You are here

ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਕਈ ਥਾਵਾਂ ’ਤੇ ‘ਬੇਹੱਦ ਗੰਭੀਰ’

ਤਿੰਨ ਰਾਜਾਂ ਦੇ ਮੁੱਖ ਸਕੱਤਰ ਚੌਵੀ ਘੰਟੇ ਸਥਿਤੀ ਤੇ ਨਜ਼ਰ ਰੱਖਣਗੇ-ਪ੍ਰਿੰਸੀਪਲ ਸਕੱਤਰ ਪੀ.ਕੇ. ਮਿਸ਼ਰਾ

ਨਵੀਂ ਦਿੱਲੀ, ਨਵੰਬਰ 2019-(ਏਜੰਸੀ)  
ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਪ੍ਰਦੂਸ਼ਣ ਐਤਵਾਰ ਸਵੇਰੇ ਮੁੜ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਤੇ ਹਵਾ ਦੀ ਗੁਣਵੱਤਾ ਕਈ ਥਾਵਾਂ ’ਤੇ ‘ਬੇਹੱਦ ਗੰਭੀਰ’ ਮਾਪੀ ਗਈ ਹੈ।’ ਹਾਲਤ ਮਾੜੀ ਹੋਣ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਦਫ਼ਤਰ ਨੇ ਦਖ਼ਲ ਦਿੰਦਿਆਂ ਦਿੱਲੀ, ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ ਹੈ। ਪ੍ਰਿੰਸੀਪਲ ਸਕੱਤਰ ਪੀ.ਕੇ. ਮਿਸ਼ਰਾ ਨੇ ਕਿਹਾ ਕਿ ਤਿੰਨ ਰਾਜਾਂ ਦੇ ਮੁੱਖ ਸਕੱਤਰ ਚੌਵੀ ਘੰਟੇ ਸਥਿਤੀ ਤੇ ਨਜ਼ਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਵੀ ਮੁੱਖ ਸਕੱਤਰਾਂ ਨਾਲ ਇਸ ਮਾਮਲੇ ’ਤੇ ਤਾਲਮੇਲ ਰੱਖੇਗਾ। ਕਰੀਬ 300 ਟੀਮਾਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਰਾਜਾਂ ਨੂੰ ਸਮੱਸਿਆ ਨਾਲ
ਨਜਿੱਠਣ ਲਈ ਢੁੱਕਵੀਂ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਤੌਰ ’ਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ’ਚ ਸਥਿਤ ਸੱਤ ਸਨਅਤੀ ਕਲੱਸਟਰਾਂ ਅਤੇ ਵੱਡੇ ਟਰੈਫ਼ਿਕ ਲਾਂਘਿਆਂ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤੀ ਇਕਾਈਆਂ, ਕੂੜਾ ਸਾੜਨ ਤੇ ਉਸਾਰੀਆਂ ਉੱਤੇ ਵੀ ਨਜ਼ਰ ਰੱਖ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੀ ਮੀਟਿੰਗ ਵਿਚ ਖੇਤੀਬਾੜੀ, ਵਾਤਾਵਰਨ, ਜੰਗਲਾਤ, ਮੌਸਮੀ ਤਬਦੀਲੀ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਸ਼ਨਿਚਰਵਾਰ ਨੂੰ ਹਵਾ ਦੀ ਰਫ਼ਤਾਰ ’ਚ ਹਲਕੇ ਵਾਧੇ ਤੇ ਹਲਕੀ ਬੂੰਦਾ-ਬਾਂਦੀ ਨਾਲ ਪ੍ਰਦੂਸ਼ਣ ਦੇ ਪੱਧਰ ’ਚ ਕੁਝ ਕਮੀ ਆਈ ਸੀ ਤੇ ਸ਼ਾਮ ਤੱਕ ਹਵਾ ਦੀ ਗੁਣਵੱਤਾ ਦਾ ਪੱਧਰ 399 ਮਾਪਿਆ ਗਿਆ ਸੀ। ਮੌਸਮ ਮਾਹਿਰਾਂ ਨੇ ਦੱਸਿਆ ਕਿ ਰਾਤੋ-ਰਾਤ ਹਲਕੀ ਹਵਾ ਚੱਲਣ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਤੱਤ ਘੁਲ-ਮਿਲ ਗਏ ਤੇ ਦਿਨ ਵਿਚ 11 ਵਜੇ ਦਿੱਲੀ ’ਚ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 483 ਨੂੰ ਅੱਪੜ ਗਿਆ। ਦਿੱਲੀ ਦੇ ਪੂਸਾ, ਬਵਾਨਾ, ਆਨੰਦ ਵਿਹਾਰ, ਅਸ਼ੋਕ ਵਿਹਾਰ, ਮੁੰਦਕਾ, ਪੰਜਾਬੀ ਬਾਗ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ 490 ਤੇ 500 ਦਰਮਿਆਨ ਮਾਪੀ ਗਈ ਹੈ। ਨੋਇਡਾ, ਗਾਜ਼ੀਆਬਾਦ, ਗ੍ਰੇਟਰ ਨੋਇਡਾ ਤੇ ਗੁਰੂਗ੍ਰਾਮ ਵਿਚ ਵੀ ਹਾਲਤ ਬੇਹੱਦ ਮਾੜੀ ਹੈ। ਹਰਿਆਣਾ ਸਰਕਾਰ ਨੇ ਵੀ ਭਲਕ ਤੋਂ ਦੋ ਦਿਨਾਂ ਲਈ ਗੁੜਗਾਓਂ ਤੇ ਫਰੀਦਾਬਾਦ ਜ਼ਿਲ੍ਹੇ ਵਿਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 401-500 ਤੱਕ ਗੁਣਵੱਤਾ ਨੂੰ ‘ਗੰਭੀਰ’ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।
ਨਾਸਾ ਵੱਲੋਂ ਜਾਰੀ ਸੈਟੇਲਾਈਟ ਤਸਵੀਰਾਂ ਵਿਚ ਵੀ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬਿਹਾਰ ਦੇ ਕਈ ਹਿੱਸੇ ਧੁਆਂਖੀ ਧੁੰਦ ਵਿਚ ਘਿਰੇ ਨਜ਼ਰ ਆ ਰਹੇ ਹਨ। ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਵਿਚ 7 ਤੇ 8 ਨਵੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੀ ਕੁਝ ਰਾਹਤ ਮਿਲਣ ਦੀ ਆਸ ਹੈ।