ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਸਰਦਾਰ ਸੋਹੀ

ਅਦਾਕਾਰ ਸਰਦਾਰ ਸੋਹੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਅਤੇ ਇਕ ਸੰਪੂਰਨ ਅਦਾਕਾਰ ਹੈ।

ਉਨਾਂ ਵਲੋਂ ਵੱਖ-ਵੱਖ ਫ਼ਿਲਮਾਂ ਵਿਚ ਨਿਭਾਏ ਗਏ ਵੰਨ-ਸਵੰਨੇ ਕਿਰਦਾਰ ਉਨਾਂ ਦੇ ਅੰਦਰਲੇ ਪ੍ਰਪੱਕ ਅਤੇ ਸਮਰੱਥ ਕਲਾਕਾਰ ਹੋਣ ਦੀ ਗਵਾਹੀ ਭਰਦੇ ਹਨ।ਉਹ ਕਈ ਖੂਬੀਆਂ ਦਾ ਮਾਲਕ ਹੈ।ਰੋਅਬ ਵਾਲਾ ਚਿਹਰਾ ਤੇ ਗੜਕਵੀਂ ਆਵਾਜ਼ ਉਸਦੀ ਵਿਲੱਖਣ ਪਛਾਣ ਹੈ। ਪਿਛੋਕੜ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਸਕੂਲ ਦੀ ਸਟੇਜ ਤੋਂ ਅਦਾਕਾਰੀ ਦੇ ਰਾਹ ਚੱਲਣ ਵਾਲਾ ਸਰਦਾਰ ਸੋਹੀ ਰੰਗਮੰਚ ਤੋਂ ਅਦਾਕਾਰੀ ਦੀ ਗੁੜ੍ਹਤੀ ਲੈ ਕੇ ਸਿਨਮੇ ਵੱਲ ਅਹੁਲਿਆ ਅਦਾਕਾਰ ਹੈ ਜਿਸ ਨੇ ਪੰਜਾਬੀ ਰੰਗਮੰਚ ਦੀ ਪ੍ਰਸਿੱਧ ਹਸਤੀ ਮਰਹੂਮ ਹਰਪਾਲ ਟਿਵਾਣਾ ਦੀ ਰਹਿਨੁਮਾਈ ਹੇਠ ਬਹੁਤ ਸਮਾਂ ਨਾਟਕ ਖੇਡੇ ਅਤੇ ਅਦਾਕਾਰੀ ਦੇ ਗੁਰ ਸਿੱਖੇ। ਇਥੇ ਹੀ ਸਿਨਮਾ ਪ੍ਰਤੀ ਆਪਣੇ ਅਥਾਹ ਲਗਾਓ ਅਤੇ ਹੋਰ ਅੱਗ ਵੱਧਣ ਦੀ ਇੱਛਾ ਨਾਲ ਉਹ ਬੰਬਈ ਚਲੇ ਗਏ ਜਿਥੇ ਨਾਮੀ ਨਿਰਮਾਤਾ-ਨਿਰਦੇਸ਼ਕਾਂ ਨਾਲ ਕੰਮ ਕਰਦਿਆਂ ਉਨਾਂ ਵਲੋਂ ਕੁਝ ਫ਼ਿਲਮਾਂ ਤੇ ਟੈਲੀਵਿਜ਼ਨ ਲੜੀਵਾਰ ਵੀ ਕੀਤੇ ਗਏ।ਇਸ ਦੇ ਨਾਲ ਹੀ ਸੋਹੀ ਨੇ ਗੁਲਜ਼ਾਰ ਦੇ ਮਿਰਜ਼ਾ ਗਾਲਿਬ, ਮੁਨਸ਼ੀ ਪ੍ਰੇਮ ਚੰਦ ਕੀ ਕਹਾਣੀਆਂ ਤੇ ਕੈਂਪਸ ਸੀਰੀਅਲ ਵੀ ਕੀਤੇ। ਉਹ ਹਰ ਤਰ੍ਹਾਂ ਦਾ ਰੋਲ ਬਾਖੂਬੀ ਨਿਭਾਅ ਜਾਂਦਾ ਹੈ। ਇੰਜ ਲੱਗਦਾ ਹੁੰਦਾ ਹੈ ਕਿ ਇਹ ਕਿਰਦਾਰ ਬਣਿਆ ਹੀ ਸਰਦਾਰ ਸੋਹੀ ਲਈ ਹੋਵੇ।