਮੈਂਬਰਾਂ ਦੀਆਂ ਗ੍ਰਿਫ਼ਤਾਰੀਆਂ ਵੀ ਕਰ ਲਈਆਂ। ਉਨ੍ਹਾਂ ਉੱਪਰ ਮੁਕੱਦਮਾ ਚਲਾਇਆ ਗਿਆ। ਸਰਕਾਰ ਨੇ ਗ਼ਦਰ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਸਬੰਧੀ ਸਬੂਤ ਪੇਸ਼ ਕੀਤੇ ਗਏ। ਭਾਵੇਂ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੇ ਆਪਣਾ ਛਾਉਣੀਆਂ ਵਿੱਚ ਜਾਣ ਦਾ ਮਕਸਦ ਕੁਝ ਹੋਰ ਦੱਸਿਆ ਤਾਂ ਜੋ ਛਾਉਣੀਆਂ ਵਿਚਲੇ ਗ਼ਦਰੀ ਵੀਰਾਂ ਉੱਪਰ ਸੰਕਟ ਨਾ ਅਾਵੇ ਪਰ ਫਿਰ ਵੀ ਉਨ੍ਹਾਂ ਨੇ ਕਿਸੇ ਗੱਲ ਨੂੰ ਨਾ ਮੰਨਣ ਤੋਂ ਇਨਕਾਰ ਨਾ ਕੀਤਾ।
ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ :
ਚਾਰ ਮਹੀਨਿਆਂ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ 13 ਸਤੰਬਰ ਨੂੰ ਮੁਕੱਦਮੇ ਦਾ ਫੈ਼ਸਲਾ ਸੁਣਾਇਆ ਗਿਆ। ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਅਤੇ ਹੋਰ ਪੰਜ ਮੈਂਬਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਦੋ ਮਹੀਨੇ ਜੇਲ੍ਹ ਵਿੱਚ ਰੱਖਿਆ ਗਿਅਾ। 16 ਨਵੰਬਰ, 1916 ਇਨ੍ਹਾਂ ਸੂਰਮਿਆਂ ਨੂੰ ਫ਼ਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ *ਕਰਤਾਰ ਸਿੰਘ ਸਰਾਭਾ* 19 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਜ਼ੁਲਮ ਦਾ ਨਾਸ਼ ਕਰਨ ਅਤੇ ਦੇਸ਼ ਨੂੰ ਜ਼ਾਲਮਾਂ ਤੋਂ ਅਜ਼ਾਦ ਕਰਵਾਉਣ ਲਈ ਬਹੁਤ ਵੱਡੇ ਅਤੇ ਮਹੱਤਵਪੂਰਨ ਕੰਮ ਕਰ ਗਿਆ ਅਤੇ ਆਪਣੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਸਦਕਾ ਗਦਰ ਲਹਿਰ ਦੀਆਂ ਨੀਹਾਂ ਦੇ ਥੰਮ ਨੂੰ ਹੋਰ ਮਜ਼ਬੂਤ ਕਰ ਗਿਆ, ਜਿਸ ਸਦਕਾ ਦੇਸ਼ ਅੰਗਰੇਜ਼ ਰਾਜ ਦੀ ਹਕੂਮਤ ਤੋਂ ਜਲਦ ਮੁਕਤ ਹੋ ਸਕਿਆ।
ਸਿੱਖਿਆ :
ਕਰਤਾਰ ਸਿੰਘ ਸਰਾਭਾ ਦੀ ਛੋਟੀ ਜਿਹੀ ਉਮਰ ਵਿੱਚ ਲਾਸਾਨੀ ਸ਼ਹਾਦਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵੱਡੇ ਅਤੇ ਕ੍ਰਾਂਤੀਕਾਰੀ ਕੰਮ ਕਰਨ ਲਈ ਸਾਧਨ ਅਤੇ ਮੌਕਿਆਂ ਦੀ ਜ਼ਰੂਰਤ ਨਹੀਂ ਹੁੰਦੀ, ਸਗੋਂ ਆਪਣੇ ਗੁਰੂ ਸਾਹਿਬ 'ਤੇ ਭਰੋਸੇ ਦੀ ਜ਼ਰੂਰਤ ਹੁੰਦੀ ਹੈ, ਜਿਸ ਸਦਕਾ ਸਾਡੇ ਵਿੱਚ ਆਤਮ-ਵਿਸ਼ਵਾਸ, ਇਕਾਗਰਤਾ ਅਤੇ ਹਿੰਮਤ ਆਦਿ ਅਨੇਕਾਂ ਗੁਣ ਆ ਜਾਂਦੇ ਹਨ, ਜਿਨ੍ਹਾਂ ਸਦਕਾ ਅਸੀਂ ਵੱਡੇ ਤੋਂ ਵੱਡਾ ਕਾਰਜ ਵੀ ਫ਼ਤਹਿ ਕਰ ਸਕਦੇ ਹਾਂ। ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦੀ ਸਖ਼ਤ ਮਿਹਨਤ ਅਤੇ ਲਾਸਾਨੀ ਸ਼ਹਾਦਤ ਨੇ ਦੇਸ਼ ਦੀ ਅਜ਼ਾਦੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰ ਦਿੱਤਾ।
ਹਵਾਲਾ ਪੁਸਤਕਾਂ :
1. ਤੂਫ਼ਾਨਾਂ ਦਾ ਸ਼ਾਹ ਅਸਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ (ਲੇਖਕ: ਅਜਮੇਰ ਸਿੰਘ)
2. ਸਿੱਖ ਹਿਸਟਰੀ ਕਾਰਡ ਭਾਗ-1 (ਡਾ. ਵਰਿੰਦਰਪਾਲ ਸਿੰਘ) ਪ੍ਰਕਾਸ਼ਕ: ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ, ਲੁਧਿਆਣਾ
ਇਹ ਜਾਣਕਾਰੀ ਸਾਜ਼ੀ ਕਰਨ ਲਈ ਅਸੀਂ ਧੰਨਵਾਦੀ ਹਾਂ;
ਜੀਵੀਏ ਗੁਰਬਾਣੀ ਨਾਲ ਲਹਿਰ
ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ
+91-82880-10531/32
99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022