ਅੰਮ੍ਰਿਤਸਰ, 14 ਜਨਵਰੀ : ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਿਚ ਜਲਦੀ ਹੀ ਐੱਲਪੀਜੀ ਗੈਸ ਸਿਲੰਡਰ ਦੀ ਥਾਂ ਹੁਣ ਪਾਈਪ ਸਪਲਾਈ ਰਾਹੀਂ ਸੀਐੱਨਜੀ (ਕੰਪਰੈਸਡ ਨੈਚੁਰਲ ਗੈਸ) ਮਿਲਣੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਗੁਰੂ ਘਰ ਵਿਚੋਂ ਪ੍ਰਦੂਸ਼ਣ ਹੋਰ ਘਟੇਗਾ। ਇਹ ਯੋਜਨਾ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਹੇਠ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਗੁਜਰਾਤ ਰਾਜ ਪੈਟਰੋਲੀਅਮ ਨਿਗਮ ਵਲੋਂ ਇਸ ਸ਼ਹਿਰ ਵਿਚ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਲਗਪਗ 13 ਕਿਲੋਮੀਟਰ ਖੇਤਰ ਵਿਚ ਸੀਐੱਨਜੀ ਗੈਸ ਪਾਈਪ ਲਾਈਨ ਵਿਛਾਉਣ ਦਾ ਟੀਚਾ ਹੈ ਜਿਸ ਵਿਚੋਂ 50 ਫੀਸਦ ਕੰਮ ਮੁਕੰਮਲ ਹੋ ਚੁੱਕਾ ਹੈ। ਹਰਿਮੰਦਰ ਸਾਹਿਬ ਦੇ ਲੰਗਰ ਘਰ ਤਕ ਪਾਈਪ ਲਾਈਨ ਵਿਛਾਉਣ ਦਾ ਕੰਮ ਲਗਪਗ ਖਤਮ ਹੋਣ ਕੰਢੇ ਹੈ। ਯੋਜਨਾ ਤਹਿਤ ਮਾਰਚ ਮਹੀਨੇ ਤਕ ਲੰਗਰ ਘਰ ਵਿਚ ਪਾਈਪ ਲਾਈਨ ਰਾਹੀਂ ਸੀਐਨਜੀ ਗੈਸ ਉਪਲਬਧ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਹਰਿਮੰਦਰ ਸਾਹਿਬ ਵਿਚ ਰੋਜ਼ਾਨਾ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ ਅਤੇ ਗੁਰਪੁਰਬ ਤੇ ਹੋਰ ਦਿਨਾਂ ਵਿਚ ਸ਼ਰਧਾਲੂਆਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਇਥੇ ਆਉਣ ਵਾਲੇ ਸ਼ਰਧਾਲੂਆਂ ਵਿਚੋਂ 60 ਫੀਸਦ ਤੋਂ ਵਧੇਰੇ ਲੰਗਰ ਵੀ ਛਕਦੇ ਹਨ, ਜਿਸ ਨੂੰ ਤਿਆਰ ਕਰਨ ਵਾਸਤੇ ਰੋਜ਼ਾਨਾ ਸੌ ਐੱਲਪੀਜੀ ਗੈਸ ਸਿਲੰਡਰ ਲਗਦੇ ਹਨ। ਇਸ ਤੋਂ ਇਲਾਵਾ ਲੱਕੜ ਦਾ ਬਾਲਣ ਵੀ ਵਰਤਿਆ ਜਾਂਦਾ ਹੈ ਜਿਸ ਨਾਲ ਪ੍ਰਦੂਸ਼ਣ ਵਧਦਾ ਹੈ। ਦੱਸਣਯੋਗ ਹੈ ਕਿ ਸੀਐਨਜੀ ਗੈਸ ਦੀ ਪ੍ਰਮੁੱਖ ਸਪਲਾਈ ਲਾਈਨ ਬਠਿੰਡਾ, ਲੁਧਿਆਣਾ ਅਤੇ ਜਲੰਧਰ ਤਕ ਪੁੱਜੇਗੀ। ਅੰਮ੍ਰਿਤਸਰ ਸ਼ਹਿਰ ਵਿਚ ਪਹਿਲੇ ਪੜਾਅ ਹੇਠ ਲਗਪਗ 25 ਹਜ਼ਾਰ ਘਰਾਂ ਨੂੰ ਸੀਐੱਨਜੀ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਗੈਸ ਸਟੇਸ਼ਨ ਵੀ ਸਥਾਪਤ ਹੋਣਗੇ, ਜਿਸ ਨਾਲ ਸੀਐੱਨਜੀ ਰਾਹੀਂ ਚੱਲਣ ਵਾਲੇ ਵਾਹਨਾਂ ਨੂੰ ਗੈਸ ਸਪਲਾਈ ਮਿਲ ਸਕੇਗੀ।