‘ਲੌਂਗ ਦਾ ਲਿਸ਼ਕਾਰਾ’, ‘ਹਵਾਏਂ’, ‘ਕਾਫਲਾ’, ‘ਦੀਵਾ ਬਲੇ ਸਾਰੀ ਰਾਤ’ , ‘ਮੇਲਾ’,’ਜਿਹਨੇ ਮੇਰਾ ਦਿਲ ਲੁੱਟਿਆ’,’ਦਿ ਬਲੱਡ ਸਟਰੀਟ’, ‘ਅੰਗਰੇਜ਼’, ‘ਅਰਦਾਸ’, ‘25 ਕਿੱਲੇ’ 'ਸਰਦਾਰ ਸਾਹਿਬ', ‘ਤੂਫਾਨ ਸਿੰਘ’ 'ਦੁੱਲਾ ਭੱਟੀ', ‘ਜੱਜ ਸਿੰਘ ਐੱਲ.ਐੱਲ.ਬੀ’, ‘ਦਾਰਾ’, 'ਬੰਬੂਕਾਟ' ‘ਜ਼ੋਰਾ 10 ਨੰਬਰੀਆ’, ‘ਡੰਗਰ ਡਾਕਟਰ ਜੈਲੀ’ 'ਖੇਲ ਤਕਦੀਰਾਂ ਦੇ , ਲੱਗਦਾ ਇਸ਼ਕ ਹੋ ਗਿਆ, ਜੀਂਹਨੇ ਮੇਰਾ ਦਿਲ ਲੁੱਟਿਆ, ਜੱਟ ਜੇਮਸ਼ ਬਾਂਡ,ਕੈਰੀ ਆਨ ਜੱਟਾ, ਸਾਬ ਬਹਾਦਰ, ਦੁੱਲਾ ਭੱਟੀ,ਨਿੱਕਾ ਜੈਲਦਾਰ-2, ਸੁਬੇਦਾਰ ਜੋਗਿੰਦਰ ਸਿੰਘ, ਕੌਮ ਦੇ ਹੀਰੇ, ਮੋਟਰ ਮਿੱਤਰਾਂ ਦੀ, ਬਲੱਡ ਸਟਰੀਟ, ਅਰਦਾਸ ਕਰਾਂ, ਨਿੱਕਾ ਜੈਲਦਾਰ-3 ਆਦਿ ਦਰਜਨਾਂ ਪੰਜਾਬੀ ਫ਼ਿਲਮਾਂ ਵਿੱਚ ਯਾਦਗਰੀ ਕਿਰਦਾਰ ਨਿਭਾਅ ਚੁੱਕੇ ਹਨ।ਇਨਾਂ ਫਿਲਮਾਂ ਦੀ ਸ਼੍ਰੇਣੀ ‘ਚ ਹਾਲ ਹੀ ‘ਚ ਇਕ ਹੋਰ ਖੂਬਸੂਰਤ ਫਿਲਮ 'ਨਾਨਕਾ ਮੇਲ' ਦਾ ਨਾਂਅ ਵੀ ਸ਼ਾਮਿਲ ਹੋਣ ਜਾ ਰਿਹਾ ਹੈ। ਇਹ ਫ਼ਿਲਮ ਪੰਜਾਬ ਦੇ ਕਲਚਰ ਅਤੇ ਸਮਾਜਿਕ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਹੈ ਜੋ ਪਰਿਵਾਰਕ ਸਾਂਝਾਂ ਨੂੰ ਮਜਬੂਤ ਕਰਨ ਵਾਲੀ ਪੰਜਾਬ ਦੇ ਪੁਰਾਤਨ ਕਲਚਰ ਰੀਤੀ ਰਿਵਾਜ਼ਾਂ ਦੀ ਬੇਹਤਰੀਨ ਪੇਸ਼ਕਾਰੀ ਹੋਵੇਗੀ।ਇਸ ਫ਼ਿਲਮ ਦੀ ਕਹਾਣੀ ਪ੍ਰਿੰਸ਼ ਕੰਵਲਜੀਤ ਸਿੰਘ ਨੇ ਲਿਖੀ ਹੈ। ਇਸ ਵਿੱਚ ਸਰਦਾਰ ਸੋਹੀ ਨੇ ਨਾਨਕੇ ਪਰਿਵਾਰ ਦੇ ਮੁਖੀ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਦਰਸ਼ਕ ਉਸਦੀ ਤੇ ਹੌਬੀ ਧਾਲੀਵਾਲ ਦੀ ਫਿਲਮੀ ਤਕਰਾਰ ਤੇ ਸੰਵਾਦ ਰਚਨਾ ਤੋਂ ਬੇਹੱਦ ਪ੍ਰਭਾਵਤ ਹੋਣਗੇ।ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ ਅਤੇ ਰੂਬੀਨਾ ਬਾਜਵਾ ਦੀ ਜੋੜੀ ਰੁਮਾਂਟਿਕ ਤੋਂ ਇਲਾਵਾ ਸਰਦਾਰ ਸੋਹੀ,ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ,ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਪ੍ਰਿੰਸ਼ ਕੇ ਜੇ ਸਿੰਘ ਵਿਜੇ ਟੰਡਨ, ਸਿਮਰਨ ਸਹਿਜਪਾਲ, ਹਰਿੰਦਰ ਭੁੱਲਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਅਤੇ ਪ੍ਰਿੰਸ਼ ਕੰਵਲਜੀਤ ਸਿੰਘ ਨੇ ਦਿੱਤਾ ਹੈ। ਸਰਦਾਰ ਸੋਹੀ ਦਾ ਕਹਿਣਾ ਹੈ ਕਿ ਚਿਰਾਂ ਬਾਅਦ ਇਸ ਫ਼ਿਲਮ 'ਨਾਨਕਾ ਮੇਲ' ਵਿੱਚ ਇੱਕ ਵਧੀਆ ਕਿਰਦਾਰ ਨਿਭਾਉਣ ਦਾ ਮੌਕਾ ਮਿਿਲਆ ਹੈ। ਇਹ ਵੀ ਉਸਦੀ ਜਿੰਦਗੀ ਦੀ ਇੱਕ ਬੇਹਰੀਨ ਫ਼ਿਲਮ ਹੈ,ਸਰਦਾਰ ਸੋਹੀ ਦਾ ਸਫ਼ਰ ਜਾਰੀ ਹੈ। ਉਸਨੂੰ ਚੰਗੀ ਅਦਾਕਾਰੀ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਬੇਹਤਰੀਨ ਅਦਾਕਾਰੀ ਬਦਲੇ ਵਿਸ਼ੇਸ ਐਵਾਰਡ ਵੀ ਮਿਲੇ। ਸਿਨਮੇ ਹਾਲ ਵਿੱਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਸਦੇ ਅਸਲ ਐਵਾਰਡ ਹੁੰਦੇ ਹਨ। ਭਵਿੱਖ ਵਿੱਚ ਵੀ ਸਰਦਾਰ ਸੋਹੀ ਦੀ ਸਰਦਾਰੀ ਕਾਇਮ ਹੈ। ਦਰਸ਼ਕ ਕਈ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇ ਵੱਖ ਵੱਖ ਰੰਗਾਂ ਦਾ ਆਨੰਦ ਮਾਨਣਗੇ।

ਹਰਜਿੰਦਰ ਸਿੰਘ ਜਵੰਦਾ